ਪ੍ਰਸ਼ਾਸ਼ਨ ਨੇ 65 ਸਿਖਿਆਰਥੀਆਂ ਨੂੰ ਮੁਫ਼ਤ ਦਿੱਤੀ ਅਗਨੀਵੀਰ ਪ੍ਰੀਖਿਆ ਦੀ ਸਰੀਰਕ ਤੇ ਲਿਖਤੀ ਪੇਪਰ ਦੀ ਸਿਖਲਾਈ
ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਟ੍ਰੇਨਰਾਂ ਦਾ ਕੀਤਾ ਵਿਸ਼ੇਸ਼ ਸਨਮਾਨ
*ਕਿਹਾ ! ਬੇਰੋਜਗਾਰਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਸਿੱਖਿਆ ਦੇਣੀ, ਇੱਕ ਅਹਿਮ ਤੇ ਵੱਡੀ ਸੇਵਾ*
*ਪ੍ਰਸ਼ਾਸ਼ਨ ਟ੍ਰੇਨਰਾਂ ਦੀ ਟੀਮ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਹਮੇਸ਼ਾ ਤਤਪਰ*
ਮੋਗਾ 6 ਜੁਲਾਈ (ਜਗਰਾਜ ਸਿੰਘ ਗਿੱਲ)
ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਸਹਿਯੋਗ ਨਾਲ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਮੋਗਾ ਵੱਲੋਂ, ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਯਤਨ ਜਾਰੀ ਹਨ।
ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੀ “ਸੰਭਵ” ਪਹਿਲਕਦਮੀ ਨੇ ਅਗਨੀਵੀਰ ਪ੍ਰਾਰਥੀਆਂ ਦਾ ਮਨੋਬਲ ਵਧਾਇਆ ਕਿਉਕਿ ਉਹਨਾਂ ਨੂੰ ਇਸ ਪਹਿਲਕਦਮੀ ਨਾਲ ਮੁਫਤ ਕੋਚਿੰਗ ਮੁੱਹਈਆ ਕਰਵਾਈ ਗਈ। ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਅਗਨੀਵੀਰ ਭਰਤੀ ਲਈ ਰਜਿਸਟਰਡ ਪ੍ਰਾਰਥੀਆਂ ਲਈ ਲਿਖਤੀ ਅਤੇ ਸਰੀਰਿਕ ਟੈਸਟ ਦੀ ਤਿਆਰੀ ਲਈ ਤਹਿਸੀਲ ਪੱਧਰ ਤੇ ਤਿੰਨ ਕੋਚਿੰਗ ਸੈਂਟਰ ਸ਼ੁਰੂ ਕੀਤੇ ਗਏ ਸਨ ਜਿੱਥੇ ਲਗਭਗ 65 ਸਿਖਿਆਰਥੀਆਂ ਨੂੰ ਲਿਖਤੀ ਅਤੇ ਸਰੀਰਕ ਪੇਪਰ ਦੀ ਮੁਫ਼ਤ ਕੋਚਿੰਗ ਮੁੱਹਈਆ ਕਰਵਾਈ ਗਈ। ਤਹਿਸੀਲ ਮੋਗਾ ਦੇ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ, ਤਹਿਸੀਲ ਧਰਮਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ, ਤਹਿਸੀਲ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਇਹ ਕੋਚਿੰਗ ਸੈਂਟਰ ਬਣਾਏ ਗਏ ਸਨ।
ਅੱਜ ਲਿਖਤੀ ਅਤੇ ਸਰੀਰਕ ਪੇਪਰ ਦੀ ਸਿਖਲਾਈ ਮੁਕੰਮਲ ਹੋਣ ਕਰਕੇ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਵੱਲੋਂ ਜਿਹਨਾਂ ਟ੍ਰੇਨਰਾਂ ਨੇ ਮੁਫ਼ਤ ਸੇਵਾਵਾਂ ਦਿੱਤੀਆਂ ਸਨ, ਨੂੰ ਉਚੇਚੇ ਤੌਰ ਤੇ ਸਨਮਾਨਿਤ ਕਰਕੇ ਉਹਨਾਂ ਦੀ ਹੌਂਸਲਾ ਅਫ਼ਜਾਈ ਕੀਤੀ। ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਵੱਲੋਂ ਟ੍ਰੇਨਰਾਂ ਨੂੰ ਅੱਗੇ ਤੋਂ ਵੀ ਅਜਿਹੀਆਂ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ। ਉਹਨਾਂ ਟ੍ਰੇਨਰਾਂ ਨੂੰ ਕਿਹਾ ਕਿ ਕਿਸੇ ਵੀ ਬੇਰੋਜਗਾਰ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਸਿੱਖਿਆ ਦੇਣੀ, ਇੱਕ ਅਹਿਮ ਤੇ ਵੱਡੀ ਸੇਵਾ ਹੈ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੇਰੋਜਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਯਤਨ ਜਾਰੀ ਰਹਿਣਗੇ ਅਤੇ ਪ੍ਰਸ਼ਾਸਨ ਟ੍ਰੇਨਰਾਂ ਦੀ ਟੀਮ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਹਮੇਸ਼ਾ ਤਤਪਰ ਹੈ।
ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫ਼ਸਰ ਸ਼੍ਰੀਮਤੀ ਡਿੰਪਲ ਥਾਪਰ ਵੀ ਮੌਜੂਦ ਸਨ। ਇਸ ਉਪਰਾਲੇ ਲਈ ਜਿਲਾ ਸਿੱਖਿਆ ਦਫਤਰ ਮੋਗਾ ਅਤੇ ਜ਼ਿਲ੍ਹਾ ਖੇਡ ਦਫਤਰ ਮੋਗਾ ਵੀ ਯੋਗਦਾਨ ਰਿਹਾ।