ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਆਂਗਣਵਾੜੀ ਸੈਂਟਰਾਂ, ਸਕੂਲਾਂ ਅਤੇ ਰਾਸ਼ਨ ਡਿਪੂਆਂ ਦੀ ਅਚਨਚੇਤ ਚੈਕਿੰਗ

ਜਨੇਰ ਦੇ ਆਂਗਣਵਾੜੀ ਸੈਂਟਰ ਵਿਖੇ ਰਾਸ਼ਨ ਨੂੰ ਨਿੱਜੀ ਘਰ ਵਿੱਚ ਰੱਖਣ ਕਰਕੇ ਸੈਂਟਰ ਦੇ ਪ੍ਰਬੰਧਕਾਂ ਨੂੰ ਸਖਤ ਤਾੜਨਾ

ਨੈਸ਼ਨਲ ਫੂਡ ਸਕਿਉਰਿਟੀ ਐਕਟ ਅਤੇ ਦੀ ਪੰਜਾਬ ਫੂਡ ਸਕਿਉਰਿਟੀ ਰੂਲਜ਼ ਦੀ ਉਲੰਘਣਾ ਕਮਿਸ਼ਨ ਨਹੀਂ ਕਰੇਗਾ ਬਰਦਾਸ਼ਤ – ਚੇਤਨ ਪ੍ਰਕਾਸ਼ ਧਾਲੀਵਾਲ

ਧਰਮਕੋਟ/ਮੋਗਾ, 17 ਫਰਵਰੀ  (ਜਗਰਾਜ ਸਿੰਘ ਗਿੱਲ)

ਨੈਸ਼ਨਲ ਫੂਡ ਸਕਿਉਰਿਟੀ ਐਕਟ-2013 ਅਤੇ ਦੀ ਪੰਜਾਬ ਫੂਡ ਸਕਿਉਰਿਟੀ ਰੂਲਜ਼ 2016 ਨੂੰ ਇੰਨ-ਬਿੰਨ ਲਾਗੂ ਕਰਨ ਅਤੇ ਇਸ ਐਕਟ ਤਹਿਤ ਆਮ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਉਣ ਦੇ ਮਕਸਦ ਵਜੋਂ ਅੱਜ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਜ਼ਿਲ੍ਹਾ ਮੋਗਾ ਦੀ ਤਹਿਸੀਲ ਧਰਮਕੋਟ ਦੇ ਜਨੇਰ, ਲੋਹਾਰਾ, ਕਮਾਲਕੇ, ਭਿੰਡਰ ਕਲਾਂ ਅਤੇ ਹੋਰ ਥਾਵਾਂ ਦੇ ਆਂਗਣਵਾੜੀ ਸੈਂਟਰਾਂ, ਸਕੂਲਾਂ ਅਤੇ ਸਰਕਾਰੀ ਰਾਸ਼ਨ ਡਿਪੂਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਅਚਨਚੇਤੀ ਦੌਰੇ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਜਨੇਰ ਵਿਖੇ ਚੱਲ ਰਹੇ ਆਂਗਨਵਾੜੀ ਸੈਂਟਰ ਵਿਖੇ ਰਾਸ਼ਨ ਨੂੰ ਨਿੱਜੀ ਘਰ ਵਿੱਚ ਸਟੋਰ ਕਰ ਕੇ ਰੱਖਣ ਨੂੰ ਗੰਭੀਰਤਾ ਨਾਲ ਲੈਂਦਿਆਂ ਚੇਤਨ ਪ੍ਰਕਾਸ਼ ਨੇ ਆਂਗਨਵਾੜੀ ਦੇ ਪ੍ਰਬੰਧਕਾਂ ਨੂੰ ਸਖਤ ਤਾੜਨਾ ਕੀਤੀ। ਇਸ ਤੋਂ ਇਲਾਵਾ ਇਸ ਚੈਕਿੰਗ ਦੌਰਾਨ ਹੋਰ ਵੀ ਜੋ ਛੋਟੀਆਂ ਮੋਟੀਆਂ ਕਮੀਆਂ ਮੈਂਬਰ ਦੇ ਧਿਆਨ ਵਿੱਚ ਆਈਆਂ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਦੂਰ ਕਰਨ ਦੇ ਸਖਤ ਦਿਸ਼ਾ-ਨਿਰਦੇਸ਼ ਉਨ੍ਹਾਂ ਵੱਲੋਂ ਸਬੰਧਤਾਂ ਨੂੰ ਜਾਰੀ ਕੀਤੇ ਗਏ।

ਆਂਗਣਵਾੜੀ ਸੈਂਟਰਾਂ ਦੀ ਚੈਕਿੰਗ ਸਮੇਂ ਉਨ੍ਹਾਂ ਹਦਾਇਤ ਜਾਰੀ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ ਸੁਪਰਵਾਈਜ਼ਰਾਂ ਵੱਲੋਂ ਸੈਂਟਰਾਂ ਦੀਆਂ ਪ੍ਰਭਾਵਸ਼ਾਲੀ ਤਰੀਕੇ ਨਾਲ ਚੈਕਿੰਗਾਂ ਕਰਨ ਨੂੰ ਯਕੀਨੀ ਬਣਾਇਆ ਜਾਵੇ, ਕਿਉਂਕਿ ਅਜਿਹੀਆਂ ਚੈਕਿੰਗਾਂ ਸੈਂਟਰਾਂ ਦੀ ਹਾਲਤ ਵਿੱਚ ਹੋਰ ਸੁਧਾਰ ਕਰਨ ਵਿੱਚ ਮੀਲ ਪੱਥਰ ਸਾਬਿਤ ਹੁੰਦੀਆਂ ਹਨ।

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਨੇ ਆਮ ਜਨਤਾ ਦੀ ਜਾਣਕਾਰੀ ਲਈ ਦੱਸਿਆ ਕਿ ਪਹਿਲਾਂ ਜਿਹੜਾ ਰਾਸ਼ਨ 2 ਰੁਪਏ ਕਿਲੋ ਮਿਲਦਾ ਸੀ ਉਹ ਹੁਣ ਬਿਲਕੁਲ ਮੁਫ਼ਤ ਮਿਲਦਾ ਹੈ। ਇਸ ਕਰਕੇ ਲਾਭਪਾਤਰੀਆਂ ਨੂੰ ਰਾਸ਼ਨ ਲੈਣ ਬਦਲੇ ਕੋਈ ਵੀ ਪੈਸਾ ਨਹੀਂ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਸਰਕਾਰੀ ਰਾਸ਼ਨ ਡਿਪੂਆਂ, ਆਂਗਣਵਾੜੀ ਕੇਂਦਰਾਂ ਜਾਂ ਸਕੂਲਾਂ ਦੇ ਮਿਡ ਡੇ ਮੀਲ ਸਬੰਧੀ ਕੋਈ ਸ਼ਿਕਾਇਤ ਕਰਨੀ ਹੈ ਤਾਂ ਉਹ ਕਮਿਸ਼ਨ ਦੀ ਵੈਬਸਾਈਟ https://psfc.punjab.gov.in/ ਉੱਪਰ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਆਮ ਜਨਤਾ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 98767-64545 ਵੀ ਜਾਰੀ ਕੀਤਾ ਹੋਇਆ ਹੈ ਜਿਸਦਾ ਕਿ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।

 

ਅਖੀਰ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਹੋਰ ਚੈਕਿੰਗਾਂ ਸਮੇਂ ਸਮੇਂ ‘ਤੇ ਕੀਤੀਆਂ ਜਾਣਗੀਆਂ ਅਤੇ ਨੈਸ਼ਨਲ ਫੂਡ ਸਕਿਉਰਿਟੀ ਐਕਟ-2013 ਅਤੇ ਦੀ ਪੰਜਾਬ ਫੂਡ ਸਕਿਉਰਿਟੀ ਰੂਲਜ਼-2016 ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਫੂਡ ਕਮਿਸ਼ਨ ਆਮ ਜਨਤਾ ਨੂੰ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।ਇਸ ਤੋਂ ਪਹਿਲਾਂ ਉਹਨਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਭਾਸ਼ ਚੰਦਰ, ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਗੀਤਾ ਬਿਸ਼ੰਭੂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

 

Leave a Reply

Your email address will not be published. Required fields are marked *