ਤਿੰਨ ਕਾਨੂੰਨ ਰੱਦ ਕਰਵਾ ਕੇ ਰਹਾਂਗੇ-ਕਿਸਾਨ ਆਗੂ
ਨਿਹਾਲ ਸਿੰਘ ਵਾਲਾ ( ਮਿੰਟੂ ਖੁਰਮੀ) ਪਿੰਡ ਹਿੰਮਤਪੁਰਾ ਅਤੇ ਤਖ਼ਤੂਪੁਰਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਖੇਤੀ ਕਾਨੂੰਨਾਂ ਸਮੇਤ ਸਾਰੇ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵਿਸ਼ਾਲ ਟਰੈਕਟਰ ਮਾਰਚ ਕੀਤੇ ਗਏ। ਪਿੰਡ ਹਿੰਮਤਪੁਰਾ, ਤਖ਼ਤੂਪੁਰਾ,ਬਿਲਾਸਪੁਰ ਆਦਿ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ, ਪਿੰਡ ਹਿੰਮਤਪੁਰਾ ਵਿੱਚ ਇਹ ਪਹਿਲੀ ਵਾਰ ਵਿਸ਼ਾਲ ਟਰੈਕਟਰ ਮਾਰਚ ਹੋਇਆ ਜਿਸ ਵਿੱਚ ਕਿਰਤੀ ਲੋਕ ਵੱਡੀ ਗਿਣਤੀ ਵਿੱਚ ਆਪਣਾ ਗੱਡਾ ( ਟਰੈਕਟਰ) ਸੜਕਾਂ ਤੇ ਲੈਕੇ ਕੇਂਦਰ ਸਰਕਾਰ ਖ਼ਿਲਾਫ਼ ਆਏ । ਸਟੇਜ ਸਕੱਤਰ ਨਿਰਮਲ ਸਿੰਘ ਹਿੰਮਤਪੁਰਾ ਨੇ ਕਿਹਾ ਹੈ ਕਿ ਖੇਤੀ ਕਾਨੂੰਨ ਸਾਰੇ ਕਿਰਤੀ ਲੋਕਾਂ ਲਈ ਮੌਤ ਦੇ ਵਾਰੰਟ ਨੇ, ਇਹਨਾਂ ਨੂੰ ਰੱਦ ਕਰਵਾਏ ਬਿਨਾਂ ਇਹ ਆਰਥਿਕ ਨੀਤੀਆਂ ਦਾ ਹੱਲਾ ਰੋਕਿਆ ਨਹੀਂ ਜਾ ਸਕਦਾ। ਭਾਵੇਂ ਇਹ ਕਾਨੂੰਨ ਰੱਦ ਹੋਣ ਲੋਕਾਂ ਦੀ ਜ਼ਿੰਦਗੀ ਸੌਖੀ ਨਹੀਂ ਹੋਣੀ ਪਰ ਲੋਕਾਂ ਵਿੱਚ ਲੜਣ ਦੀ ਤਾਕਤ ਵਧੇਗੀ ਅਤੇ ਉਹ ਮਾਨਸਿਕ ਤੌਰ ਤੇ ਤਿਆਰ ਹੋਣਗੇ। ਬਲਾਕ ਸਕੱਤਰ ਬੂਟਾ ਸਿੰਘ ਭਾਗੀਕੇ ਨੇ ਕਿਹਾ ਕਿ ਸਾਡੀ ਇਹ ਲੜਾਈ ਬਹੁਤ ਲੰਮੀ ਹੈ ਕੇਂਦਰ ਦੀ ਹਕੂਮਤ ਅਡਾਨੀ ਅੰਬਾਨੀ ਦੀ ਸਰਕਾਰ ਹੈ।ਇਹ ਛੇਤੀ ਕਾਨੂੰਨ ਰੱਦ ਨਹੀਂ ਕਰੇਗੀ। ਇਹ ਘੋਲ਼ ਲੰਮਾ ਚੱਲੋਗਾ ਅਤੇ ਲੰਮਾ ਦਮ ਰੱਖ ਲੜਨਾ ਚਾਹੀਦਾ ਹੈ। ਉਹਨਾਂ ਪੰਜਾਬ ਦੀ ਜਵਾਨੀ ਜੋ ਇਸ ਘੋਲ਼ ਦੀਆਂ ਮੂਹਰਲੀਆਂ ਸਫ਼ਾ ਵਿੱਚ ਹੋ ਕੇ ਕੰਮ ਕਰਨ ਦੇ ਕਾਰਜ ਦੀ ਵੀ ਸ਼ਲਾਘਾ ਕੀਤੀ ਅਤੇ ਜਾਬਤਾ ਬਣਾ ਕੇ ਰੱਖਣ ਦੀ ਅਪੀਲ ਕੀਤੀ। ਕਿਸਾਨ ਘੋਲ਼ ਕਮੇਟੀ ਸਹਾਇਤਾ ਕਮੇਟੀ ਦੇ ਖਜ਼ਾਨਚੀ ਅਤੇ ਨੌਜਵਾਨ ਭਾਰਤ ਸਭਾ ਦੇ ਇਲਾਕਾ ਆਗੂ ਗੁਰਮੁਖ ਸਿੰਘ ਹਿੰਮਤਪੁਰਾ ਨੇਂ ਕਿਹਾ ਕਿ ਜਦੋਂ ਤੱਕ ਨਵੀਆਂ ਆਰਥਿਕ ਨੀਤੀਆਂ ਰੱਦ ਨਹੀਂ ਕੀਤੀਆਂ ਜਾਂਦੀਆਂ ਉਦੋਂ ਇਸ ਤਰ੍ਹਾਂ ਦੇ ਲੋਕ ਵਿਰੋਧੀ ਕਾਲੇ ਕਾਨੂੰਨ ਬਣਦੇ ਰਹਿਣਗੇ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਇਹਨਾਂ ਨਵੀਆਂ ਆਰਥਿਕ ਨੀਤੀਆਂ ਤੇ ਇੱਕਮਤ ਨੇ।ਉਹ ਕਦੇ ਨਹੀਂ ਕਹਿੰਦੀਆਂ ਇਹ ਨੀਤੀਆਂ ਰੱਦ ਹੋਣੀਆਂ ਬਲਕਿ ਇਹ ਨੀਤੀਆਂ ਲਾਗੂ ਕਰਕੇ ਹਮੇਸ਼ਾ ਲੋਕਾਂ ਦੀ ਲੁੱਟ ਦੀ ਭਾਗੀਦਾਰ ਬਣਦੀਆਂ ਨੇ। ਉਹਨਾਂ ਕਿਹਾ ਇਹ ਕਾਨੂੰਨ ਇਕੱਲੇ ਕਿਸਾਨਾਂ ਲਈ
ਬਲਕਿ ਮਜ਼ਦੂਰਾਂ ਲਈ ਵੀ ਖਤਰਨਾਕ ਨੇ। ਜਦੋਂ ਇਹ ਲਾਗੂ ਹੋਣਗੇ ਕਿਸਾਨਾਂ ਨਾਲ ਮਜ਼ਦੂਰਾਂ ਦੀਆ ਵੀ ਸਾਰੀਆਂ ਸਹੂਲਤਾਂ ਚਲੀਆਂ ਜਾਣਗੀਆ। ਸਹਾਇਤਾ ਕਮੇਟੀ ਦੇ ਜਤਨਾਂ ਕਰਕੇ ਮਜ਼ਦੂਰਾਂ ਨੂੰ ਗੱਲ ਸਮਝਾਉਣ ਵਿੱਚ ਕਾਫ਼ੀ ਸਫਲਤਾ ਮਿਲੀ ਹੈ ਇਹ ਕਾਨੂੰਨ ਮਜ਼ਦੂਰਾਂ ਦੇ ਵੀ ਵਿਰੋਧੀ ਹਨ ਤਾਂ ਅੱਜ ਮਜ਼ਦੂਰ ਵੱਡੀ ਵਿੱਚ ਦਿੱਲੀ ਨੂੰ ਗਏ ਨੇ।ਇਸ ਨਾਲ ਕਿਸਾਨਾਂ ਮਜ਼ਦੂਰਾਂ ਦੀ ਸਾਂਝ ਹੋਰ ਪੱਕੀ ਹੋਵੇਗੀ। ਉਹਨਾਂ ਨੌਜਵਾਨਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਪੰਜਾਬ ਅਤੇ ਪੂਰੇ ਭਾਰਤ ਦੀ ਜਵਾਨੀ ਸੰਘਰਸ਼ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਕੰਮ ਕਰ ਰਹੀ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਦੇਸ਼ ਵਿੱਚ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਮੁਲਕ ਹੋਵੇਗਾ।ਇਸ ਸਮੇਂ ਪ੍ਰੋ ਕਰਮਜੀਤ ਕੌਰ ਨੇ ਵੀ ਸੰਬੋਧਨ ਕੀਤਾ। ਨਾਹਰਿਆਂ ਦੀ ਜੁੰਮੇਵਾਰੀ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ ਨੇ ਨਿਭਾਈ। ਇਸ ਸਮੇਂ ਕਿਸਾਨ ਵਰਕਰ ਕਰਤਾਰ ਸਿੰਘ ਪੰਮਾ, ਸ਼ਿੰਗਾਰਾ ਸਿੰਘ ਤਖ਼ਤੂਪੁਰਾ ਅਤੇ ਸੁਰਜੀਤ ਸਿੰਘ ਤਖ਼ਤੂਪੁਰਾ,ਜਸਵੰਤ ਸਿੰਘ, ਗੁਰਬਚਨ ਸਿੰਘ, ਜਗਰਾਜ ਸਿੰਘ, ਬਲਜਿੰਦਰ ਸਿੰਘ, ਜਗਦੇਵ ਸਿੰਘ,ਸੀਰਾ,ਬੂਟਾ ਸਿੰਘ, ਨੌਜਵਾਨ ਭਾਰਤ ਸਭਾ ਦੇ ਮਨਜਿੰਦਰ ਸਿੰਘ, ਮਿੰਟਾ,ਡਿਪਲ ਵੱਡੀ ਗਿਣਤੀ ਵਿੱਚ, ਕਿਸਾਨ, ਮਜ਼ਦੂਰ, ਨੌਜਵਾਨ, ਔਰਤਾਂ, ਦੁਕਾਨਦਾਰ ਅਤੇ ਹੋਰ ਛੋਟੇ ਕਾਰੋਬਾਰੀਆਂ ਹਾਜ਼ਰ ਸਨ।















Leave a Reply