ਡਾ. ਸਰਬਜੀਤ ਕੌਰ ਬਰਾੜ ਦੇ ਪਲੇਠੇ ਗ਼ਜ਼ਲ ਕਾਵਿ ਸੰਗ੍ਰਹਿ,”ਤੂੰ ਆਵੀ…” ਦਾ ਲੋਕ ਅਰਪਣ 

ਸਮਾਗਮ ਵਿੱਚ ਜਸਟਿਸ ਮਹਿਤਾਬ ਸਿੰਘ ਗਿੱਲ, ਕਰਨਲ ਬਾਬੂ ਸਿੰਘ, ਮਾਲਵਿਕਾ ਸੂਦ ਤੋਂ ਇਲਾਵਾ ਵੱਡੀ ਗਿਣਤੀ ਸਾਹਿਤਕਾਰਾਂ ਨੇ ਕੀਤੀ ਸ਼ਿਰਕਤ

ਮੋਗਾ, 27 ਅਕਤੂਬਰ (ਜਗਰਾਜ ਸਿੰਘ ਗਿੱਲ)

  • ਬੀਤੇ ਦਿਨੀਂ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ

ਤੇ ਸਰਬ ਕਲਾ ਭਰਪੂਰ ਸਮਾਜ ਸੇਵਾ ਸੁਸਾਇਟੀ ਪੰਜਾਬ. ਦੇ ਸਹਿਯੋਗ ਨਾਲ ਡਾ. ਸਰਬਜੀਤ ਕੌਰ ਬਰਾੜ ਦੇ ਪਲੇਠੇ ਗ਼ਜ਼ਲ-ਕਾਵਿ-ਸੰਗ੍ਰਹਿ ‘ਤੂੰ ਆਵੀਂ.’ ਦਾ ਲੋਕ ਅਰਪਣ ਸਮਾਗਮ ਯਾਦਗਾਰੀ ਹੋ ਨਿੱਬੜਿਆ। ਇਹ ਸਮਾਗਮ ਸੰਤੋਸ਼ ਸੇਠੀ ਹਾਲ, ਸ਼ਹੀਦੀ ਪਾਰਕ, ਮੋਗਾ ਵਿਖੇ ਅਰੰਭ ਹੋਇਆ ਅਤੇ ਦੇਰ ਸ਼ਾਮ ਤੱਕ ਪੂਰੇ ਸਲੀਕੇ ਅਤੇ ਅਨੁਸ਼ਾਸਨਬੱਧ ਢੰਗ ਨਾਲ ਨਿਰਵਿਘਨ ਚਲਦਾ ਰਿਹਾ। ਮੁੱਖ ਬੁਲਾਰੇ ਵਜੋਂ ਪ੍ਰੋ. ਨਿੰਦਰ ਘੁਗਿਆਣਵੀ ਨੇ “ਤੂੰ ਆਵੀਂ…” ਕਿਤਾਬ ਦੇ ਹਵਾਲੇ ਨਾਲ ਡਾ. ਸਰਬਜੀਤ ਕੌਰ ਬਰਾੜ ਨੂੰ ਹਿੰਮਤ, ਸਿਰੜ, ਸੰਜੀਦਗੀ ਅਤੇ ਸਿੱਦਕ ਨਾਲ ਲਿਖਦੇ ਰਹਿਣ ਲਈ ਆਸ਼ੀਰਵਾਦ ਦਿੱਤਾ।

ਕਹਾਣੀਕਾਰ ਜਸਵੀਰ ਰਾਣਾ ਨੇ ਕਿਹਾ ‘ਤੂੰ ਆਵੀਂ’ ਇੱਕ ਕਿਤਾਬ ਹੀ ਨਹੀਂ ਸਗੋਂ ਇੱਕ ਸੰਪੂਰਣ ਥੈਰੇਪੀ ਹੈ ਜੋ ਮਾਨਸਿਕ ਤੌਰ ਉੱਤੇ ਪਾਠਕਾਂ ਨੂੰ ਮਜ਼ਬੂਤ ਬਣਾਏਗੀ ਅਤੇ ਬੀਮਾਰੀਆਂ ਦਾ ਇਲਾਜ ਕਰੇਗੀ । ਮੁੱਖ ਮਹਿਮਾਨ ਜਸਟਿਸ ਮਹਿਤਾਬ ਸਿੰਘ ਗਿੱਲ ਐਕਟਿੰਗ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ(ਰਿਟਾ) ਨੇ ਬਹੁਤ ਹੀ ਸਹਿਜ ਲਹਿਜੇ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਕਵੀ ਦੇ ਖ਼ਿਆਲ ਦਿਲੋਂ ਨਿਕਲਦੇ ਹਨ ਅਤੇ ਅੱਖਰਾਂ ਵਿੱਚ ਤਬਦੀਲ ਹੋ ਕੇ ਸਮਾਜ ਨੂੰ ਰਸਤਾ ਦਿਖਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕਵੀ ਬਹੁਤ ਹੀ ਡੂੰਘੇ ਵਿਚਾਰਾਂ ਵਾਲੇ ਹੁੰਦੇ ਹਨ। ਜੱਜ ਸਾਹਿਬ ਨੇ ਡਾਕਟਰ ਸਰਬਜੀਤ ਦੇ ਵੱਡ ਵਡੇਰੇ ਸ ਦਲੀਪ ਸਿੰਘ ਬਾਰੇ ਦੱਸਿਆ ਕਿ ਉਨ੍ਹਾਂ ਵਰਗੇ ਨੇਕ ਅਤੇ ਸੂਝਵਾਨ ਇਨਸਾਨ ਸਦੀਆਂ ਬਾਅਦ ਹੀ ਪੈਦਾ ਹੁੰਦੇ ਹਨ।

ਮਾਲਵਿਕਾ ਸੂਦ ਸੱਚਰ ਹਲਕਾ ਇੰਚਾਰਜ ਕਾਂਗਰਸ ਨੇ ਆਪਣੇ ਭਾਸ਼ਣ ਦੌਰਾਨ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸਮਾਗਮ ਦਾ ਹਿੱਸਾ ਬਣਨਾ ਉਹਨਾਂ ਲਈ ਫ਼ਖ਼ਰ ਵਾਲੀ ਗੱਲ ਹੈ। ਸਾਹਿਤਕਾਰ ਕੇ ਐਲ ਗਰਗ ਨੇ ਵੀ ਤਾਰੀਫ਼ ਨੁਮਾ ਸ਼ਬਦਾ ਨਾਲ ਬੋਲਿਆ ਮੋਗਾ ਸ਼ਹਿਰ ਨੂੰ ਇੱਕ ਉਭਰਦੀ ਗ਼ਜ਼ਲਗੋ ਮਿਲ ਚੁੱਕੀ ਹੈ, ਜੋ ਬਹੁਤ ਹੀ ਮਾਣ ਵਾਲੀ ਗੱਲ ਹੈ। ਗੀਤਕਾਰ ਅਤੇ ਗਾਇਕ ਬਲਧੀਰ ਮਾਹਲਾ ਨੇ ਆਪਣੇ ਨਵੇਂ ਗੀਤ ਨਾਲ ਹਾਜ਼ਰੀ ਲਗਵਾਈ ਅਤੇ ਤੂੰ ਆਵੀਂ ਲਈ ਵਧਾਈਆਂ ਦਿੱਤੀਆਂ। ਡਾ. ਸੁਰਜੀਤ ਬਰਾੜ ਨੇ ਆਖਿਆ ਇਹ ਕਿਤਾਬ ਪਾਠਕਾਂ ਵਿੱਚ ਗਿਆਨ ਦੀ ਚਿਣਗ ਪੈਦਾ ਕਰੇਗੀ ਅਤੇ ਮਨੁੱਖ ਨੂੰ ਆਪਣਾ ਸਹੀ ਫਰਜ਼ ਨਿਭਾਉਣ ਲਈ ਪ੍ਰੇਰਿਤ ਕਰੇਗੀ। ਸਾਹਿਤਕਾਰ ਗੁਰਮੇਲ ਸਿੰਘ ਬੌਡੇ ਨੇ ਤੂੰ ਆਵੀਂ ਕਿਤਾਬ ਦੀ ਤੁਲਨਾ ਮਸ਼ਹੂਰ ਲੇਖਕ ਸੋਹਣ ਸਿੰਘ ਸੀਤਲ ਅਤੇ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਦੀਆਂ ਲਿਖਤਾਂ ਨਾਲ ਕਰਦਿਆਂ ਕਿਹਾ ਕਿ ਹਰ ਰਚਨਾ ਸਮਾਜ ਨੂੰ ਜੀਵਨ ਜਾਚ ਸਿਖਾਉਣ ਦੀ ਹੈਸੀਅਤ ਰੱਖਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਪਾਠਕ ਕਿਸੇ ਸਮੇਂ ਬਲਦੇਵ ਸਿੰਘ ਸੜਕਨਾਮਾ ਅਤੇ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਸੀ ਉਸੇ ਤਰ੍ਹਾਂ ਤੂੰ ਆਵੀਂ ਕਿਤਾਬ ਵਾਸਤੇ ਪਾਠਕਾਂ ਵਿੱਚ ਉਤਸੁਕਤਾ ਸੀ । ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਤਾਬ ਦੀਆਂ ਰਚਨਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਿਤਾਬ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਹੈ ਅਤੇ ਸ਼ਾਇਰਾ ਦੀ ਚੇਤੰਨ ਬੁੱਧੀ ਤੋਂ ਸੇਧ ਲੈਣੀ ਚਾਹੀਦੀ ਹੈ। ਕੈਪਟਨ ਜਸਵੰਤ ਸਿੰਘ ਪੰਡੋਰੀ ਅਧਿਆਪਕ ਤੇ ਗੁਰਕਮਲ ਸਿੰਘ ਨੇ ਤੂੰ ਆਵੀਂ ਗੀਤ ਨੂੰ ਬਹੁਤ ਹੀ ਮਧੁਰ ਸੰਗੀਤ ਵਿੱਚ ਗਾਇਨ ਕਰਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਇਸ ਸਮਾਗਮ ਦੀ ਖਾਸੀਅਤ ਰਹੀ ਕਿ ਜਿੱਥੇ ਉਭਰਦੇ ਲੇਖਕ ਸਤਕਾਰ ਸਿੰਘ ਨੇ ਕਵਿਤਾ ਨਾਲ ਹਾਜ਼ਰੀ ਲਗਵਾ ਕੇ ਸਰੋਤਿਆਂ ਦਾ ਦਿਲ ਜਿੱਤਿਆ, ਉੱਥੇ ਹੀ 1965 ਭਾਰਤ ਪਾਕਿਸਤਾਨ ਯੁੱਧ ਦੇ ਜੰਗੀ ਯੋਧੇ ਨਾਇਕ ਦਰਸ਼ਨ ਸਿੰਘ ਤੇ ਵੈਟਰਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਕੈਪਟਨ ਬਿੱਕਰ ਸਿੰਘ ਕੈਪਟਨ ਜਗਰਾਜ ਸਿੰਘ ਸੂਬੇਦਾਰ ਦਾਰ ਮੇਜਰ ਤਰਸੇਮ ਸਿੰਘ ਨੇ ਡਾਕਟਰ ਸਾਹਿਬ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਡਾਕਟਰ ਸਰਬਜੀਤ ਕੌਰ ਬਰਾੜ ਨੇ ਹੱਥਾਂ ਦੇ ਅੱਟਣ ਅਤੇ ਪਗਡੰਡੀਆਂ ਕਵਿਤਾ ਨੂੰ ਤਰੰਨੁਮ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਦਿੱਤਾ ਅਤੇ ਸਮਾਗਮ ਵਿੱਚ ਪਹੁੰਚਣ ਲਈ ਪਾਠਕਾਂ ਦਾ ਦਿਲੋ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਅਧਿਆਪਕਾ ਪਰਮਿੰਦਰ ਕੌਰ ਅਤੇ ਗੁਰਬਿੰਦਰ ਕੌਰ ਗਿੱਲ ਨੇ ਬਾਖ਼ੂਬੀ ਨਿਭਾਈ ਅਤੇ ਆਪਣੀ ਮਧੁਰ ਆਵਾਜ਼ ਅਤੇ ਅੰਦਾਜ਼ ਨਾਲ ਸਮਾਗਮ ਨੂੰ ਬੁਲੰਦੀਆਂ ਛੂਹਣ ਲਗਾ ਦਿੱਤਾ। ਇੰਸਪੈਕਟਰ ਕੁਲਵਿੰਦਰ ਕੌਰ ਤੇ ਉਨ੍ਹਾਂ ਦੇ ਸਮੂਹ ਸਟਾਫ ਨੇ ਸਮਾਗਮ ਵਿੱਚ ਹਾਜ਼ਰੀ ਲਗਵਾਈ। ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ ਗਿਆਨ ਸਿੰਘ, ਐਡਵੋਕੇਟ ਅਦਿੱਤੀ ਗੁਪਤਾ, ਇੰਦਰਜੀਤ ਸਿੰਘ ਗਿੱਲ, ਉਮੇਸ਼ ਛਾਬੜਾ, ਲੇਖਕ ਗੁਰਦਾਸ ਸੰਧੂ, ਕਲਾਕਾਰ ਪੁਰੀ ਘੋਲੀਆ , ਲੱਕੀ ਮੋਗਾ, ਅੱਖਰਕਾਰ ਰੁਪਿੰਦਰ ਕੌਰ ਬਲਾਸੀ, ਜੰਗੀ ਯੋਧੇ ਹਰਦੀਪ ਸਿੰਘ, ਸੇਵਕ ਸਿੰਘ, ਦਲਜੀਤ ਸਿੰਘ, ਜਗਸੀਰ ਸਿੰਘ, ਬਲਜਿੰਦਰ ਸਿੰਘ, ਜਰਨੈਲ ਸਿੰਘ , ਸੂਬਾ ਸਿੰਘ , ਸਕੱਤਰ ਸਿੰਘ, ਗੁਰਪ੍ਰੀਤ ਸਿੰਘ, ਸੁੰਦਰ ਸਿੰਘ, ਕਰਮਜੀਤ ਸਿੰਘ ਅਤੇ ਹਰਮਨ ਸਿੰਘ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਾਮਲ ਹੋਏ।

ਕਵੀ ਦਰਬਾਰ ਵਿੱਚ ਇੰਨਕਲਾਬੀ ਕਵੀ ਪ੍ਰਸ਼ੋਤਮ ਪੱਤੋ, ਜਸਵੀਰ ਸਿੰਘ ਕਲਸੀ, ਜਸਵੰਤ ਸਮਾਲਸਰ, ਸੋਨੀ ਮੋਗਾ, ਲਾਲੀ ਕਰਤਾਰਪੁਰੀ, ਹਰਪ੍ਰੀਤ ਸ਼ਾਇਰ, ਜਸਵੰਤ ਸਿੰਘ ਰਾਉਕੇ, ਗਿੱਲ ਬਾਗ਼ੀ , ਜਸਵੀਰ ਦੱਦਾਹੂਰ ਅਤੇ ਨਵਦੀਪ ਸ਼ਰਮਾ ਨੇ ਭਾਗ ਲਿਆ। ਇਸ ਤੋਂ ਇਲਾਵਾ ਸਾਹਿਤਕਾਰ ਸੁਰਜੀਤ ਦੌਧਰ, ਜੰਗੀ ਯੋਧੇ ਬਿੱਕਰ ਸਿੰਘ, ਤਰਸੇਮ ਸਿੰਘ, ਸੁਰਜੀਤ ਸਿੰਘ, ਹਰਦਿਆਲ ਸਿੰਘ, ਸੁਮਨ ਕਾਂਤ ਵਿਜ ਅਤੇ ਪ੍ਰੇਮ ਸਿੰਗਲ ਵੀ ਮੌਜੂਦ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨਲ ਬਾਬੂ ਸਿੰਘ ਨੇ ਕਿਹਾ ਕਿ ਤੂੰ ਆਵੀਂ ਕਿਤਾਬ ਪੜ੍ਹਨ ਤੇ ਸਾਂਭਣ ਯੋਗ ਖਲੜਾ ਹੈ ਹਰ ਇੱਕ ਨੂੰ ਪੜ੍ਹਨਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਇਹ ਲੋਕ ਅਰਪਣ ਸਮਾਗਮ ਯਾਦਗਾਰੀ ਹੋ ਨਿੱਬੜਿਆ ਹੈ ਅਤੇ ਇਹ ਕਿਤਾਬ ਪਾਠਕਾਂ ਨੂੰ ਬਹੁਤ ਪਸੰਦ ਆਵੇਗੀ । ਉਨ੍ਹਾਂ ਇਹ ਵੀ ਕਿਹਾ ਕਿ ਡਾਕਟਰ ਸਰਬਜੀਤ ਜਲਦੀ ਹੀ ਆਪਣੀ ਨਵੀਂ ਕਿਤਾਬ ਲੈਕੇ ਜਨਤਾ ਦੀ ਕਚਹਿਰੀ ਵਿੱਚ ਹਾਜ਼ਰ ਹੋਣ ਦੀ ਕੋਸ਼ਿਸ਼ ਕਰਨਗੇ। ਅੰਤ ਵਿੱਚ ਡਾਕਟਰ ਬਰਾੜ ਨੇ ਪਿਆਰ ਅਤੇ ਸਤਿਕਾਰ ਬਖਸ਼ਣ ਲਈ ਪਤਵੰਤੇ ਪਾਠਕਾਂ , ਸਰੋਤਿਆਂ , ਬੁਲਾਰਿਆਂ, ਰਿਸ਼ਤੇਦਾਰਾਂ, ਮਹਿਮਾਨਾਂ ਅਤੇ ਪੱਤਰਕਾਰਾਂ ਦਾ ਧੰਨਵਾਦ ਕੀਤਾ।

 

ਨਿਊਜ਼ ਪੰਜਾਬ ਦੀ ਚੈਨਲ ਤੇ ਆਪਣੀ ਇੰਟਰਵਿਊ ਕਰਵਾਉਣ ਲਈ ਸੰਪਰਕ ਕਰੋ 

97000-65709

 

Leave a Reply

Your email address will not be published. Required fields are marked *