ਤਿੰਨ ਤਿੰਨ ਮਹੀਨਿਆਂ ਤੋਂ ਦਸਵੀਂ ਬਾਰ੍ਹਵੀਂ ਦੇ ਅਪਲਾਈ ਕੀਤੇ ਸਰਟੀਫਿਕੇਟ ਨਹੀਂ ਭੇਜ ਰਿਹਾ ਬੋਰਡ
ਕੋਟ ਈਸੇ ਖਾਂ 09 ਜੂਨ
(ਜੀਤਾ ਸਿੰਘ ਨਾਰੰਗ,ਜਗਰਾਜ ਸਿੰਘ ਗਿੱਲ)
ਇਕ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰਤੀ ਵਿਦਿਆਰਥੀਆਂ ਦੀ ਪਹਿਲਾਂ ਹੀ ਨਾਰਾਜ਼ਗੀ ਚਲੀ ਆ ਰਹੀ ਹੈ ਕਿਉਂਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿ ਦਸਵੀਂ ਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਕੋਲੋਂ ਛੇ ਸੌ ਅੱਠ ਸੌ ਰੁਪਏ ਇਸ ਕਰਕੇ ਲਏ ਗਏ ਕਿ ਉਨ੍ਹਾਂ ਦੇ ਸਰਟੀਫਿਕੇਟ ਉਨ੍ਹਾਂ ਦੇ ਘਰ ਦੇ ਪਤੇ ਤੇ ਭੇਜੇ ਜਾਣਗੇ ਜਦੋਂਕਿ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ ਬਲਕਿ ਜੋ ਦਾਖ਼ਲਾ ਫ਼ੀਸ ਲਈ ਜਾਂਦੀ ਸੀ ਉਸੇ ਅਧੀਨ ਵਿਦਿਆਰਥੀਆਂ ਦੇ ਸਰਟੀਫਿਕੇਟ ਉਨ੍ਹਾਂ ਦੀ ਸੰਸਥਾ ਜਿਥੇ ਉਹ ਪੜ੍ਹਾਈ ਕਰ ਰਹੇ ਹੁੰਦੇ ਸਨ ਪ੍ਰਾਪਤ ਹੋ ਜਾਂਦੇ ਸਨ ।ਪਰੰਤੂ ਹੁਣ ਵਿਦਿਆਰਥੀਆਂ ਵੱਲੋਂ ਤਿੰਨ ਤਿੰਨ ਮਹੀਨਿਆਂ ਤੋਂ ਦਸਵੀਂ ਤੇ ਬਾਰ੍ਹਵੀਂ ਦੇ ਸਰਟੀਫਿਕੇਟ ਮੰਗਵਾਉਣ ਲਈ ਕੈਫੇ ਤੋਂ ਅਪਲਾਈ ਕੀਤਾ ਹੋਇਆ ਹੈ ਜਿਸ ਦਾ ਖਰਚਾ ਅਲੱਗ ਤੋਂ ਮਾਪਿਆਂ ਵੱਲੋਂ ਕੀਤਾ ਗਿਆ ਹੈ ਪ੍ਰੰਤੂ ਬੜੀ ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਲਗਪਗ ਪੱਚੀ ਤੋਂ ਤੀਹ ਪ੍ਰਤੀਸ਼ਤ ਸਰਟੀਫਿਕੇਟ ਹੀ ਘਰੇ ਭੇਜੇ ਗਏ ਹਨ। ਬਹੁਤੇ ਵਿਦਿਆਰਥੀ ਜਿਨ੍ਹਾਂ ਨੂੰ ਇਨ੍ਹਾਂ ਸਰਟੀਫਿਕੇਟਾਂ ਦੀ ਤੁਰੰਤ ਜ਼ਰੂਰਤ ਸੀ ਉਹ ਵਿਚਾਰੇ ਖੁਦ ਸਾਰੇ ਪੰਜਾਬ ਵਿੱਚੋਂ ਦਿਹਾੜੀ ਮਾਰ ਕੇ ਖੱਜਲ ਖ਼ਰਾਬ ਹੁੰਦੇ ਹੋਏ ਪੰਜ ਛੇ ਸੌ ਰੁਪਏ ਕਿਰਾਇਆ ਖਰਚ ਕੇ ਮੋਹਾਲੀ ਬੋਰਡ ਵਿਚੋਂ ਪ੍ਰਾਪਤ ਕਰਨ ਵਿਚ ਸਫਲ ਹੋਏ ਹਨ।ਇਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਨੇ ਪੱਤਰਕਾਰਾਂ ਨਾਲ ਗੱਲ ਕਰ ਕੇ ਦੱਸਿਆ ਕਿ ਉਸ ਨੂੰ ਪਾਸਪੋਰਟ ਬਣਾਉਣ ਲਈ ਸਰਟੀਫਿਕੇਟ ਦੀ ਸਖ਼ਤ ਜ਼ਰੂਰਤ ਸੀ ਪ੍ਰੰਤੂ ਤਿੰਨ ਮਹੀਨੇ ਪਹਿਲਾਂ ਅਪਲਾਈ ਕਰਨ ਦੇ ਬਾਵਜੂਦ ਵੀ ਬੋਰਡ ਵੱਲੋਂ ਇਸ ਨੂੰ ਡਿਸਪੈਚ ਨਹੀਂ ਕੀਤਾ ਗਿਆ ਪ੍ਰੰਤੂ ਜਦੋਂ ਉਹ ਮੁਹਾਲੀ ਬੋਰਡ ਵਿਖੇ ਪਹੁੰਚਿਆ ਤਾਂ ਵੇਖਿਆ ਗਿਆ ਕਿ ਇੱਥੇ ਕਈ ਸਰਟੀਫਿਕੇਟ ਤਿਆਰ ਪਏ ਹੋਏ ਹਨ ਅਤੇ ਸਿਰਫ਼ ਡਿਸਪੈਚ ਕਰਨ ਖੁਣੋਂ ਹੀ ਉੱਥੇ ਰੱਖੇ ਹੋਏ ਹਨ ।
ਉਨ੍ਹਾਂ ਇਹ ਵੀ ਦੱਸਿਆ ਕਿ ਸਰਟੀਫਿਕੇਟ ਦੇਣ ਸਮੇਂ ਬੋਰਡ ਵੱਲੋਂ ਕੋਈ ਵੀ ਪੁਖਤਾ ਪਰੂਫ ਜਾਂ ਛਾਣਬੀਣ ਵੀ ਨਹੀਂ ਕੀਤੀ ਗਈ ਸਿਰਫ ਨਾਂ ਅਤੇ ਪਿਤਾ ਵਗੈਰਾ ਦਾ ਨਾਂ ਦੱਸਣ ਤੇ ਹੀ ਉਸ ਨੂੰ ਸਰਟੀਫਿਕੇਟ ਦੇ ਦਿੱਤਾ ਗਿਆ।ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਇਸ ਤਰ੍ਹਾਂ ਕੋਈ ਗਲਤ ਅਨਸਰ ਕਿਸੇ ਹੋਰ ਵਿਦਿਆਰਥੀ ਦਾ ਵੀ ਸਰਟੀਫਿਕੇਟ ਲਿਜਾ ਸਕਦਾ ਹੈ। ਵਿਦਿਆਰਥੀਆਂ ਜਿਨ੍ਹਾਂ ਵਿੱਚ ਕੁਲਵੀਰ ਸਿੰਘ, ਬਲਵਿੰਦਰ ਸਿੰਘ, ਕੰਵਲਪ੍ਰੀਤ ਸਿੰਘ ਅਤੇ ਹਰਮਨਦੀਪ ਸਿੰਘ ਆਦਿ ਸ਼ਾਮਲ ਸਨ ਨੇ ਸਰਕਾਰ ਤੋਂ ਇਹ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਵੱਲ ਆਪਣਾ ਨਿਜੀ ਧਿਆਨ ਜ਼ਰੂਰ ਦੇ ਕੇ ਲੰਮੇ ਸਮੇਂ ਤੋਂ ਲਟਕੇ ਪਏ ਇਸ ਮਸਲੇ ਨੂੰ ਤੁਰੰਤ ਹੱਲ ਕਰਵਾਏ ਅਤੇ ਸਰਟੀਫਿਕੇਟ ਘਰ ਪੁੱਜਣ ਤੱਕ ਨੂੰ ਵਿਧੀਬੱਧ ਕੀਤਾ ਜਾਵੇ ਕਿਉਂਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਈ ਸਰਟੀਫਿਕੇਟ ਸਹੀ ਥਾਂ ਤੇ ਨਾ ਪੁੱਜਣ ਸਬੰਧੀ ਵੀ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਵੀ ਵਿੱਚ ਆ ਸਕਦੀਆਂ ਹਨ ।