ਰਾਤ ਕਰਫਿਊ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਵਿੱਚ 31 ਦਸੰਬਰ ਤੱਕ ਰਹੇਗਾ ਲਾਗੂ-ਜ਼ਿਲ੍ਹਾ ਮੈਜਿਸਟ੍ਰੇਟ
ਮੋਗਾ, 16 ਦਸੰਬਰ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਕੋਵਿਡ-19 ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹੇ ਵਿੱਚ ਕੁਝ ਪਾਬੰਦੀਆਂ ਲਗਾਈਆਂ ਗਈਆਂ ਸਨ। ਇਨ੍ਹਾਂ ਪਾਬੰਦੀਆਂ ਵਿੱਚ ਹੁਣ ਵਾਧਾ ਕੀਤਾ ਗਿਆ ਹੈ, ਇਹ 31 ਦਸੰਬਰ, 2020 ਤੱਕ ਜਾਰੀ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਕੋਵਿਡ-19 ਨਾਲ ਨਿਪਟਣ ਲਈ ਪੰਜਾਬ ਸਰਕਾਰ ਨੇ ਮਿਸ਼ਨ ਫਤਹਿ ਤਹਿਤ ਸਮੇਂ ਸਮੇਂ ਤੇ ਪਾਬੰਦੀਆਂ ਜਾਰੀ ਕੀਤੀਆਂ ਤਾਂ ਕਿ ਪੰਜਾਬ ਵਾਸੀ ਇਸਦੇ ਸੰਕਰਮਣ ਦਾ ਸ਼ਿਕਾਰ ਹੋਣ ਤੋਂ ਬਚ ਸਕਣ।ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਬੰਦੀਆਂ ਤਹਿਤ ਜ਼ਿਲ੍ਹਾ ਮੋਗਾ ਅਧੀਨ ਆਉਂਦੇ ਮਿਉਂਸਪਲ ਸਿਟੀਜ਼ ਅਤੇ ਟਾਊਨਜ਼ ਨਗਰ ਨਿਗਮ ਮੋਗਾ, ਨਗਰ ਕੌਂਸਲ ਬਾਘਾਪੁਰਾਣਾ, ਧਰਮਕੋਟ, ਨਿਹਾਲ ਸਿੰਘ ਵਾਲਾ ਅਤੇ ਨਗਰ ਪੰਚਾਇਤ ਬੱਧਨੀਂ ਕਲਾਂ, ਕੋਟ ਈਸੇ ਖਾਂ, ਫਤਹਿਗੜ੍ਹ ਪੰਜਤੂਰ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਹਫ਼ਤੇ ਦੇ ਸਾਰੇ ਦਿਨ 31 ਦਸੰਬਰ, 2020 ਤੱਕ ਰਾਤ ਦਾ ਕਰਫਿਊ ਲਗਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਨਡੂਰ ਸਮਾਰੋਹ ਵਿੱਚ ਵੱਧ ਤੋਂ ਵੱਧ 100 ਵਿਅਕਤੀਆਂ ਅਤੇ ਆਊਟਡੋਰ ਸਮਾਰੋਹ ਵਿੱਚ ਵੱਧ ਤੋਂ ਵੱਧ 250 ਵਿਅਕੀਆਂ ਦੇ ਇਕੱਠ ਦੀ ਮਨਜੂਰੀ ਹੋਵੇਗੀ। ਹੋਟਲ, ਰੈਸਟੋਰੈਂਟ, ਮੈਰਿਜ਼ ਪੈਲੇਸ/ਰਿਜੋਰਟਸ ਆਦਿ ਦੇ ਬੰਦ ਹੋਣ ਦਾ ਸਮਾਂ ਰਾਤ 10 ਵਜੇ ਦਾ ਹੋਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਅਤੇ ਇੰਡੀਅਨ ਪੈਨਲ ਕੋਡ ਦੀ ਧਾਰਾ 188 ਤਹਿਤ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।