• Wed. Dec 11th, 2024

ਕੋਵਿਡ ਮਰੀਜ਼ਾਂ ਤੋਂ ਵਾਧੂ ਖਰਚਾ ਵਸੂਲਣ ਵਾਲੇ ਪ੍ਰਾਈਵੇਟ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ: ਡਿਪਟੀ ਕਮਿਸ਼ਨਰ

ByJagraj Gill

May 22, 2021

 

 

ਮੋਗਾ, 22 ਮਈ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਵਾਧੂ ਖਰਚਾ ਵਸੂਲ ਕੇ ਫਾਇਦਾ ਚੁੱਕਣ ਵਾਲੇ ਹਸਪਤਾਲਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਜੇਕਰ ਕੋਈ ਹਸਪਤਾਲ ਜਾਂ ਡਾਕਟਰ ਕੋਰੋਨਾ ਵਾਇਰਸ ਤੋਂ ਪੀੜਤ ਮਰੀਜਾਂ ਦਾ ਸ਼ੋਸ਼ਣ ਕਰਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਐਪੀਡੈਮਿਕ ਡਿਸੀਜ਼ ਐਕਟ ਤਹਿਤ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰੇਗਾ। ਸਰਕਾਰ ਕੋਲ ਅਜਿਹੇ ਹਸਪਤਾਲਾਂ ਨੂੰ ਬੰਦ ਕਰਨ ਜਾਂ ਅਪਣੇ ਕੰਟਰੋਲ ਹੇਠ ਲੈਣ ਦਾ ਅਧਿਕਾਰ ਹੈ।

ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਨ੍ਹਾਂ ਵਿੱਚ ਪ੍ਰਾਈਵੇਟ ਹਸਪਤਾਲ ਸਰਕਾਰ ਵੱਲੋਂ ਨਿਰਧਾਰਤ ਕੀਤੇ ਰੇਟਾਂ ਤੋਂ ਵੱਧ ਕੇ ਚਾਰਜ ਲੈ ਕੇ ਮਰੀਜ਼ਾਂ ਨੂੰ ਠੱਗ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਜੇਕਰ ਕੋਈ ਹਸਪਤਾਲ ਅਜਿਹਾ ਕਰਦਾ ਪਾਇਆ ਗਿਆ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਉਹਨਾਂ ਸਪੱਸ਼ਟ ਕੀਤਾ ਕਿ ਸਾਰੇ ਪ੍ਰਾਈਵੇਟ ਹਸਪਤਾਲ ਕਿਸੇ ਵੀ ਮਰੀਜ਼ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਗੇ। ਅਜਿਹਾ ਕਰਨ ਵਾਲੇ ਡਿਫਾਲਟਰ ਹਸਪਤਾਲ ਖਿਲਾਫ ਸਖਤ ਕਾਰਵਾਈ ਕਰਨ ਤੋਂ ਇਲਾਵਾ ਸਰਕਾਰ ਕੋਲ ਕੋਈ ਹੋਰ ਚਾਰਾ ਨਹੀਂ ਬਚੇਗਾ।

ਉਨ੍ਹਾਂ ਕਿਹਾ ਕਿ ਸਾਡੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੇ ਇਸ ਮੁਸ਼ਕਲ ਸਮੇਂ ਦੌਰਾਨ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਕੇ ਇੱਕ ਚੰਗੀ ਮਿਸਾਲ ਕਾਇਮ ਕੀਤੀ ਹੈ ਪਰ ਸਿਸਟਮ ਵਿੱਚ ਕੁਝ ਅਜਿਹੇ ਵਿਅਕਤੀ ਵੀ ਹਨ ਜੋ ਸਥਿਤੀ ਦਾ ਅਣਉਚਿਤ ਫਾਇਦਾ ਉੱਠਾ ਕੇ ਲੋਕਾਂ ਨੂੰ ਧੋਖਾ ਦੇ ਰਹੇ ਹਨ।

ਉਸਨੇ ਦੱਸਿਆ ਕਿ ਇਹ ਮੰਦਭਾਗਾ ਹੈ ਕਿ ਅਜਿਹੇ ਲੋਕ ਸਮੁੱਚੇ ਪੇਸ਼ੇ ਦੇ ਅਕਸ ਨੂੰ ਢਾਹ ਲਾ ਰਹੇ ਹਨ। ਉਨ੍ਹਾਂ ਅਜਿਹੇ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਹਰਕਤਾਂ ਤੋਂ ਤੁਰੰਤ ਬਾਜ ਆ ਜਾਣ ਨਹੀਂ ਤਾਂ ਸਖਤ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

ਉਨ੍ਹਾਂ ਦੱਸਿਆ ਕਿ ਸੂਬਾ ਅਤੇ ਜ਼ਿਲ੍ਹਾ ਪੱਧਰੀ ਕਮੇਟੀ ਜਲਦ ਹੀ ਪ੍ਰਾਈਵੇਟ ਹਸਪਤਾਲਾਂ ਵੱਲੋਂ ਕਰਵਾਏ ਗਏ ਕੋਵਿਡ-19 ਮਰੀਜ਼ਾਂ ਦੇ ਇਲਾਜ਼ ਦਾ ਵਿਸਥਾਰਤ ਆਡਿਟ ਕਰੇਗੀ। ਇਸ ਸਬੰਧੀ ਸ਼ਿਕਾਇਤ ਸਿਹਤ ਵਿਭਾਗ ਦੇ 104 ਹੈਲਪਲਾਈਨ ਨੰਬਰ ‘ਤੇ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਦਰਜ ਕਰਵਾਈ ਜਾ ਸਕਦੀ ਹੈ।

 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *