ਪ੍ਰਵਾਸੀ ਮਜ਼ਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਲਿਬਰੇਸ਼ਨ ਵੱਲੋਂ ਰੋਸ਼ ਪ੍ਰਦਰਸ਼ਨ।

19 ਮਈ (ਜਗਰਾਜ ਗਿੱਲ) ਪ੍ਰਵਾਸੀ ਮਜ਼ਦੂਰਾਂ ਦੀ ਹੋ ਰਹੀ ਦੁਰਦਸ਼ਾ ਤੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਅਣਦੇਖੀ ਖਿਲਾਫ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੀ ਅਗਵਾਈ ਚ ਬਾਬਾ ਬੂਝਾ ਸਿੰਘ ਭਵਨ ਤੋਂ ਡਿਪਟੀ ਕਮਿਸ਼ਨਰ ਦਫਤਰ ਮਾਨਸਾ ਤੱਕ ਰੋਸ ਪ੍ਰਦਰਸ਼ਨ ਕਰਦਿਆਂ ਸੈਂਕੜੇ ਪ੍ਰਵਾਸੀ ਮਜ਼ਦੂਰਾਂ ਨੇ ਮੋਦੀ ਸਰਕਾਰ ਦੀ ਅਰਥੀ ਫੂਕੀ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਖੱਬੇ ਪੱਖੀ ਆਗੂਆਂ ਦਾ ਵਫਦ ਮਿਲਿਆ । ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਤੇ ਜਿਲ੍ਹਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਤੇ ਸੀ ਪੀ ਆਈ ਦੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਮੋਦੀ ਸਰਕਾਰ ਤੇ ਕੈਪਟਨ ਸਰਕਾਰ ਦੇ ਦਾਅਵੇ ਹਵਾਈ ਗੋਲੇ ਸਾਬਿਤ ਹੋਏ ਹਨ। ਪ੍ਰਵਾਸੀ ਮਜ਼ਦੂਰਾਂ ਨੂੰ ਬਗੈਰ ਕਿਸੇ ਸਹੂਲਤ ਦੇ ਲਾਚਾਰੀ ਦੀ ਜਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ। ਪ੍ਰਵਾਸੀ ਮਜ਼ਦੂਰ ਜਿੱਥੇ ਹਜਾਰਾਂ ਮੀਲਾਂ ਦਾ ਸਫਰ ਕਰਦੇ ਹੋਏ ਮੌਤ ਦੇ ਮੂੰਹ ਜਾ ਰਹੇ ਹਨ ਉਥੇ ਪੁਲਿਸ ਜ਼ਬਰ ਦਾ ਸਾਹਮਣਾ ਕਰਨ ਲਈ ਵੀ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਐਲਾਨੇ 20ਲੱਖ ਕਰੋੜ ਦੇ ਬਜਟ ਚ ਮਜ਼ਦੂਰਾਂ ਹਿੱਸੇ ਪੁਲਿਸ ਦੀਆਂ ਡਾਂਗਾਂ ਈ ਆਈਆਂ ਹਨ। ਇਸ ਮੌਕੇ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ ਦੀਆਂ ਕੇਂਦਰੀ ਆਗੂ ਜਸਬੀਰ ਕੌਰ ਨੱਤ ਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਗਰਭਵਤੀ ਮਜ਼ਦੂਰ ਔਰਤਾਂ ਸੜਕਾਂ ਤੇ ਬੱਚਿਆਂ ਨੂੰ ਜਨਮ ਦੇਣ ਲਈ ਮਜਬੂਰ ਹਨ ਤੇ ਮਜ਼ਦੂਰਾਂ ਵੱਲ ਸਰਕਾਰਾਂ ਦੇ ਨਾਲ ਨਾਲ ਸੁਪਰੀਮ ਕੋਰਟ ਵੀ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਇਸ ਮੌਕੇ ਖੱਬੇ ਪੱਖੀ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੇ ਘਰ ਪੁਹੰਚਣ ਲਈ ਤੁਰੰਤ ਯਤਨ ਤੇਜ ਕਰਦੇ ਮਜ਼ਦੂਰਾਂ ਦੇ ਸੁਰੱਖਿਅਤ ਘਰ ਪੁਹੰਚਣ ਦੀ ਗਾਰੰਟੀ ਕੀਤੀ ਜਾਵੇ। ਇਸ ਮੌਕੇ ਬਾਬਾ ਬੂਝਾ ਸਿੰਘ ਭਵਨ ਤੇ ਟਰੱਸਟ ਦੇ ਚੇਅਰਮੈਨ ਕਾਮਰੇਡ ਨਛੱਤਰ ਸਿੰਘ ਖੀਵਾ ਜਰਨੈਲ ਸਿੰਘ ਮਾਨਸਾ ਬਲਵਿੰਦਰ ਕੌਰ ਖਾਰਾ ਤੇ ਜੀਤ ਸਿੰਘ ਬੋਹਾ ਨੇ ਕਿਹਾ ਕਿ ਜਦ ਤੱਕ ਮਜ਼ਦੂਰਾਂ ਦੇ ਘਰ ਪੁਹੰਚਾਏ ਜਾਣ ਦਾ ਠੋਸ ਇੰਤਜਾਮ ਨਹੀਂ ਹੋ ਜਾਂਦਾ ਬਾਬਾ ਬੂਝਾ ਸਿੰਘ ਭਵਨ ਦੇ ਬੂਹੇ ਮਜ਼ਦੂਰਾਂ ਲਈ ਖੁੱਲ੍ਹੇ ਰਹਿਣਗੇ।ਇਸ ਮੌਕੇ ਖੱਬੇ ਪੱਖੀ ਆਗੂਆਂ ਨੇ ਇੱਕ ਸੁਰ ਹੁੰਦਿਆਂ ਕਿਹਾ ਕਿ ਜੇਕਰ ਪ੍ਰਵਾਸੀ ਮਜ਼ਦੂਰਾਂ ਤੇ ਪੇਂਡੂ ਗਰੀਬਾਂ ਦੀਆਂ ਮੁਸ਼ਕਿਲਾਂ ਦਾ ਕੋਈ ਠੋਸ ਹੱਲ ਨਹੀਂ ਹੁੰਦਾ ਤਾਂ22ਮਈ ਨੂੰ ਪ੍ਰਵਾਸੀ ਮਜ਼ਦੂਰਾਂ ਤੇ ਪੇਂਡੂ ਗਰੀਬਾਂ ਦੇ ਹੱਕ ਚ ਰੋਹ ਭਰਪੂਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

Leave a Reply

Your email address will not be published. Required fields are marked *