ਮੋਗਾ ਵਿਖੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਚੜਾਉਣਗੇ ਤਿਰੰਗਾ

ਆਜ਼ਾਦੀ ਦਿਵਸ ਸਮਾਗਮ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ – ਡਿਪਟੀ ਕਮਿਸ਼ਨਰ

ਆਜ਼ਾਦੀ ਦਿਵਸ ਸਮਾਗਮ ਦੇ ਪ੍ਰਬੰਧਾਂ ਦੀ ਸਮੀਖਿਆ ਲਈ ਮੀਟਿੰਗ

 

ਮੋਗਾ, 2 ਅਗਸਤ

 (ਜਗਰਾਜ ਸਿੰਘ ਗਿੱਲ, ਕੀਤਾ ਬਾਰੇਵਾਲ) 

ਸਾਲ 2022 ਦਾ ਜ਼ਿਲਾ ਪੱਧਰੀ 15 ਅਗਸਤ ਆਜ਼ਾਦੀ ਦਿਵਸ ਸਮਾਗਮ ਦਾਣਾ ਮੰਡੀ ਮੋਗਾ ਵਿਖੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਵਾਰ ਦਾ ਸਮਾਗਮ ਦੇਸ਼ ਦੀ ਅਜ਼ਾਦੀ ਦੇ 75ਵੇਂ ਅੰਮਿ੍ਰਤ ਮਹਾਂਉਤਸਵ ਨੂੰ ਸਮਰਪਿਤ ਹੋਵੇਗਾ, ਜਿਸ ਵਿੱਚ ਸ੍ਰੀ ਲਾਲ ਚੰਦ ਕਟਾਰੂਚੱਕ, ਕੈਬਨਿਟ ਮੰਤਰੀ ਫੂਡ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਮੁੱਖ ਮਹਿਮਾਨ ਵਜੋਂ ਰਾਸ਼ਟਰੀ ਤਿਰੰਗਾ ਚੜਾਉਣ ਦੀ ਰਸਮ ਅਦਾ ਕਰਨਗੇ।

ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਜ਼ਾਦੀ ਦਿਵਸ ਸਮਾਰੋਹ ਦੇ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਆਯੋਜਿਤ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਸਮੇਂ ਉਨਾਂ ਨਾਲ ਜ਼ਿਲਾ ਪੁਲਿਸ ਮੁਖੀ ਸ੍ਰ. ਗੁਲਨੀਤ ਸਿੰਘ ਖੁਰਾਣਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਐੱਸ. ਡੀ. ਐੱਮ. ਮੋਗਾ ਸ੍ਰ. ਸਤਵੰਤ ਸਿੰਘ ਅਤੇ ਸਬੰਧਤ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਇਹ ਸਮਾਗਮ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਉਨਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਆਜ਼ਾਦੀ ਦਿਵਸ ਸਮਾਰੋਹ ਸਬੰਧੀ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਕੰਮਾਂ ਪ੍ਰਤੀ ਡਿਊਟੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣ ਤਾਂ ਜੋ ਇਸ ਰਾਸ਼ਟਰੀ ਸਮਾਰੋਹ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਉਨਾਂ ਦੱਸਿਆ ਕਿ ਇਸ ਮੌਕੇ ’ਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਅਤੇ ਪੀ.ਟੀ.ਸ਼ੋਅ ਪੇਸ਼ ਕੀਤਾ ਜਾਵੇਗਾ ਅਤੇ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡ, ਗਾਰਡੀਅਨਜ਼ ਆਫ਼ ਗਵਰਨੈਂਸ ਤੇ ਐਨ.ਸੀ.ਸੀ.ਕੈਡਿਟਾਂ ਵੱਲੋਂ ਮਾਰਚ ਪਾਸਟ ਰਾਹੀਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਜਾਵੇਗੀ। ਲੋੜਵੰਦ ਔਰਤਾਂ ਨੂੰ ਜ਼ਿਲਾ ਰੈੱਡ ਕਰਾਸ ਸੁਸਾਇਟੀ ਵੱਲੋਂ ਸਿਲਾਈ ਮਸ਼ੀਨਾਂ ਦੀ ਵੀ ਵੰਡ ਕੀਤੀ ਜਾਵੇਗੀ।

ਸੱਭਿਆਚਾਰਕ ਪ੍ਰੋਗਰਾਮ ਅਤੇ ਮਾਰਚ ਪਾਸਟ ਦੀਆਂ ਰਿਹਰਸਲਾਂ 5 ਅਗਸਤ ਤੋ 12 ਅਗਸਤ ਤੱਕ ਚੱਲਣਗੀਆਂ, ਜਦਕਿ 13 ਅਗਸਤ ਨੂੰ ਫੁੱਲ ਡਰੈੱਸ ਤੇ ਅੰਤਿਮ ਰਿਹਸਲ ਹੋਵੇਗੀ।

Leave a Reply

Your email address will not be published. Required fields are marked *