ਡਰੋਲੀ ਭਾਈ / ਮੋਗਾ, 17 ਅਪ੍ਰੈਲ (ਮਿੰਟੂ ਖੁਰਮੀ , ਗੁਰਪ੍ਰਸਾਦ ਸਿੱਧੂ ) – ਵਿਸ਼ਵ ਭਰ ਵਿੱਚ ਫੈਲੀ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਕੀਤੇ ਜਾ ਰਹੇ ਟੀਕਾਕਰਨ ਵਿੱਚ ਭਾਰੀ ਉਤਸ਼ਾਹ ਨਾਲ ਭਾਗ ਲੈ ਰਹੇ ਜ਼ਿਲ੍ਹਾ ਮੋਗਾ ਦੇ ਪਿੰਡ ਸਾਫੂਵਾਲਾ ਦੇ ਲੋਕਾਂ ਅਤੇ ਇਸ ਕੰਮ ਵਿੱਚ ਮੋਹਰੀ ਭੂਮਿਕਾ ਅਦਾ ਕਰਨ ਵਾਲੀ ਪੰਚਾਇਤ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੌਰ ਉੱਤੇ ਪ੍ਰਸ਼ੰਸਾ ਕੀਤੀ ਹੈ।
ਇਸ ਸਬੰਧੀ ਆਪਣੇ ਨਿੱਜ਼ੀ ਟਵਿੱਟਰ ਹੈਂਡਲ ਤੋਂ ਪਾਈ ਪੋਸਟ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਸਾਫੂਵਾਲਾ ਦੇ ਲੋਕਾਂ ਨੇ ਕਰੋਨਾ ਦੀ ਬਿਮਾਰੀ ਤੋਂ ਬਚਣ ਲਈ ਵੱਧ ਤੋਂ ਵੱਧ ਟੀਕਾਕਰਨ ਕਰਵਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ਉਹਨਾਂ ਐਲਾਨ ਕੀਤਾ ਕਿ ਆਪੋ ਆਪਣੇ ਪਿੰਡਾਂ ਵਿੱਚ 100 ਫੀਸਦੀ ਯੋਗ ਆਬਾਦੀ ਦਾ ਟੀਕਾਕਰਨ ਕਰਾਉਣ ਵਾਲੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮਾਣ ਭੱਤਾ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਟੀਕਾਕਰਨ ਦੀ ਮੁਹਿੰਮ ਪੂਰੇ ਜ਼ੋਰਾਂ ਉੱਤੇ ਜਾਰੀ ਹੈ। ਭਾਰਤ ਸਰਕਾਰ ਦੀਆਂ ਹਦਾਇਤਾਂ ਉੱਤੇ ਪੰਜਾਬ ਵਿੱਚ ਵੀ 45 ਸਾਲ ਤੋਂ ਉਪਰ ਉਮਰ ਵਾਲੇ ਹਰੇਕ ਵਿਅਕਤੀ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਟੀਕਾਕਰਨ ਨੂੰ ਜਿੱਥੇ ਪੜ੍ਹੇ ਲਿਖੇ ਅਤੇ ਸੂਝਵਾਨ ਲੋਕਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਉਥੇ ਹੀ ਅਗਿਆਨਤਾ ਦੇ ਪ੍ਰਭਾਵ ਹੇਠ ਕੁਝ ਲੋਕ ਇਸ ਟੀਕਾਕਰਨ ਬਾਰੇ ਵਹਿਮ ਭਰਮ ਅਤੇ ਭੁਲੇਖ਼ੇ ਪੈਦਾ ਕਰ ਰਹੇ ਹਨ। ਅਜਿਹੇ ਮੌਕੇ ਉੱਤੇ ਪਿੰਡ ਸਾਫੂਵਾਲਾ ਦੇ ਲੋਕ ਕਰੋਨਾ ਨੂੰ ਹਰਾਉਣ ਵਿੱਚ ਮਿਸਾਲ ਬਣ ਕੇ ਉਭਰ ਰਹੇ ਹਨ।
ਕਮਿਊਨਿਟੀ ਹੈਲਥ ਸੈਂਟਰ ਡਰੋਲੀ ਭਾਈ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਇੰਦਰਵੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੀ ਸੂਝਵਾਨ ਪੰਚਾਇਤ ਦੇ ਉੱਦਮ ਕਾਰਨ ਪਿੰਡ ਸਾਫੂਵਾਲਾ ਵਿਖੇ ਸਿਹਤ ਵਿਭਾਗ ਵੱਲੋਂ ਟੀਕਾਕਰਨ ਦਾ ਕੈਂਪ ਲਗਾਇਆ ਗਿਆ, ਜਿਸ ਵਿੱਚ ਇੱਕੋ ਦਿਨ ਪਿੰਡ ਦੇ 45 ਸਾਲ ਤੋਂ ਉਪਰ ਉਮਰ ਦੇ 250 ਵਿਅਕਤੀਆਂ ਨੇ ਟੀਕਾਕਰਨ ਕਰਵਾਇਆ ਸੀ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਪਿੰਡ ਦੇ 120 ਵਿਅਕਤੀਆਂ ਨੇ ਖੁਸ਼ੀ ਖੁਸ਼ੀ ਟੀਕਾਕਰਨ ਕਰਵਾਇਆ ਸੀ। ਡਾ. ਗਿੱਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਰੋਨਾ ਦੇ ਸੈਂਪਲ ਲੈਣ ਦੀ ਮੁਹਿੰਮ ਦੌਰਾਨ ਵੀ ਪਿੰਡ ਵਾਸੀਆਂ ਨੇ ਬਹੁਤ ਉਤਸ਼ਾਹ ਨਾਲ ਸਿਹਤ ਵਿਭਾਗ ਦਾ ਸਹਿਯੋਗ ਕੀਤਾ ਸੀ।
ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਪਿੰਡ ਸਾਫੂਵਾਲਾ ਦੇ ਸਰਪੰਚ ਸ੍ਰ ਲਖਵੰਤ ਸਿੰਘ ਅਤੇ ਪੰਚਾਇਤ ਦੀ ਸ਼ਲਾਘਾ ਕਰਦਿਆਂ ਹੋਰਾਂ ਪੰਚਾਇਤਾਂ ਨੂੰ ਵੱਧ ਤੋਂ ਵੱਧ ਸੈਂਪਲ ਕਰਾਉਣ ਅਤੇ ਟੀਕਾਕਰਨ ਕਰਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਟੀਕਾਕਰਨ ਵਿੱਚ ਵਧੀਆ ਕੰਮ ਕਰਨ ਵਾਲੀਆਂ ਪੰਚਾਇਤਾਂ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਢੁੱਕਵਾਂ ਸਨਮਾਨ ਕੀਤਾ ਜਾਵੇਗਾ। ਸ਼੍ਰੀ ਹੰਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਕਰਨ ਲਈ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ।
Leave a Reply