ਮੋਗਾ 2 ਅਪ੍ਰੈਲ < ਜਗਰਾਜ ਲੋਹਾਰਾ >
ਵਿਧਾਇਕ ਡਾ: ਹਰਜੋਤ ਕਮਲ ਨੇ ਕਰੋਨਾ ਦੇ ਖਤਰੇ ਨੂੰ ਦੇਖਦਿਆਂ ਅੱਜ ਮੋਗਾ ਦੇ ਸਿਵਿਲ ਹਸਪਤਾਲ ਵਿਖੇ ਚਾਰ ਨਵੇਂ ਵੈਂਟੀਲੇਟਰ ਸਥਾਪਿਤ ਕਰਵਾਏ ਜਿਸ ਨਾਲ ਸਰਕਾਰੀ ਹਸਪਤਾਲ ਵਿਚ ਹੁਣ ਪੰਜ ਵੈਂਟੀਲੇਟਰ ਚਾਲੂ ਹਾਲਤ ਵਿਚ ਉਪਲੱਬਦ ਹੋ ਗਏ ਹਨ ਜੋ ਲੋਕਾਂ ਨੂੰ ਹੰਗਾਮੀ ਹਾਲਾਤ ਵਿਚ ਕਰੋਨਾ ਤੋਂ ਬਚਾਉਣ ਲਈ ਸਹਾਈ ਹੋਣਗੇ । ਜ਼ਿਕਰਯੋਗ ਹੈ ਕਿ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਕਰੋਨਾ ਦੇ ਇਹਤੀਆਦ ਦਾ ਮੁਆਇਨਾ ਕਰਨ ਜਿਸ ਦਿਨ ਓਹ ਗਏ ਤਾਂ ਉਨ੍ਹਾਂ ਦੇਖਿਆ ਕਿ ਉਥੇ ਸਿਰਫ਼ ਇਕ ਵੈਂਟੀਲੇਟਰ ਸੀ ਅਤੇ ਡਾ: ਹਰਜੋਤ ਕਮਲ ਜੋ ਖੁਦ ਪੇਸ਼ੇ ਵਜੋਂ ਡਾਕਟਰ ਹਨ ਨੇ ਦੂਰਅੰਦੇਸ਼ੀ ਦਿਖਾਉਂਦਿਆਂ ਕਰੋਨਾ ਕਾਰਨ ਪੈਦਾ ਹੋਣ ਵਾਲੀ ਕਿਸੇ ਗੰਭੀਰ ਸਥਿਤੀ ਦੇ ਮੱਦੇਨਜ਼ਰ ਮੋਗਾ ਵਾਸੀਆਂ ਦੀਆਂ ਜਾਨਾਂ ਨੂੰ ਸੁਰੱਖਿਅਤ ਕਰਨ ਵਾਸਤੇ ਹਸਪਤਾਲ ਵਿਚ ਵੈਂਟੀਲੇਟਰ ਲਗਵਾਉਣ ਦੇ ਸਿਰਤੋੜ ਯਤਨ ਆਰੰਭੇ ।
ਹਰਜੋਤ ਕਮਲ ਨੇ ਦਿਨ ਰਾਤ ਨਿਰੰਤਰਤਾ ਨਾਲ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨਾਲ ਵੀ ਸੰਪਰਕ ਬਣਾਇਆ ਅਤੇ ਉਨ੍ਹਾਂ ਦੇ ਅਖਤਿਆਰੀ ਫੰਡਾਂ ਵਿਚੋਂ ਵੀ ਇਨ੍ਹਾਂ ਚਾਰ ਵੈਂਟੀਲੇਟਰ ਦੀ ਖਰੀਦ ਲਈ ਉਨ੍ਹਾਂ ਤੋਂ 25 ਲੱਖ ਦੀ ਮਦਦ ਲੈ ਕੇ ਮੋਗਾ ਹਸਪਤਾਲ ਵਿਚ ਵੈਂਟੀਲੇਟਰ ਸਥਾਪਿਤ ਕਰਨ ਵਿਚ ਕਾਮਯਾਬ ਹੋ ਗਏ ਅਤੇ ਇਹ ਵੈਂਟੀਲੇਟਰ ਅਤਿ ਗੰਭੀਰ ਮਰੀਜ਼ਾਂ ਲਈ ਜੀਵਨ ਰੇਖਾ ਸਾਬਤ ਹੋਣਗੇ। ਇਹ ਵੀ ਵਰਣਨਯੋਗ ਹੈ ਕਿ ਦੇਸ਼ ਵਿਚ ਹੰਗਾਮੀ ਹਾਲਾਤ ਦੇ ਚੱਲਦਿਆਂ ਕੰਪਨੀਆਂ ਕੋਲ ਵੈਂਟੀਲੇਟਰਾਂ ਦੀ ਘਾਟ ਚੱਲ ਰਹੀ ਹੈ ਪਰ ਵਿਧਾਇਕ ਡਾ: ਹਰਜੋਤ ਕਮਲ ਨੇ ਆਪਣੇ ਨਿੱਜੀ ਰਸੂਖ ਰਾਹੀਂ ਇਹ ਚਾਰ ਵੈਂਟੀਲੇਟਰ ਪ੍ਰਾਪਤ ਕਰਕੇ ਮੋਗਾ ਵਾਸੀਆਂ ਨੂੰ ਅਗਾਂਊਂ ਸੁਰੱਖਿਅਤ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਵਿਧਾਇਕ ਨੇ ਦੱਸਿਆ ਕਿ ਇਹਨਾਂ ਚਾਰ ਵੈਂਟੀਲੇਟਰਾਂ ਤੋਂ ਇਲਾਵਾ ਉਨ੍ਹਾਂ ਕੇਂਦਰ ਸਰਕਾਰ ਦੇ ਅਦਾਰੇ ਪਾਵਰ ਗਰਿੱਡ ਕਾਰਪੋਰੇਸ਼ਨ ਦੁਆਰਾ ਵੀ ਚਾਰ ਮਲਟੀ ਪੈਰਾਮੀਟਰ ਖਰੀਦ ਕੇ ਦਿੱਤੇ ਹਨ ਜਿਹਨਾਂ ਨਾਲ ਕਰੋਨਾ ਮਰੀਜ਼ਾਂ ਦੇ ਬਲੱਡ ਪ੍ਰੈਸ਼ਰ ਅਤੇ ਸਰੀਰਕ ਗਤੀਵਿਧੀਆਂ ‘ਤੇ ਨਿਗਾਹ ਰੱਖੀ ਜਾ ਸਕੇਗੀ।
ਇਸ ਮੌਕੇ ਡਾ: ਹਰਜੋਤ ਕਮਲ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ ਸੇਵਾਵਾਂ ਨਿਭਾਅ ਰਹੇ ਡਾਕਟਰ,ਨਰਸਾਂ ਅਤੇ ਪੈਰਾਮੈਡੀਕਲ ਸਟਾਫ਼ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ । ਇਸ ਤੋਂ ਇਲਾਵਾ ਕਿਸੇ ਵੀ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਐਮਰਜੈਂਸੀ ਵਿਭਾਗ ਦੀ ਉਪਰਲੀ ਮੰਜ਼ਿਲ ਵਿਚ ਆਈਸੋਲੇਸ਼ਨ ਵਾਰਡ ਵੀ ਸਥਾਪਿਤ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਹਸਪਤਾਲ ਵਿਚ ਹੁਣ ਡਾਕਟਰਾਂ ,ਦਵਾਈਆਂ ਅਤੇ ਉਪਕਰਨਾਂ ਦੀ ਕੋਈ ਕਮੀ ਨਹੀਂ ਹੈ ਇਸ ਕਰਕੇ ਮੋਗਾ ਵਾਸੀ ਨਿਸਚਿੰਤ ਹੋ ਕੇ ਆਪਣੇ ਘਰਾਂ ਵਿਚ ਬੈਠ ਸਕਦੇ ਹਨ ਕਿਉਂਕਿ ਕਰੋਨਾ ਤੋਂ ਬਚਾਅ ਦਾ ਇਕ ਇਕ ਤਰੀਕਾ ਸਮਾਜਿਕ ਵਿੱਥ ਹੈ । ਉਹਨਾਂ ਕਿਹਾ ਕਿ ਬੇਸ਼ੱਕ ਇਹ ਸਮਾਜਿਕ ਦੂਰੀ ਸਮੇਂ ਦੀ ਮਜਬੂਰੀ ਹੈ ਪਰ ਉਹ ਮੋਗਾ ਹਲਕੇ ਨੂੰ ਆਪਣੇ ਪਰਿਵਾਰ ਸਮਝਦੇ ਹਨ ਅਤੇ ਇਸ ਵੱਡੇ ਪਰਿਵਾਰ ਦੀ ਸੁਰੱਖਿਆ ਦਾ ਜਿੰਮੇਵਾਰੀ ਵੀ ਉਹਨਾਂ ਸਿਰ ਹੈ ਇਸ ਕਰਕੇ ਉਹ ਹਰ ਰੋਜ਼ ਸਾਰੇ ਹਾਲਾਤ ‘ਤੇ ਨਿਗਾਹ ਰੱਖਦਿਆਂ ਲੋੜੀਂਦੇ ਕਦਮ ਚੁੱਕ ਰਹੇ ਹਨ।