ਮੋਗਾ, 23 ਸਤੰਬਰ (ਜਗਰਾਜ ਗਿੱਲ)
ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸੁਰੱਖਿਆ ਪ੍ਰਬੰਧਾਂ ਅਤੇ ਨਿੱਤ ਦਿਨ ਦੀ ਆਵਾਜਾਈ ਨੂੰ ਹੋਰ ਸੌਖਾ ਕਰਨ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਿਊਟੀ ਕਰਨ ਵਾਲੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਸ਼ੇਸ਼ ਸ਼ਨਾਖਤੀ ਕਾਰਡ ਅਤੇ ਵਾਹਨਾਂ ਦੇ ਸਟਿੱਕਰ ਜਾਰੀ ਕਰਨ ਦਾ ਫੈਸਲਾ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਹ ਫੈਸਲਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸੁਰੱਖਿਆ ਨੂੰ ਹੋਰ ਮਜਬੂਤ ਕਰਨ ਲਈ ਲਿਆ ਗਿਆ ਹੈ। ਉਹਨਾਂ ਕਿਹਾ ਕਿ ਸ਼ਨਾਖਤੀ ਕਾਰਡ ਅਤੇ ਵਾਹਨਾਂ ਦੇ ਸਟਿੱਕਰ ਤਿਆਰ ਕਰਨ ਦਾ ਕੰਮ ਮੁਕੰਮਲ ਹੋਣ ਵਾਲਾ ਹੈ।ਜਲਦ ਹੀ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਕਾਰਡ ਅਤੇ ਵਾਹਨ ਸਟਿੱਕਰ ਜਾਰੀ ਕਰ ਦਿੱਤੇ ਜਾਣਗੇ।
ਉਨ੍ਹਾਂ ਹੋਰ ਸਪਸ਼ਟ ਕੀਤਾ ਕਿ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਫ਼ਤਰ ਆਉਣ ਜਾਣ ਲਈ ਆਪਣੀ ਸ਼ਨਾਖਤ ਦੇ ਸਬੂਤ ਵਜੋ ਇਹ ਕਾਰਡ ਹਰ ਵਕਤ ਆਪਣੇ ਨਾਲ ਰੱਖਣਾ ਜਰੂਰੀ ਹੋਵੇਗਾ। ਦਫ਼ਤਰੀ ਸਮੇ ਤੋ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਉਣ ਜਾਣ ਦੌਰਾਨ ਮੰਗੇ ਜਾਣ ‘ਤੇ ਇਹ ਕਾਰਡ ਦਿਖਾਉਣ ਦੀ ਜ਼ਰੂਰਤ ਪਵੇਗੀ। ਇਸ ਨਾਲ ਹੁਣ ਕੰਪਲੈਕਸ ਵਿੱਚ ਆਉਣ ਵਾਲੇઠਸ਼ੱਕੀ ਜਾਂ ਅਣਪਛਾਤੇ ਵਿਅਕਤੀਆਂ ਉਤੇ ਵੀ ਨਜ਼ਰ ਰਹੇਗੀ। ਉਹਨਾਂ ਕਿਹਾ ਕਿ ਇਸ ਨਾਲ ਆਮ ਪਬਲਿਕ ਨੂੰ ਆਉਣ ਜਾਣ ਦੀ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਉਪਰਾਲੇ ਲਈ ਉਹਨਾਂ ਸਮੂਹ ਧਿਰਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।