ਆਯੂਸ਼ ਹਸਪਤਾਲ ਵੀ ਦੋ ਮਹੀਨੇ ਵਿਚ ਚਾਲੂ ਕਰ ਦਿੱਤਾ ਜਾਵੇਗਾ – ਬਲਬੀਰ ਸਿੰਘ ਸਿੱਧੂ
ਕਿਹਾ ! ਪੰਜਾਬ ਵਿੱਚ ਮਿਲਦੀਆਂ ਸਿਹਤ ਸਹੂਲਤਾਂ ਦੇ ਮੁਕਾਬਲੇ ਦਿੱਲੀ ਮਾਡਲ ਫੇਲ੍ਹ
ਮੋਗਾ, 15 ਸਤੰਬਰ (ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ, ਗੁਰਪ੍ਰਸਾਦ ਸਿੱਧੂ)
– ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸਹੂਲਤਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਿੱਢੇ ਉਪਰਾਲਿਆਂ ਦੀ ਲੜ੍ਹੀ ਨੂੰ ਅੱਗੇ ਤੋਰਦਿਆਂ ਸ਼ਹਿਰ ਮੋਗਾ ਵਿਖੇ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ ਬਲਵੀਰ ਸਿੰਘ ਸਿੱਧੂ ਨੇ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਡਾਕਟਰ ਹਰਜੋਤ ਕਮਲ, ਬਾਘਾਪੁਰਾਣਾ ਦੇ ਵਿਧਾਇਕ ਸ੍ਰ ਦਰਸ਼ਨ ਸਿੰਘ ਬਰਾੜ, ਧਰਮਕੋਟ ਦੇ ਵਿਧਾਇਕ ਸ੍ਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਧਰੂਮਨ ਐੱਚ ਨਿੰਬਾਲੇ, ਨਗਰ ਨਿਗਮ ਦੀ ਮੇਅਰ ਸ਼੍ਰੀਮਤੀ ਨੀਤਿਕਾ ਭੱਲਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਵਿਨੋਦ ਬਾਂਸਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਬੀੜ੍ਹ ਚੜਿੱਕ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾਕਟਰ ਓਮ ਪ੍ਰਕਾਸ਼ ਗੋਜਰਾ, ਮੰਤਰੀ ਦੇ ਰਾਜਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਸਿਵਲ ਸਰਜਨ ਡਾਕਟਰ ਅਮਰਜੀਤ ਕੌਰ ਬਾਜਵਾ ਅਤੇ ਹੋਰ ਹਾਜ਼ਰ ਸਨ।
ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ੍ਰ ਸਿੱਧੂ ਨੇ ਦੱਸਿਆ ਕਿ 50 ਬਿਸਤਰਿਆਂ ਦੀ ਸਮਰੱਥਾ ਵਾਲਾ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ 5.48 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਜੌ ਕਿ ਹਰ ਤਰ੍ਹਾਂ ਦੀ ਸੁਵਿਧਾ ਨਾਲ ਲੈਸ ਹੈ। ਪੂਰੇ ਸੂਬੇ ਵਿਚ ਅਜਿਹੇ 29 ਹਸਪਤਾਲ ਮੁਕੰਮਲ ਕੀਤੇ ਜਾ ਚੁੱਕੇ ਹਨ ਜਦਕਿ 8 ਹਸਪਤਾਲਾਂ ਦਾ ਉਸਾਰੀ ਕਾਰਜ ਚਾਲੂ ਹੈ। 7 ਹੋਰ ਹਸਪਤਾਲ ਵੀ ਇਸ ਸਾਲ ਵਿੱਚ ਚਾਲੂ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਲਈ ਥਾਂ ਥਾਂ ਹੈਲਥ ਵੈਲਨੈਸ ਸੈਂਟਰ ਖੋਲ੍ਹੇ ਜਾ ਰਹੇ ਹਨ। ਇਹਨਾਂ ਸੈਂਟਰਾਂ ਦੀ ਗਿਣਤੀ 31 ਮਾਰਚ ਤੋਂ ਪਹਿਲਾਂ ਪਹਿਲਾਂ 3000 ਕਰ ਦਿੱਤੀ ਜਾਵੇਗੀ। ਤਾਂ ਜੌ ਲੋਕਾਂ ਨੂੰ ਨੇੜੇ ਤੋਂ ਨੇੜੇ ਸਿਹਤ ਸਹੂਲਤਾਂ ਮਿਲ ਸਕਣ। ਉਹਨਾਂ ਕਿਹਾ ਉਹਨਾਂ ਆਪਣੇ ਮੰਤਰੀ ਕਾਰਜਕਾਲ ਦੌਰਾਨ 13000 ਦੀ ਭਰਤੀਆਂ ਕੀਤੀਆਂ ਹਨ। ਮਾਹਿਰ ਡਾਕਟਰਾਂ ਅਤੇ ਸਿਹਤ ਕਾਮਿਆਂ ਦੀ ਭਰਤੀ ਦਾ ਕੰਮ ਹਾਲੇ ਵੀ ਚਾਲੂ ਹੈ। ਜਲਦੀ ਹੀ 600 ਹੋਰ ਡਾਕਟਰ ਭਰਤੀ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਮਿਲਦੀਆਂ ਸਿਹਤ ਸਹੂਲਤਾਂ ਦੇ ਮੁਕਾਬਲੇ ਦਿੱਲੀ ਮਾਡਲ ਫੇਲ੍ਹ ਹੋ ਗਿਆ ਹੈ। ਕਰੋਨਾ ਦੌਰਾਨ ਪੰਜਾਬ ਵਿੱਚ ਹੋਰਨਾਂ ਸੂਬਿਆਂ ਦੇ 5500 ਕਰੋਨਾ ਮਰੀਜ਼ਾਂ ਦਾ ਇਲਾਜ਼ ਕੀਤਾ ਗਿਆ, ਜਿਸ ਵਿਚੋਂ 80 ਫੀਸਦੀ ਦਿੱਲੀ ਦੇ ਸਨ। ਉਹਨਾਂ ਦਾਅਵੇ ਨਾਲ ਕਿਹਾ ਕਿ ਲੋਕ ਹਿੱਤ ਸਹੂਲਤਾਂ ਦੇ ਮੁਕਾਬਲੇ ਵਿੱਚ ਦਿੱਲੀ ਸਮੇਤ ਕੋਈ ਵੀ ਸੂਬਾ ਪੰਜਾਬ ਦੀ ਰੀਸ ਨਹੀਂ ਕਰ ਸਕਦਾ ਹੈ। ਉਹਨਾਂ ਐਨ ਐਚ ਐਮ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਹੁਣ ਕੋਈ ਵੀ ਨਵੀਂ ਭਰਤੀ ਹੋਵੇਗੀ ਤਾਂ ਉਹਨਾਂ ਨੂੰ ਪੱਕੇ ਹਨ ਵਿੱਚ ਤਰਜ਼ੀਹ ਦਿੱਤੀ ਜਾਵੇਗੀ। ਉਹਨਾਂ ਕਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਹਸਪਤਾਲਾਂ, ਡਾਕਟਰਾਂ ਅਤੇ ਹੋਰ ਸਟਾਫ ਵੱਲੋਂ ਨਿਭਾਈ ਡਿਊਟੀ ਦੀ ਪ੍ਰਸੰਸਾ ਕੀਤੀ ਅਤੇ ਦਾਅਵਾ ਕੀਤਾ ਕਿ ਨਿੱਜ਼ੀ ਹਸਪਤਾਲਾਂ ਦੇ ਮੁਕਾਬਲੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਜਿਆਦਾ ਮਾਹਿਰ ਹਨ। ਉਹਨਾਂ ਕਿਹਾ ਕਿ ਮੋਗਾ ਵਿਖੇ ਉਸਾਰੀ ਅਧੀਨ ਆਯੂਸ਼ ਹਸਪਤਾਲ ਅਗਲੇ ਦੋ ਮਹੀਨੇ ਵਿੱਚ ਚਾਲੂ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਹਲਕਾ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਸ੍ਰ ਸਿੱਧੂ ਨੂੰ ਜੀ ਆਇਆਂ ਨੂੰ ਆਖਿਆ ਅਤੇ ਹਸਪਤਾਲ ਅਤੇ ਹਲਕਾ ਮੋਗਾ ਦੀਆਂ ਲੋੜਾਂ ਬਾਰੇ ਜਾਣੂ ਕਰਵਾਇਆ। ਸਮਾਗਮ ਦੇ ਅੰਤ ਵਿੱਚ ਉਹਨਾਂ ਦੀ ਅਗਵਾਈ ਵਿੱਚ ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ।