ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜਾਦੀ ਦੀ ਰੱਖਿਆ ਲਈ ਦਿੱਤਾ ਬਲਿਦਾਨ ਵਿਸ਼ਵ ਦੇ ਇਤਿਹਾਸ ਵਿੱਚ ਬੇਮਿਸਾਲ-ਵਿਧਾਇਕ
ਕਿਹਾ ! ਨੌਵੇਂ ਸਿੱਖ ਗੁਰੂ ਜੀ ਧਰਮ ਨਿਰਪੱਖਤਾ, ਏਕਤਾ ਅਤੇ ਵਿਸ਼ਵਵਿਆਪੀ ਭਾਈਚਾਰੇ ਦੇ ਸੱਚੇ ਪ੍ਰਤੀਕ*
*ਨਗਰ ਕੀਰਤਨ ਦੀ ਆਮਦ ਨਾਲ “ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ” ਦੇ ਜੈਕਾਰਿਆਂ ਨਾਲ ਗੂੰਜਿਆ ਮੋਗਾ ਸ਼ਹਿਰ*
ਮੋਗਾ, 21 ਨਵੰਬਰ ਜਗਰਾਜ ਸਿੰਘ ਗਿੱਲ
ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਅੱਜ ਫਰੀਦਕੋਟ ਤੋਂ ਫਿਰੋਜਪੁਰ ਹੁੰਦਾ ਹੋਇਆ ਮੋਗਾ ਪਹੁੰਚਿਆ। ਇਸ ਵਿਸ਼ਾਲ ਨਗਰ ਕਰੀਤਰਨ ਦਾ ਮੋਗਾ ਦੇ ਦਾਰਾਪੁਰ ਵਿਖੇ ਪੂਰਨ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ ਗਿਆ।
ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ, ਵਿਧਾਇਕ ਬਾਘਾਪੁਰਾਣਾ ਸ੍ਰ. ਅੰਮ੍ਰਿਤਪਾਲ ਸਿੰਘ ਸੁਖਾਨੰਦ, ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ. ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ, ਐਸ ਐਸ ਪੀ ਸ਼੍ਰੀ ਅਜੈ ਗਾਂਧੀ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਜਸਪਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜੋਗਿੰਦਰ ਸਿੰਘ ਚੌਂਕ ਵਿਖੇ ਨਗਰ ਕੀਰਤਨ ਦਾ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ। ਮੋਗਾ ਵਿਖੇ ਸੰਗਤਾਂ ਦਾ ਵਿਸ਼ਾਲ ਇਕੱਠ ਦੇਖਣ ਨੂੰ ਮਿਲਿਆ ਅਤੇ ਨਗਰ ਕੀਰਤਨ ਦੀ ਆਮਦ ਨਾਲ ਮੋਗਾ “ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ” ਦੇ ਜੈਕਾਰਿਆਂ ਨਾਲ਼ ਗੂੰਜ ਉੱਠਿਆ ਅਤੇ ਪਾਲਕੀ ਸਾਹਿਬ ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ। ਗੁਰੂ ਸਾਹਿਬ ਦੇ ਭਾਰੀ ਇਕੱਠ ਵਾਲੇ ਵਿਸ਼ਾਲ ਨਗਰ ਕੀਰਤਨ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਜੋਗਿੰਦਰ ਸਿੰਘ ਚੌਂਕ ਵਿਖੇ ਗਾਰਡ ਆਫ ਆਨਰ ਵੀ ਦਿੱਤਾ ਗਿਆ। ਸਵਾਗਤ ਤੇ ਸਲਾਮੀ ਤੋਂ ਬਾਅਦ ਨਗਰ ਕੀਰਤਨ ਬੁੱਘੀਪੁਰਾ ਚੌਂਕ ਤੋਂ ਹੋ ਕੇ ਮਟਵਾਣੀ, ਨਵਾਂ ਚੂਹੜਚੱਕ ਰਾਹੀਂ ਜਗਰਾਓਂ ਲਈ ਰਵਾਨਾ ਹੋਇਆ।
ਚਾਰ ਵਿਸ਼ਾਲ ਨਗਰ ਕੀਰਤਨਾਂ ਚੋਂ ਫਰੀਦਕੋਟ ਤੋਂ ਆਰੰਭ ਹੋਇਆ ਨਗਰ ਕੀਰਤਨ ਫਿਰੋਜਪੁਰ, ਮੋਗਾ, ਜਗਰਾਉਂ, ਲੁਧਿਆਣਾ, ਫਤਹਿਗੜ੍ਹ ਸਾਹਿਬ, ਚਮਕੌਰ ਸਾਹਿਬ ਹੁੰਦੇ ਹੋਏ 22 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇਗਾ।
ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ ਕਿ “ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਗੁਰੂ ਸਾਹਿਬ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਇੱਕ ਸੇਵਕ ਵਜੋਂ ਮਨਾ ਰਹੀ ਹੈ”। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਗੁਰੂ ਸਾਹਿਬ ਦੇ ਮਹਾਨ ਜੀਵਨ, ਸ਼ਹਾਦਤ ਅਤੇ ਮਨੁੱਖਤਾ ਦੇ ਸਦੀਵੀ ਸੰਦੇਸ਼ ਬਾਰੇ ਜਾਗਰੂਕ ਕਰਨਾ ਹੈ ਜੋ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਧਾਰਮਿਕ ਆਜਾਦੀ ਦੀ ਰਾਖੀ ਲਈ ਆਪਣੀ ਆਵਾਜ ਬੁਲੰਦ ਕੀਤੀ ਅਤੇ 1675 ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਹੋ ਗਏ। ਕਸ਼ਮੀਰ ਦੇ ਪੰਡਿਤ, ਆਪਣੇ ਧਰਮ ਦੀ ਰੱਖਿਆ ਖਾਤਰ ਮਦਦ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆਏ ਸਨ। ਉਸ ਮੌਕੇ ਦੇ ਹਾਕਮਾਂ ਵੱਲੋਂ ਕਈ ਪੇਸ਼ਕਸ਼ਾਂ ਦੇ ਬਾਵਜੂਦ ਗੁਰੂ ਜੀ ਨੇ ਜੁਲਮ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਅਤੇ ਧਰਮ ਦੀ ਆਜਾਦੀ ਦੀ ਰੱਖਿਆ ਲਈ ਸ਼ਹਾਦਤ ਦਾ ਰਸਤਾ ਚੁਣਿਆ।
ਵਿਧਾਇਕ ਬਾਘਾਪੁਰਾਣਾ ਸ੍ਰ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖਤਾ ਦੇ ਧਾਰਮਿਕ ਹੱਕਾਂ ਦੀ ਰਾਖੀ ਲਈ ਅਦੁੱਤੀ ਸ਼ਹਾਦਤ ਦਿੱਤੀ ਤਾਂ ਜੋ ਦੁਨੀਆ ਲਈ ਮਿਸਾਲ ਕਾਇਮ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਨੌਵੇਂ ਸਿੱਖ ਗੁਰੂ ਜੀ ਧਰਮ ਨਿਰਪੱਖਤਾ, ਏਕਤਾ ਅਤੇ ਵਿਸ਼ਵਵਿਆਪੀ ਭਾਈਚਾਰੇ ਦੇ ਸੱਚੇ ਪ੍ਰਤੀਕ ਸਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਅਤੇ ਦਰਸ਼ਨ ਸਾਰੀ ਮਨੁੱਖਤਾ ਲਈ ਮਾਰਗ ਦਰਸ਼ਨ ਕਰਦਾ ਹੈ।
ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ 24 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ, ਜਿੱਥੇ ਪ੍ਰਮੁੱਖ ਸਖਸ਼ੀਅਤਾਂ ਗੁਰੂ ਜੀ ਦੇ ਜੀਵਨ, ਫਲਸਫੇ ਅਤੇ ਧਾਰਮਿਕ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਖਾਤਰ ਉਨ੍ਹਾਂ ਦੀ ਮਹਾਨ ਕੁਰਬਾਨੀ ‘ਤੇ ਵਿਚਾਰ ਸਾਂਝੇ ਕਰਨਗੀਆਂ। 25 ਨਵੰਬਰ ਨੂੰ ਰਾਜ ਪੱਧਰੀ ਖੂਨਦਾਨ ਕੈਂਪ ਲਾਏ ਜਾਣਗੇ, ਜੰਗਲਾਤ ਵਿਭਾਗ ਵੱਲੋਂ ਵੱਡੇ ਪੱਧਰ ‘ਤੇ ਪੌਦੇ ਲਾਉਣ ਦੀ ਮੁਹਿੰਮ ਤੋਂ ਇਲਾਵਾ ਵਿਸਾਲ “ਸਰਬੱਤ ਦਾ ਭਲਾ ਇੱਕਤਰਤਾ“ ਵਿੱਚ ਕਈ ਉੱਘੀਆਂ ਸਖਸੀਅਤਾਂ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਕਾਰਜਕਾਲ ਦੌਰਾਨ ਇਹ ਇਤਿਹਾਸਕ ਸਮਾਗਮ ਕਰਵਾ ਕੇ ਵਡਭਾਗਾ ਮਹਿਸੂਸ ਕਰ ਰਹੀ ਹੈ।
ਵਿਧਾਇਕ ਧਰਮਕੋਟ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਇਹ ਪਵਿੱਤਰ ਸਮਾਰੋਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਜੀ ਦੇ ਸ਼ਾਂਤੀ, ਦਇਆ ਅਤੇ ਧਾਰਮਿਕ ਆਜ਼ਾਦੀ ਦੇ ਸਦੀਵੀ ਸੰਦੇਸ਼ ਦੀ ਪ੍ਰੇਰਣਾ ਦੇਣਗੇ। ਪੰਜਾਬ ਸਰਕਾਰ ਪੂਰੀ ਲਗਨ ਨਾਲ ਇਹ ਯਕੀਨੀ ਬਣਾ ਰਹੀ ਹੈ ਕਿ ਹਰ ਸੰਗਤ ਨੂੰ ਆਤਮਕਤਾ ਅਤੇ ਪ੍ਰਬੰਧਕੀ ਸੁਚਾਰੂਪਣ ਦਾ ਵਿਲੱਖਣ ਮਿਲਾਪ ਅਨੁਭਵ ਹੋਵੇ। ਉਹਨਾਂ 23 ਤੋਂ 25 ਨਵੰਬਰ 2025 ਤੱਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਗੁਰੂ ਸਾਹਿਬ ਦੇ ਸ਼ਹੀਦੀ ਸਮਾਰੋਹ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।
ਉਹਨਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਧਾਰਮਿਕ ਆਜ਼ਾਦੀ ਦੇ ਸਰਵਉਚ ਰੱਖਿਅਕ ਹਨ। ਗੁਰੂ ਸਾਹਿਬ ਦਾ ਬਲੀਦਾਨ ਸਿਰਫ ਕਿਸੇ ਇੱਕ ਕੌਮ ਲਈ ਹੀ ਨਹੀਂ, ਸਗੋਂ ਸਾਰੀ ਮਨੁੱਖਤਾ ਲਈ ਸ਼ਹਾਦਤ ਅਤੇ ਧਰਮ-ਨਿਰਪੱਖਤਾ ਦੀ ਅਨੋਖੀ ਮਿਸਾਲ ਹੈ। ਉਹਨਾਂ ਕਿਹਾ ਕਿ ਮੁਗਲ ਸ਼ਾਸਕ ਔਰੰਗਜ਼ੇਬ ਦੇ ਜ਼ੁਲਮਾਂ ਦਾ ਵਿਰੋਧ ਕਰਦੇ ਹੋਏ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਿੱਖਾਂ ਨੇ ਧਰਮ ਦੀ ਰੱਖਿਆ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਕਸ਼ਮੀਰੀ ਪੰਡਤਾਂ ਨੇ ਜਦੋਂ ਗੁਰੂ ਘਰ ਦਾ ਦਰਵਾਜ਼ਾ ਖੜਕਾਇਆ, ਤਾਂ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕਰਨ ਦਾ ਫ਼ੈਸਲਾ ਕੀਤਾ।

ਇਸ ਮੌਕੇ ਮੇਅਰ ਨਗਰ ਨਿਗਮ ਸ੍ਰ ਬਲਜੀਤ ਸਿੰਘ ਚਾਨੀ, ਚੇਅਰਮੈਂਨ ਮਾਰਕਿਟ ਕਮੇਟੀ ਬਾਘਾਪੁਰਾਣਾ ਮਨਦੀਪ ਸਿੰਘ ਮਾਨ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਬਰਿੰਦਰ ਕੁਮਾਰ ਮਧੇਕੇ, ਮੁੱਖ ਮੰਤਰੀ ਫ਼ੀਲਡ ਅਫਸਰ ਸ੍ਰੀ ਗਗਨਦੀਪ ਸਿੰਘ, ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ ਔਜਲਾ, ਐਸ ਡੀ ਐਮ ਬਾਘਾਪੁਰਾਣਾ ਸ੍ਰ ਬੇਅੰਤ ਸਿੰਘ ਸਿੱਧੂ, ਐਸ ਡੀ ਐਮ ਨਿਹਾਲ ਸਿੰਘ ਵਾਲਾ ਸਵਾਤੀ, ਸੁਪਰਡੈਂਟ ਗਰੇਡ-1 ਜੋਗਿੰਦਰ ਸਿੰਘ ਸਮੇਤ ਸੰਗਤਾਂ ਹਾਜਰ ਸਨ।












Leave a Reply