ਮੋਗਾ ਸਮੇਤ ਪੰਜਾਬ ਦੇ ਤਿੰਨ ਜਿਲ੍ਹਿਆਂ ਵਿੱਚ ਲੱਗਣਗੇ ਬਾਇਉਕਲਚਰ ਦੇ ਪ੍ਰਦਰਸ਼ਨੀ ਪਲਾਂਟ

ਮੋਗਾ 19 ਅਕਤੂਬਰ

/ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ/

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਰਾਲੀ ਨੂੰ ਸਾੜਨ ਦੀ ਪ੍ਰਥਾ ਨੂੰ ਪੂਰੀ ਤਰ੍ਹਾਂ ਨੱਥ ਪਾਉਣ ਲਈ ਜਿਲ੍ਹਾ ਮੋਗਾ ਸਮੇਤ ਤਿੰਨ ਜਿਲ੍ਹਿਆਂ ਵਿੱਚ ਬਾਇਉਕਲਚਰ ਦੇ ਪ੍ਰਦਰਸ਼ਨੀ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਜਿੱਥੇ ਵਾਤਾਵਰਨ ਨੂੰ ਸਾਫ ਰੱਖਣ ਵਿੱਚ ਸਹਿਯੋਗ ਮਿਲੇਗਾ ਉਥੇ ਹੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿੱਚ ਵੀ ਬਹੁਤ ਲਾਭ ਹੋਵੇਗਾ। ਇਸ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਕਾਮਯਾਬ ਕਰਨ ਵਿੱਚ ਵੀ ਬਹੁਤ ਲਾਭ ਹੋਵੇਗਾ। ਡਾ: ਬਲਵਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੋਕੇ ਸਮੇਂ ਦੋਰਾਨ ਕਿਸਾਨਾਂ ਲਈ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਕਰਨਾ ਇਕ ਚੁਣੌਤੀ ਪੂਰਵਕ ਵਿਸ਼ਾ ਬਣਿਆ ਹੋਇਆ ਹੈ। ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨ ਵਲੋਂ ਆਧੁਨਿਕ ਮਸ਼ੀਨਰੀ ਅਤੇ ਵੱਖ-ਵੱਖ ਢੰਗ ਅਪਣਾਏ ਜਾ ਰਹੇ ਹਨ। ਪਰਾਲੀ ਨੂੰ ਸਾਂਭਣ ਲਈ ਅਨੇਕਾਂ ਖੋਜ ਸੰਸਥਾਵਾਂ ਅਤੇ ਖੇਤੀ ਖੋਜ ਕੇਂਦਰ ਕੰਮ ਕਰ ਰਹੇ ਹਨ। ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਪੂਸਾ ਨਵੀਂ ਦਿੱਲੀ ਵੱਲੋਂ ਕਈ ਕੰਪਨੀਆਂ ਦੇ ਨਾਲ ਤਾਲਮੇਲ ਕਰਕੇ ਨਵੇਂ ਸੂਖਮ ਜੀਵਾਂ ਦੁਆਰਾ ਪਰਾਲੀ ਨੂੰ ਗਾਲਣ ਲਈ ਕਲਚਰ ਤਿਆਰ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਕੇਅਰ ਪਰੌ ਬਾਇਉਸਾਇੰਸ ਪ੍ਰਾਈਵੇਟ ਲਿਮਟਿਡ, ਨੋਇਡਾ ਵਲੋਂ ਪਰਾਲੀ ਨੂੰ ਗਾਲਣ ਲਈ ਬਾਇਉਕਲਚਰ ਤਿਆਰ ਕੀਤਾ ਗਿਆ ਹੈ।  ਉਹਨਾਂ ਦੱਸਿਆ ਕਿ ਇਹ ਬਾਇਉਕਲਚਰ ਦੇ ਪ੍ਰਦਰਸ਼ਨੀ ਪਲਾਂਟ ਪੰਜਾਬ ਦੇ ਤਿੰਨ ਜ਼ਿਲਿਆਂ ਮੋਗਾ, ਫਰੀਦਕੋਟ ਅਤੇ ਫਿਰੋਜ਼ਪੁਰ ਲਗਾਏ ਜਾ ਰਹੇ ਹਨ। ਮੋਗਾ ਜਿਲ੍ਹਾ ਅੰਦਰ ਕੁੱਲ 250 ਏਕੜ ਜਮੀਨ ਤੇ ਪਰਾਲੀ ਗਾਲਣ ਲਈ ਖੋਸਾ ਕਲਸਟਰ ਦੇ 6 ਪਿੰਡਾਂ, ਖੋਸਾ ਕੋਟਲਾ, ਖੋਸਾ ਪਾਂਡੋ, ਖੋਸਾ ਰਣਧੀਰ, ਖੋਸਾ ਜਲਾਲ, ਰੱਤਿਆਂ ਅਤੇ ਦੁਨੇਕੇ ਚੁਣੇ ਗਏ ਹਨ। ਵਿਭਾਗ ਵੱਲੋਂ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਪਾਂਡੋ ਨਾਲ ਇਸ ਪ੍ਰੋਜੈਕਟ ਨੂੰ ਇਹਨਾਂ ਪਿੰਡਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਮੰਤਵ ਤਹਿਤ ਪਿੰਡ ਖੋਸਾ ਰਣਧੀਰ ਵਿਖੇ ਕਿਸਾਨਾਂ ਨੂੰ ਇਸ ਪਰਾਲੀ ਗਾਲਣ ਵਾਲੀ ਵਿਧੀ ਬਾਰੇ ਜਾਗਰੂਕ ਕੀਤਾ ਗਿਆ ਹੈ। ਇਸ ਸਮੇਂ ਕਿਸਾਨਾਂ ਵੱਲੋਂ ਪਰਾਲੀ ਨੂੰ ਗਾਲਣ ਵਾਲੀ ਇਸ ਵਿਧੀ ਸਬੰਧੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਸਮੇਂ 250 ਏਕੜ ਦੇ ਪ੍ਰਦਰਸ਼ਨੀ ਪਲਾਂਟ ਲਗਾਉਣ ਲਈ ਕਿਸਾਨਾਂ ਵੱਲੋਂ ਵੱਧ ਚੜ ਕੇ ਯੋਗਦਾਨ ਪਾਉਣ ਦਾ ਭਰੋਸਾ ਦਿਵਾਇਆ ਗਿਆ। ਇਸ ਸਮੇਂ ਡਾ ਰਾਮ ਸਿੰਘ (ਖੇਤੀਬਾੜੀ ਅਫ਼ਸਰ), ਡਾ ਬਲਜਿੰਦਰ ਸਿੰਘ (ਖੇਤੀਬਾੜੀ ਵਿਕਾਸ ਅਫ਼ਸਰ), ਡਾ ਸਤਵਿੰਦਰ ਸਿੰਘ (ਖੇਤੀਬਾੜੀ ਵਿਕਾਸ ਅਫ਼ਸਰ), ਦਿਲਸ਼ਾਦ ਸਿੰਘ (ਸਹਾਇਕ ਤਕਨਾਲੋਜੀ ਮੈਨੇਜਰ), ਗੁਰਪ੍ਰੀਤ ਸਿੰਘ (ਸੇਵਾਦਾਰ ਗੁਰਦੁਆਰਾ ਸਾਹਿਬ) ਅਤੇ ਅਗਾਂਹਵਧੂ ਕਿਸਾਨ ਹਾਜ਼ਰ ਸਨ।

 

Leave a Reply

Your email address will not be published. Required fields are marked *