ਕਿਹਾ! ਚਾਰ ਡਰੇਨਾਂ ਦੀ ਸਫ਼ਾਈ ਦਾ ਕੰਮ ਹੜ੍ਹ ਸੀਜ਼ਨ ਤੋਂ ਪਹਿਲਾਂ ਪਹਿਲਾਂ ਹੋਵੇਗਾ ਮੁਕੰਮਲ
– ਪੰਜਾਬ ਸਰਕਾਰ ਵੱਲੋਂ 1.5 ਕਰੋੜ ਰੁਪਏ ਦੀ ਰਾਸ਼ੀ ਜਾਰੀ
ਧਰਮਕੋਟ/ਮੋਗਾ, 16 ਮਈ (ਜਗਰਾਜ ਸਿੰਘ ਗਿੱਲ) – ਅਗਾਮੀ ਸੰਭਾਵੀ ਹੜ੍ਹ ਵਰਗੀ ਸਥਿਤੀ ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਹੜ੍ਹ ਰੋਕੂ ਪ੍ਰਬੰਧ ਹੁਣੇ ਤੋਂ ਸ਼ੁਰੂ ਕਰ ਦਿੱਤੇ ਗਏ ਹਨ ਤਾਂ ਜੋ ਸਮਾਂ ਰਹਿੰਦੇ ਇਹ ਮੁਕੰਮਲ ਕਰ ਲਏ ਜਾਣ। ਇਹਨਾਂ ਪ੍ਰਬੰਧਾਂ ਦਾ ਅੱਜ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਖੁਦ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨਾਲ ਐੱਸ ਡੀ ਐੱਮ ਸ਼੍ਰੀਮਤੀ ਚਾਰੂਮਿਤਾ, ਜ਼ਿਲ੍ਹਾ ਮਾਲ ਅਫ਼ਸਰ ਸ੍ਰ ਅਜੀਤਪਾਲ ਸਿੰਘ, ਕਾਰਜਕਾਰੀ ਇੰਜੀਨੀਅਰ ਮਾਈਨਿੰਗ ਸ਼੍ਰੀ ਗਿਤੇਸ਼ ਉਪਵੇਜਾ, ਐੱਸ ਐੱਚ ਓ ਸ੍ਰ ਗੁਰਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
ਪਿੰਡ ਮੰਝਲੀ (ਫਾਇਵ ਐਲ) ਅਤੇ ਭੈਣੀ ਵਾਲੇ (ਗਿੱਦੜਪਿੰਡੀ) ਬੰਨ੍ਹ ਸਮੇਤ ਹੋਰ ਕਈ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕਰਨ ਮੌਕੇ ਇਲਾਕੇ ਦੇ ਲੋਕਾਂ ਨੂੰ ਭਰੋਸਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਸੰਭਾਵੀ ਹੜ੍ਹ ਵਰਗੀ ਸਥਿਤੀ ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਹੁਣੇ ਤੋਂ ਹੀ ਪੱਬਾਂ ਭਾਰ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਲੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੋਗਾ ਵਿੱਚ ਪੈਂਦੀਆਂ ਚਾਰ ਡਰੇਨਾਂ ਚੰਦ ਭਾਨ, ਦੌਧਰ, ਬਾਸੀਆਂ ਅਤੇ ਬੱਧਣੀ ਡਰੇਨਾਂ ਨੂੰ ਸਾਫ਼ ਕਰਨ ਦਾ ਕੰਮ ਇਕ ਹਫ਼ਤੇ ਵਿੱਚ ਸ਼ੁਰੂ ਹੋਵੇਗਾ ਜੋ ਕਿ ਸਵਾ ਮਹੀਨੇ ਭਾਵ 30 ਜੂਨ ਤੋਂ ਪਹਿਲਾਂ ਪਹਿਲਾਂ ਮੁਕੰਮਲ ਕੀਤਾ ਜਾਵੇਗਾ। ਪੰਜਾਬ ਵਿੱਚ ਹੜ੍ਹ ਸੀਜ਼ਨ 1 ਜੁਲਾਈ ਤੋਂ ਬਾਅਦ ਸ਼ੁਰੂ ਹੁੰਦਾ ਹੈ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਸਤਲੁਜ ਦਰਿਆ ਕਰੀਬ 31 ਕਿਲੋ ਮੀਟਰ ਲੰਬਾਈ ਪੈਂਦੀ ਹੈ। ਦਰਿਆ ਦੇ ਕਿਨਾਰਿਆਂ ਦੀ ਮਜ਼ਬੂਤੀ ਅਤੇ ਅਤੇ ਡਰੇਨਾਂ ਦੀ ਸਫ਼ਾਈ ਲਈ ਪੰਜਾਬ ਸਰਕਾਰ ਵੱਲੋਂ 1.5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਦਰਿਆ ਦਾ ਬੰਨ੍ਹ ਮਜ਼ਬੂਤ ਕਰਨ ਲਈ ਵੱਡੀ ਗਿਣਤੀ ਵਿੱਚ ਪੱਥਰ ਅਤੇ ਮਿੱਟੀ ਦੀਆਂ ਬੋਰੀਆਂ ਦੀ ਵਰਤੋਂ ਕੀਤੀ ਜਾਵੇਗੀ। ਜਿਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਵਿੱਚ ਮੁੱਖ ਤਿੰਨ ਬੰਨ੍ਹ ਪੈਂਦੇ ਹਨ, ਪ੍ਰਸ਼ਾਸ਼ਨ ਵੱਲੋਂ ਇਹਨਾਂ ਤਿੰਨਾਂ ਦੀ ਤਿੱਖੀ ਨਜ਼ਰਸਾਨੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਖੇਤਰ ਵਿੱਚ ਸਾਲ 2019 ਵਿੱਚ ਹੜ੍ਹ ਵਾਲੀ ਸਥਿਤੀ ਬਣੀ ਸੀ। ਪਰ ਪਿਛਲੇ ਸਾਲ ਨਾਜ਼ੁਕ ਕਿਨਾਰਿਆਂ ਦੀ ਪੁਖ਼ਤਾ ਮੁਰੰਮਤ ਕੀਤੀ ਗਈ ਸੀ। ਇਸ ਕਰਕੇ ਇਸ ਵਾਰ ਹੜ੍ਹ ਵਰਗੀ ਸਥਿਤੀ ਦਾ ਅੰਦੇਸ਼ਾ ਘੱਟ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਜਦੋਂ ਵੀ ਕਿਸੇ ਆਪਾਤਕਾਲੀਨ ਸਥਿਤੀ ਦਾ ਪਤਾ ਲੱਗਦਾ ਹੈ ਤਾਂ ਤੁਰੰਤ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇ।