ਮੋਗਾ ਵਿਖੇ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ, ਸ਼ਹੀਦ ਸੈਨਿਕਾਂ ਦੇ ਪ੍ਰੀਵਾਰਾਂ ਦੀ ਭਲਾਈ ਲਈ ਯੋਗਦਾਨ ਪਾਉਣਾ ਹਰ ਨਾਗਰਿਕ ਦਾ ਸਮਾਜਿਕ ਫ਼ਰਜ਼-ਡਿਪਟੀ ਕਮਿਸ਼ਨਰ ਮੋਗਾ, 7 ਦਸੰਬਰ:

ਮੋਗਾ, 7 ਦਸੰਬਰ

(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)

ਹਰ ਸਾਲ ਹਥਿਆਰਬੰਦ ਸੈਨਾ ਝੰਡਾ ਦਿਵਸ ਮਿਤੀ 7 ਦਸੰਬਰ ਨੂੰ ਸ਼ਹੀਦਾਂ ਨੂੰ ਸਤਿਕਾਰਨ, ਸਾਬਕਾ ਸੈਨਿਕਾਂ ਨੂੰ ਮਾਣ ਦੇਣ ਅਤੇ ਸੁਰੱਖਿਆ ਸੈਨਾਵਾਂ ਨਾਲ ਇੱਕਜੁੱਟਤਾ ਨੂੰ ਪ੍ਰਗਟਾਉਣ ਲਈ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਵਾਸੀ ਹਰ ਖੇਤਰ ਵਿਚ ਖਾਸ ਕਰਕੇ ਪੰਜਾਬ ਦੇ ਲੋਕ ਸਾਡੀਆਂ ਸੁਰੱਖਿਆ ਸੈਨਾਵਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਅਥਾਹ ਕੁਰਬਾਨੀਆਂ ਨੂੰ ਯਾਦ ਕਰਦੇ ਹਨ। ਇਸ ਦਿਨ ਦੇਸ਼ ਵਾਸੀ ਅਜਿਹੇ ਸੈਨਿਕਾਂ ਅਤੇ ਉਨ੍ਹਾਂ ਦੇ ਪ੍ਰੀਵਾਰਾਂ ਦੀ ਮੱਦਦ ਲਈ ਹਰ ਸਾਲ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਉਂਦੇ ਹੋਏ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ, ਜ਼ੋ ਕਿ ਸ਼ਹੀਦਾਂ ਦੇ ਪ੍ਰੀਵਾਰਾਂ, ਜੰਗ ਦੌਰਾਨ ਨਕਾਰਾ ਹੋਏ ਸੈਨਿਕਾਂ ਅਤੇ ਸੈਨਿਕਾਂ ਦੀਆਂ ਵਿਧਵਾਵਾਂ ਦੀ ਭਲਾਈ ਲਈ ਵਰਤਿਆ ਜਾਂਦਾ ਹੈ।   ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਨੇ ਅੱਜ ਅੱਜ ਮਿਤੀ 7 ਦਸੰਬਰ, 2020 ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਦੀ ਰਸਮ ਦੀ ਸ਼ੁਰੂਆਤ ਮੌਕੇ ਕੀਤਾ। ਇਸ ਦਿਵਸ ਦੀ ਸ਼ੁਰੂਆਤ ਕਰਨਲ ਬਾਬੂ ਸਿੰਘ (ਰਿਟਾ) ਨੇ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦੇ ਸੀਨੇ ‘ਤੇ ਝੰਡਾ ਲਗਾ ਕੇ ਕੀਤੀ.ਇਸ ਮੌਕੇ ਉਨ੍ਹਾਂ ਨਾਲ ਕਰਨਲ (ਰਿਟਾ.) ਦਰਸ਼ਨ ਸਿੰਘ, ਉਪ-ਪ੍ਰਧਾਨ ਜ਼ਿਲਾ ਸੈਨਿਕ ਬੋਰਡ, ਕਰਨਲ ਬਲਕਾਰ ਸਿੰਘ(ਰਿਟਾ) ਇੰਚਾਰਚ ਜੀ.ਓ.ਜੀ, ਕਰਨਲ ਅਮਰਜੀਤ ਸਿੰਘ ਧਾਲੀਵਾਲ (ਰਿਟਾ) ਹਾਜਰ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਨੇ ਕਿਹਾ ਕਿ ਸ਼ਹੀਦ ਸੈਨਿਕਾਂ ਦੇ ਪ੍ਰੀਵਾਰਾਂ ਦੀ ਭਲਾਈ ਲਈ ਯੋਗਦਾਨ ਪਾਉਣਾ ਹਰ ਨਾਗਰਿਕ ਦਾ ਸਮਾਜਿਕ ਫ਼ਰਜ਼ ਹੈ। ਉਨ੍ਹਾਂ ਝੰਡਾ ਦਿਵਸ ‘ਤੇ ਮੋਗਾ ਜ਼ਿਲ੍ਹੇ ਦੇ ਨਾਗਰਿਕਾਂ, ਸਕੂਲਾਂ/ਕਾਲਜਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕ੍ਰਮਚਾਰੀਆਂ ਨੂੰ ਇਸ ਮਹਾਨ ਯੋਗਦਾਨ ਵਿੱਚ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਫੰਡ ਸ਼ਹੀਦਾਂ ਦੇ ਪ੍ਰੀਵਾਰਾਂ, ਨਕਾਰਾ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਵਰਗੇ ਨੇਕ ਕੰਮਾਂ ਲਈ ਵਰਤਿਆ ਜਾਂਦਾ ਹੈ, ਜਿਸ ਨਾਲ ਦੇਸ਼ ਲਈ ਸ਼ਹੀਦ ਹੋਏ ਸੈਨਿਕਾਂ ਦੇ ਪ੍ਰੀਵਾਰਾਂ ਨੂੰ ਸਹਾਰਾ ਮਿਲਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਦੁਸ਼ਮਣ ਵੱਲੋਂ ਥੋਪੀਆਂ ਲੜਾਈਆਂ ਅਤੇ ਅੱਤਵਾਦ ਖਿਲਾਫ਼ ਸੈਨਿਕਾਂ ਨੇ ਕਾਫ਼ੀ ਸ਼ਹਾਦਤਾਂ ਦੇਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੀ ਬੇਸ਼ੱਕ ਸਰਕਾਰ ਬੜੀ ਹਮਦਰਦੀ ਨਾਲ ਸਮੇਂ-ਸਮੇਂ ਤੇ ਕਈ ਪ੍ਰਕਾਰ ਦੀ ਮੱਦਦ ਕਰਦੀ ਹੈ, ਪ੍ਰੰਤੂ ਹਥਿਆਰਬੰਦ ਸੈਨਾ ਝੰਡਾ ਦਿਵਸ ਭਾਰਤ ਦੇਸ਼ ਅਤੇ ਇਸ ਸੂਬੇ ਦੇ ਹਰ ਨਾਗਰਿਕ ਨੂੰ ਆਪਣੇ ਬਹਾਦਰ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਸਤਿਕਾਰ ਅਤੇ ਸਹਾਨੁਭੂਤੀ ਪ੍ਰਗਟ ਕਰਨ ਲਈ ਇੱਕ ਸੁਨਿਹਰੀ ਮੌਕਾ ਪ੍ਰਦਾਨ ਕਰਦਾ ਹੈ। ਇਸ ਲਈ ਇਸ ਦੇਸ਼ ਦਾ ਹਰ ਨਾਗਰਿਕ ਝੰਡਾ ਦਿਵਸ ਮਨਾ ਕੇ ਦਿਲ ਖੋਲ ਦੇ ਦਾਨ ਕਰਦਾ ਹੈ।

ਉਨ੍ਹਾਂ ਕਿਹਾ ਕਿ ਆਉ ਆਪਾਂ ਵੀ ਉਹਨਾਂ ਸੂਰਬੀਰ ਸ਼ਹੀਦ ਸੈਨਿਕਾਂ ਨੂੰ ਪ੍ਰਣਾਮ ਕਰੀਏ ਜਿਨ੍ਹਾਂ ਨੇ ਮੁਸ਼ਕਲਾਂ ਭਰੇ ਹਾਲਤਾਂ ਵਿੱਚ ਆਪਣੇ ਅਨਮੋਲ ਜੀਵਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਸੁਰੱਖਿਆ ਲਈ ਲਾਸਾਨੀ ਕੁਰਬਾਨੀ ਦਾ ਜਾਮ ਪੀਤਾ ਅਤੇ ਸਾਡੇ ਕੱਲ ਲਈ ਆਪਣਾ ਅੱਜ ਕੁਰਬਾਨ ਕੀਤਾ। ਇਹਨਾਂ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਸਦਕਾ ਹੀ ਅਸੀਂ ਦੇਸ਼ ਦੀ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਇਸ ਲਈ ਸਾਡਾ ਇਹ ਸਮਾਜਿਕ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਆਪਣਾ ਯੋਗਦਾਨ ਪਾਈਏ। ਸ਼ਹੀਦ ਸਦਾ ਅਮਰ ਰਹਿੰਦੇ ਹਨ। ਇਸ ਸ਼ੁਭ ਮੌਕੇ ਤੇ ਆਪੋ ਆਪਣੀ ਸਮਰੱਥਾ ਅਨੁਸਾਰ ਵੱਧ ਚੜ੍ਹ ਕੇ ਦਾਨ ਕਰੋ।

Leave a Reply

Your email address will not be published. Required fields are marked *