ਟੂਲ ਕਿੱਟਾਂ ਵੰਡਣ ਲਈ ਪਿੰਡ ਰਣੀਆ ਵਿਖੇ ਪੰਜਾਬੀ ਜੁੱਤੀ ਕਲੱਸਟਰ ਦੀ ਪਛਾਣ

4000 ਰੁਪਏ ਕੀਮਤ ਵਾਲੀਆਂ ਕਿੱਟਾਂ ਵੰਡੀਆਂ ਜਾਣਗੀਆਂ ਬਹੁਤ ਹੀ ਰਿਆਇਤੀ ਦਰਾਂ ਉੱਤੇ


ਮੋਗਾ, 22 ਦਸੰਬਰ (ਜਗਰਾਜ ਸਿੰਘ ਗਿੱਲ) 

ਜ਼ਿਲ੍ਹਾ ਮੋਗਾ ਦੇ ਪਿੰਡ ਰਾਣੀਆ ਵਿਖੇ ਪੰਜਾਬੀ ਜੁੱਤੀ ਕਲੱਸਟਰ ਦੀ ਪਛਾਣ ਕੀਤੀ ਗਈ ਹੈ। ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੀ ਟੀਮ ਵੱਲੋਂ ਪਿੰਡ ਦੇ ਕੀਤੇ ਗਏ ਵਿਸ਼ੇਸ਼ ਦੌਰੇ ਦੌਰਾਨ ਜੁੱਤੀਆਂ ਤਿਆਰ ਕਰਨ ਵਾਲੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਦੱਸਿਆ ਕਿ ਲਗਭਗ 70 ਪਰਿਵਾਰ ਹਨ, ਜੋ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੁੱਤੀ ਨਿਰਮਾਣ ਉਦਯੋਗ ਨਾਲ ਜੁੜੇ ਹੋਏ ਹਨ। ਮੀਟਿੰਗ ਨੂੰ ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ ਸਮੇਤ ਬਲਾਕ ਪੱਧਰੀ ਵਿਸਥਾਰ ਅਫ਼ਸਰ ਨਿਰਮਲ ਸਿੰਘ ਅਤੇ ਹਰਜੀਤ ਸਿੰਘ ਨੇ ਸੰਬੋਧਨ ਕੀਤਾ।
ਸੁਖਮਿੰਦਰ ਸਿੰਘ ਰੇਖੀ ਨੇ ਜੁੱਤੀਆਂ ਤਿਆਰ ਕਰਨ ਵਾਲੇ ਪਰਿਵਾਰਾਂ ਨੂੰ ਇੱਕ ਭਾਈਚਾਰੇ ਦੇ ਰੂਪ ਵਿੱਚ ਇਕੱਠੇ ਹੋਣ ਅਤੇ ਉੱਚੀ ਆਰਥਿਕਤਾ ਹਾਸਲ ਕਰਨ ਦੀ ਲੋੜ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਜੁੱਤੀ ਨਿਰਮਾਤਾਵਾਂ ਦੀਆਂ ਵੱਖ-ਵੱਖ ਸਮੱਸਿਆਵਾਂ ਅਤੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਕੇ ਵੀ ਆਈ ਸੀ ਦੇ ਚਮੜੇ ਦੇ ਫੁਟਵੀਅਰ ਉਦਯੋਗ ਲਈ ਅਰਜ਼ੀ ਫਾਰਮ ਜੁੱਤੀਆਂ ਤਿਆਰ ਕਰਨ ਵਾਲੇ ਪਰਿਵਾਰਾਂ ਵਿੱਚ ਵੰਡੇ ਗਏ। ਇਹਨਾਂ ਨੂੰ 4000 ਰੁਪਏ ਦੀ ਲਾਗਤ ਵਾਲੀਆਂ ਲਗਭਗ 70 ਟੂਲ ਕਿੱਟਾਂ ਵੰਡੀਆਂ  ਜਾਣਗੀਆਂ। ਜਨਰਲ ਸ਼੍ਰੇਣੀ ਨਾਲ ਸਬੰਧਤ ਬਿਨੈਕਾਰਾਂ ਦੁਆਰਾ ਸਿਰਫ 20 ਫੀਸਦੀ ਆਪਣਾ ਯੋਗਦਾਨ ਪਾਇਆ ਜਾਣਾ ਹੈ ਜਦਕਿ ਐੱਸ ਸੀ, ਐੱਸ ਟੀ ਅਤੇ ਓ ਬੀ ਸੀ ਨਾਲ ਸਬੰਧਤ ਬਿਨੈਕਾਰਾਂ ਨੂੰ ਸਿਰਫ 10 ਫੀਸਦੀ ਆਪਣੇ ਯੋਗਦਾਨ ਪਾਉਣ ਦੀ ਲੋੜ ਹੋਵੇਗੀ ਜਦਕਿ ਬੀ ਪੀ ਐਲ ਕਾਰਡ ਧਾਰਕਾਂ ਨੂੰ ਇਹ ਕਿੱਟਾਂ ਮੁਫਤ ਵੰਡੀਆਂ ਜਾਣਗੀਆਂ।
ਸਮੂਹ ਪਰਿਵਾਰਾਂ ਨੂੰ ਉਦਯਮ ਰਜਿਸਟ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀ.ਐੱਮ.ਈ.ਜੀ.ਪੀ.) ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸਮੂਹ ਪਰਿਵਾਰਾਂ ਨੂੰ ਵਿਕਾਸ ਕਮਿਸ਼ਨਰ ਹੈਂਡੀਕਰਾਫਟ ਹੁਸ਼ਿਆਰਪੁਰ ਵੱਲੋਂ ਤਿਆਰ ਕੀਤੇ ਜਾਣ ਵਾਲੇ ਪਹਿਚਾਨ ਕਾਰਡ (ਹਸਤਕਲਾ ਕਾਰੀਗਰਾਂ ਲਈ ਸ਼ਨਾਖਤੀ ਕਾਰਡ) ਲਈ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਵੱਖ-ਵੱਖ ਲਾਭ ਪ੍ਰਾਪਤ ਕਰ ਸਕਣ।

Leave a Reply

Your email address will not be published. Required fields are marked *