ਡਿਪਟੀ ਕਮਿਸ਼ਨਰ ਵੱਲੋਂ ਮੀਡੀਆ ਕਰਮੀਆਂ ਨਾਲ ਉਚੇਚੀ ਮੀਟਿੰਗ ਅਤੇ ਸਹਿਯੋਗ ਦੀ ਮੰਗ
ਮੋਗਾ, 1 ਨਵੰਬਰ (ਜਗਰਾਜ ਸਿੰਘ ਗਿੱਲ ,ਗੁਰਪ੍ਰਸ਼ਾਦ ਸਿੰਘ ਸਿੱਧੂ ) ਸ਼੍ਰੀ ਹਰੀਸ਼ ਨਈਅਰ, ਡਿਪਟੀ ਕਮਿਸਨਰ ਨੇ ਮੀਡੀਆ ਨੂੰ ਭਾਰਤੀ ਲੋਕਤੰਤਰ ਦਾ ਚੌਥਾ ਥੰਮ ਕਰਾਰ ਦਿੰਦਿਆਂ ਦਾਅਵੇ ਨਾਲ ਕਿਹਾ ਹੈ ਕਿ ਸਹੀ ਦਿਸ਼ਾ ਵਿੱਚ ਕੀਤੀ ਗਈ ਪੱਤਰਕਾਰੀ ਸਮਾਜ ਦੇ ਸਰਬਪੱਖੀ ਵਿਕਾਸ ਦੀ ਸੂਤਰਧਾਰ ਬਣਦੀ ਹੈ। ਉਹ ਅੱਜ ਸਥਾਨਕ ਜ਼ਿਲਾ ਪ੍ਰਬੰਧਕਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਪੱਤਰਕਾਰਾਂ ਨਾਲ ਪਲੇਠੀ ਮੀਟਿੰਗ ਕਰ ਰਹੇ ਸਨ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਹਰਚਰਨ ਸਿੰਘ, ਜਿਲਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ ਨੱਥੋਵਾਲ, ਤਹਿਸੀਲਦਾਰ ਮੋਗਾ ਸ੍ਰੀ ਪਵਨ ਗੁਲਾਟੀ, ਜਿਲਾ ਚੋਣ ਤਹਿਸੀਲਦਾਰ ਬਰਜਿੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।
ਸ਼੍ਰੀ ਨਈਅਰ ਨੇ ਕਿਹਾ ਕਿ ਸਾਡੇ ਦੇਸ਼ ਨੂੰ ਵਿਸ਼ਵ ਦੀ ਮਹਾਂਸ਼ਕਤੀ ਬਣਾਉਣ ਵਿੱਚ ਲੋਕਤੰਤਰ ਅਤੇ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਮੀਡੀਆ ਕਿਸੇ ਵੀ ਲੋਕਤੰਤਰ ਦੀ ਮਜ਼ਬੂਤੀ ਦਾ ਆਧਾਰ ਬਣਦਾ ਹੈ। ਉਨਾਂ ਕਿਹਾ ਕਿ ਸਰਕਾਰਾਂ ਅਤੇ ਪ੍ਰਸ਼ਾਸ਼ਨ ਉਸ ਵੇਲੇ ਤੱਕ ਸਮਾਜ ਦੇ ਸਰਬਪੱਖੀ ਵਿਕਾਸ ਵਿੱਚ ਸਫ਼ਲ ਨਹੀਂ ਹੋ ਸਕਦਾ ਜਦੋਂ ਤੱਕ ਉਨਾਂ ਨੂੰ ਕਾਰਜਸ਼ੀਲ ਮੀਡੀਆ ਦਾ ਹਾਂ-ਪੱਖੀ ਸਹਿਯੋਗ ਨਾ ਮਿਲੇ। ਉਨਾਂ ਕਿਹਾ ਕਿ ਸਮਾਜ ਦੇ ਸਰਬਪੱਖੀ ਵਿਕਾਸ ਵਿੱਚ ਮੀਡੀਆ ਕਰਮੀਆਂ ਵੱਲੋਂ ਖ਼ਬਰਾਂ ਦੇ ਰੂਪ ਵਿੱਚ ਦਿੱਤੀ ਫੀਡਬੈਕ ਬਹੁਤ ਹੀ ਸਹਾਈ ਸਿੱਧ ਹੁੰਦੀ ਹੈ।
ਇਸ ਮੌਕੇ ਉਨਾਂ ਸਮੂਹ ਮੀਡੀਆ ਕਰਮੀਆਂ ਦਾ ਧੰਨਵਾਦ ਕਰਦਿਆਂ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਜ਼ਿਲਾ ਪ੍ਰਸਾਸ਼ਨ ਨੂੰ ਉਨਾਂ ਤੋਂ ਬਣਦਾ ਸਹਿਯੋਗ ਅਤੇ ਉਤਸ਼ਾਹ ਮਿਲਦਾ ਰਹੇਗਾ। ਉਨਾਂ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਜ਼ਿਲਾ ਪ੍ਰਸਾਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਲੋਕਾਂ ਤੱਕ ਲਿਜਾਣ ਲਈ ਸਹਿਯੋਗ ਕਰਨ। ਉਨਾਂ ਚੱਲ ਰਹੇ ਝੋਨੇ ਦੇ ਖਰੀਦ ਸੀਜ਼ਨ, ਆਗਾਮੀ ਵਿਧਾਨ ਸਭਾ ਚੋਣਾਂ ਅਤੇ ਕੋਵਿਡ 19 ਤੋਂ ਬਚਾਅ ਲਈ ਕੀਤੇ ਜਾ ਰਹੇ ਟੀਕਾਕਰਨ ਮੁਹਿੰਮਾਂ ਨੂੰ ਸਫ਼ਲ ਕਰਨ ਲਈ ਵੀ ਸਹਿਯੋਗ ਦੀ ਮੰਗ ਕੀਤੀ।
Leave a Reply