ਨਿਹਾਲ ਸਿੰਘ ਵਾਲਾ 22 ਮਾਰਚ-( ਮਿੰਟੂ ਖੁਰਮੀ, ਕੁਲਦੀਪ ਸਿੰਘ ) ਕਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਚੀਨ, ਇਟਲੀ, ਕਨੇਡਾ, ਅਮਰੀਕਾ ਆਦਿ ਦੇਸ਼ਾਂ ‘ਚ ਇਹ ਵਾਇਰਸ ਜਿੱਥੇ ਵੱਡੀ ਪੱਧਰ ‘ਤੇ ਫੈਲ ਰਿਹਾ ਹੈ ਉਥੇ ਹੀ ਭਾਰਤ ‘ਚ ਵੀ ਇਸਨੂੰ ਲੈ ਕੇ ਲੋਕ ਮਨਾਂ ‘ਤੇ ਭਾਰੀ ਦਹਿਸ਼ਤ ਹੈ। ਜਿੱਥੇ ਦੁਨੀਆਂ ਭਰ ਦੀਆਂ ਸਰਕਾਰਾਂ ਕਰੋਨਾ ਵਾਇਰਸ ਨੂੰ ਲੈ ਕੇ ਢੁੱਕਵੇਂ ਫੰਡ ਜਾਰੀ ਕਰ ਰਹੀਆਂ ਹਨ ਅਤੇ ਆਪਣੇ ਦੇਸ਼ਾਂ ‘ਚ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਲੈ ਕੇ ਕਰੋਨਾ ਵਾਇਰਸ ਢੁੱਕਵੇਂ ਠੋਸ ਹੱਲ ਪੂਰੀ ਗੰਭੀਰਤਾ ਨਾਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਉੱਥੇ ਹੀ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਿਜ਼ ਭਾਸ਼ਣ, ਜਨਤਕ ਕਰਫਿਊ ਤੇ ਥਾਲੀਆਂ, ਤਾੜੀਆਂ ਵਜਾਉਣ ਦੇ ਐਲਾਨਾਂ ਤੱਕ ਸੀਮਤ ਹੈ। ਇਸ ਸਬੰਧੀ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਨੂੰ ਕਰੋਨਾ ਵਾਇਰਸ ਦੇ ਚੱਲਦੇ ਲੋਕਾਂ ਲਈ ਵਿਸ਼ੇਸ਼ ਫੰਡ ਵੀ ਜਾਰੀ ਕਰਨੇ ਚਾਹੀਦੇ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਕਨਵੀਨਰ ਜਗਰਾਜ ਟੱਲੇਵਾਲ, ਜੀਵਨ ਬਿਲਾਸਪੁਰ, ਹਰਬੰਸ ਬਿਲਾਸਪੁਰ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬੀਹਲਾ ਦੇ ਸੰਚਾਲਕ ਮਨਵੀਰ ਬੀਹਲਾ, ਇਨਕਲਾਬੀ ਨੌਜਵਾਨ ਸਭਾ ਦੇ ਆਗੂ ਹਰਮਨਦੀਪ ਹਿੰਮਤਪੁਰਾ, ਪੁਸਤਕ ਪ੍ਰੇਮੀ ਵਰਿੰਦਰ ਦੀਵਾਨਾ, ਜਸਵੰਤ ਰਾਮਗੜ, ਮੈਡੀਕਲ ਪ੍ਰੈਕਟੀਸ਼ਨਲ ਐਸੋਸੀਏਸ਼ਨ ਦੇ ਸੂਬਾਈ ਆਗੂ ਗੁਰਮੇਲ ਮਾਛੀਕੇ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਭਾਰਤ ਤੇ ਬਾਕੀ ਸੂਬਾ ਸਰਕਾਰਾਂ ਨੂੰ ਵੀ ਕੇਰਲਾ ਦੀ ਤਰਜ਼ ‘ਤੇ ਵਿਸ਼ੇਸ਼ ਫੰਡ ਜਾਰੀ ਕਰਦਿਆਂ ਕਰੋਨਾ ਵਾਇਰਸ ਨਾਲ ਨਿਪਟਣ ਲਈ ਮੁਫ਼ਤ ਇਲਾਜ, ਢੁੱਕਵੀਂ ਵਿਵਸਥਾ ਕਰਨੀ ਚਾਹੀਦੀ ਹੈ, ਉੱਥੇ ਸਮੁੱਚੇ ਸਮੁੱਚੇ ਲੋੜਵੰਦ ਲੋਕਾਂ ਲਈ ਮਹੀਨੇ ਦਾ ਮੁਫ਼ਤ ਰਾਸ਼ਨ, ਐਡਵਾਂਸ ਬੁਢਾਪਾ, ਵਿਧਵਾ, ਤੇ ਮੁਲਾਜ਼ਮਾਂ ਲਈ ਪੈਨਸ਼ਨਾਂ ਜਾਰੀ ਕਰਨੀਆਂ ਚਾਹੀਦੀਆਂ ਹਨ। ਮਜ਼ਦੂਰਾਂ ਲਈ ਵਿਸ਼ੇਸ਼ ਗੁਜ਼ਾਰਾ ਭੱਤਾ ਜਾਰੀ ਕਰਨਾ ਚਾਹੀਦਾ ਹੈ, ਉੱਥੇ ਬਿਜਲੀ ਪਾਣੀ ਤੇ ਬਿੱਲ, ਸਰਕਾਰੀ ਅਤੇ ਪ੍ਰਾਈਵੇਟ ਕਰਜ਼ਿਆਂ ਦੀਆਂ ਕਿਸ਼ਤਾਂ ਭਰਾਏ ਜਾਣ ਤੇ ਉਸ ਸਮੇਂ ਤੱਕ ਰੋਕ ਲੱਗਣੀ ਚਾਹੀਦੀ ਹੈ ਜਦੋਂ ਤੱਕ ਹਾਲਾਤ ਆਮ ਵਰਗੇ ਨਹੀਂ ਬਣ ਜਾਂਦੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮਾਸਕ, ਹੱਥ ਧੋਣ ਵਾਲੇ ਤਰਲ ਪਦਾਰਥ ਵੇਚਣ ਵਾਲੀਆਂ ਕੰਪਨੀਆਂ ਤੇ ਦੁਕਾਨਦਾਰਾਂ ਵੱਲੋਂ ਇਸ ਮੌਕੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਮਨਮਰਜ਼ੀ ਦੀ ਲੁੱਟ ਕਰ ਰਹੇ ਹਨ । ਇਸ ਕਾਲਾ ਬਾਜ਼ਾਰੀ ਦੇ ਧੰਦੇ ਨੂੰ ਤੁਰੰਤ ਨੱਥ ਪਾਈ ਜਾਣੀ ਚਾਹੀਦੀ ਹੈ ਤੇ ਦੋਸ਼ੀਆਂ ਖਿਲਾਫ ਬਣਦੀ ਸਖ਼ਤ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ।