ਡੀ.ਈ.ਓ (ਸੈਕੰਡਰੀ) ਮੋਗਾ ਬੀੜ ਬੱਧਨੀ ਸਕੂਲ ਦਾ ਮਸਲਾ ਜਲਦ ਹੱਲ ਕਰੇ : ਡੀਟੀਐੱਫ ਨਿਹਾਲ ਸਿੰਘ ਵਾਲ਼ਾ

ਬੱਧਨੀ ਕਲਾਂ ਸਕੂਲ ਚੋਂ ਲਗਾਤਾਰ ਆਰਜ਼ੀ ਪ੍ਰਬੰਧ ਕਰਨਾ ਵਾਜਿਬ ਨਹੀਂ

ਨਿਹਾਲ ਸਿੰਘ ਵਾਲਾ  3 ਅਗਸਤ (ਕੀਤਾ ਬਾਰੇ ਵਾਲਾ) ‌ਡੈਮੋਕ੍ਰੈਟਿਕ ਟੀਚਰਜ਼ ਫਰੰਟ ਨਿਹਾਲ ਸਿੰਘ ਵਾਲ਼ਾ ਨੇ ਵਿਸ਼ੇਸ਼ ਤੌਰ ‘ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਬਦਲੀਆਂ ਹੋਣ ਕਾਰਨ ਸਰਕਾਰੀ ਮਿਡਲ ਸਕੂਲ ਬੀੜ ਬੱਧਨੀ ਪੂਰੀ ਤਰ੍ਹਾਂ ਖਾਲੀ ਹੋ ਗਿਆ ਸੀ । ਜੱਥੇਬੰਦੀ ਦੇ ਦਖ਼ਲ ਕਾਰਨ ਪ੍ਰਿੰਸੀਪਲ ਕਰਮਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੱਧਨੀ ਕਲਾਂ ਵੱਲੋਂ ਆਪਣੇ ਸਕੂਲ ਵਿੱਚੋਂ ਆਰਜ਼ੀ ਤੌਰ ਤੇ ਅਧਿਆਪਕ ਭੇਜਕੇ ਬੀੜ ਬੱਧਨੀ ਮਿਡਲ ਸਕੂਲ ਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣੋਂ ਬਚਾਇਆ ਗਿਆ ਹੈ ਪਰ ਇਹ ਸਥਾਈ ਹੱਲ ਨਹੀਂ ਹੈ । ਡੀਟੀਐੱਫ ਨਿਹਾਲ ਸਿੰਘ ਵਾਲ਼ਾ ਦੇ ਪ੍ਰਧਾਨ ਅਮਨਦੀਪ ਮਾਛੀਕੇ , ਸਕੱਤਰ ਗੁਰਮੀਤ ਝੋਰੜਾਂ ਨੇ ਕਿਹਾ ਕਿ ਪੂਰਾ ਮਾਮਲਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੋਗਾ ਦੇ ਧਿਆਨ ਵਿੱਚ ਹੈ । ਉਹਨਾਂ ਕਿਹਾ ਕਿ ਜ਼ਿਆਦਾ ਲੰਬਾ ਸਮਾਂ ਆਰਜ਼ੀ ਤੌਰ ਤੇ ਬੱਧਨੀ ਕਲਾਂ ਸਕੂਲ ਦੇ ਅਧਿਆਪਕਾਂ ਨੂੰ ਵਾਰੀ – ਵਾਰੀ ਤੈਨਾਤ ਕਰਨਾ ਦੋਵਾਂ ਸਕੂਲਾਂ ਦੇ ਬੱਚਿਆਂ ਨਾਲ਼ ਬੇਇਨਸਾਫ਼ੀ ਹੋਵੇਗੀ । ਉਹਨਾਂ ਪੁਰਜ਼ੋਰ ਮੰਗ ਕੀਤੀ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਵੱਲੋਂ ਪੱਕੇ ਤੌਰ ਤੇ ਪ੍ਰੋਪੋਜ਼ਲ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਕੇ ਪੱਕੇ ਤੌਰ ਤੇ ਮਸਲੇ ਦਾ ਹੱਲ ਕੀਤਾ ਜਾਵੇ । ਬਲਾਕ ਨਿਹਾਲ ਸਿੰਘ ਵਾਲ਼ਾ ਦੇ ਮੀਤ ਪ੍ਰਧਾਨ ਸੁਖਜੀਤ ਕੁੱਸਾ ਅਤੇ ਹਰਪ੍ਰੀਤ ਰਾਮਾਂ ਨੇ ਕਿਹਾ ਕਿ ਕਿਸੇ ਵੀ ਅਧਿਆਪਕ ਨਾਲ਼ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਬੱਚਿਆਂ ਦੀ ਪੜ੍ਹਾਈ ਨਾਲ਼ ਬਿਲਕੁਲ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ । ਆਗੂਆਂ ਨੇ ਕਿਹਾ ਕਿ ਜੇਕਰ ਇਸ ਮਸਲੇ ਦਾ ਜਲਦ ਸਥਾਈ ਨਿਪਟਾਰਾ ਨਾ ਕੀਤਾ ਗਿਆ ਤਾਂ ਜੱਥੇਬੰਦੀ ਨੂੰ ਡੀ ਈ ਓ ਮੋਗਾ ਖਿਲ਼ਾਫ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ । ਇਸ ਸਮੇਂ ਬਲਾਕ ਵਿੱਤ ਸਕੱਤਰ ਜਸਵੀਰ ਸੈਦੋਕੇ ,ਸੁਖਮੰਦਰ ਰਣਸੀਂਹ,ਸੰਦੀਪ ਸ਼ਰਮਾਂ ਸੈਦੋਕੇ ,ਨਵਦੀਪ ਧੂੜਕੋਟ, ਕੁਲਵਿੰਦਰ ਚੁੱਘੇ ,ਜਗਜੀਵਨ ਦਾਸ ਆਦਿ ਅਧਿਆਪਕ ਆਗੂ ਹਾਜ਼ਰ ਸਨ ।

 

Leave a Reply

Your email address will not be published. Required fields are marked *