ਘਰਾਂ ਵਿੱਚ ਰੱਖੇ ਪਾਲਤੂ ਜਾਨਵਰਾਂ ਦੇ ਪਸ਼ੁ ਪਾਲਣ ਵਿਭਾਗ ਤੋਂ ਰੇਬੀਜ਼ ਨਾਲ ਸਬੰਧਤ ਟੀਕੇ ਜਰੂਰ ਲਗਵਾਓ-ਸੀਨੀਅਰ ਮੈਡੀਕਲ ਅਫ਼ਸਰ
ਢੁੱਡੀਕੇ, 6 ਜੁਲਾਈ-ਜਗਰਾਜ ਸਿੰਘ ਗਿੱਲ, ਮਨਪ੍ਰੀਤ ਸਿੰਘ
ਅੱਜ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਦੀਆਂ ਹਦਾਇਤਾਂ ਅਨੁਸਾਰ ਸਿਵਲ ਹਸਪਤਾਲ ਢੁੱਡੀਕੇ ਵਿਖੇ ਵਰਲਡ ਯੂਨੋਸਿਸ ਦਿਵਸ ਮਨਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਨੀਲਮ ਭਾਟੀਆ ਅਤੇ ਡਾ. ਸਾਕਸ਼ੀ ਬਾਂਸਲ ਮੈਡੀਕਲ ਅਫਸਰ ਨੇ ਮੌਕੇ ਤੇ ਮੌਜੂਦ ਮਰੀਜਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੇ ਹਲਕਾਅ ਸਬੰਧੀ ਜਾਣਕਾਰੀ ਦਿੱਤੀ ।
ਸੀਨੀਅਰ ਮੈਡੀਕਲ ਅਫਸਰ ਡਾ. ਨੀਲਮ ਭਾਟੀਆ ਨੇ ਇਸ ਦਿਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ 6 ਜੁਲਾਈ 1885 ਨੂੰ ਫਰੈਂਚ ਬਾਈਲੋਜਿਸਟ ਲੁਈਸ ਪਾਸਚਰ ਨੇ ਹਲਕਾਅ ਸਬੰਧੀ ਪਹਿਲੀ ਵੈਕਸੀਨ ਲਗਾਈ ਗਈ ਸੀ। ਉਨ੍ਹਾਂ ਦੱਸਿਆ ਕਿ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿੰਨ੍ਹਾਂ ਨੂੰ ਯੂਨੋਟਿਕ ਡਿਜ਼ੀਜ ਵੀ ਕਿਹਾ ਜਾਂਦਾ ਹੈ, ਜੋ ਕਿ ਅਕਸਰ ਹੀ ਪਾਲਤੂ ਜਾਨਵਰਾਂ ਤੋਂ ਮਨੁੱਖਾਂ ਨੂੰ ਹੋ ਜਾਂਦੀਆਂ ਹਨ। ਸੋ ਘਰਾਂ ਵਿੱਚ ਰੱਖੇ ਪਾਲਤੂ ਜਾਨਵਰਾਂ ਜਿਵੇਂ ਕਿ ਕੁੱਤੇ, ਬਿੱਲੀਆਂ, ਬਾਂਦਰ ਆਦਿ ਤੋਂ ਹਲਕਾਅ ਹੋ ਸਕਦਾ ਹੈ। ਇਨ੍ਹਾਂ ਜਾਨਵਰਾਂ ਦੇ ਪਸ਼ੁ ਪਾਲਣ ਵਿਭਾਗ ਤੋਂ ਰੇਬੀਜ਼ ਨਾਲ ਸਬੰਧਤ ਟੀਕੇ ਲਗਵਾ ਲੈਣੇ ਚਾਹੀਦੇ ਹਨ। ਰਾਜ ਕੁਮਾਰ ਫਾਰਮਾਸਿਸਟ ਨੇ ਦੱਸਿਆ ਕਿ ਜਾਨਵਰ ਦੇ ਵੱਢਣ ਤੇ ਜਖਮ ਨੂੰ ਸਾਬੁਣ ਨਾਲ ਵਗਦੇ ਪਾਣੀ ਨਾਲ ਤੁਰੰਤ ਧੋ ਲੈਣਾ ਚਾਹੀਦਾ ਹੈ। ਇਸ ਉਪਰੰਤ ਜਖਮ ਤੇ ਘਰ ਵਿੱਚ ਮੌਜੂਦ ਐਂਟੀਸੈਪਟਿਕ ਲਗਾਉਣੀ ਚਾਹੀਦੀ ਹੈ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਜਾਨਵਰਾਂ ਦੇ ਵੱਢੇ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ । ਲਖਵਿੰਦਰ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਜਾਨਵਰ ਦੇ ਵੱਢੇ, ਚੱਟੇ, ਝਰੀਟਾਂ ਜਾਂ ਜਖਮਾਂ ਨੂੰ ਨਜਰਅੰਦਾਜ ਨਾ ਕਰੋ । ਜਖਮਾਂ ਤੇ ਕਦੇ ਵੀ ਮਿਰਚਾਂ, ਸਰੋਂ ਦਾ ਤੇਲ ਆਦਿ ਨਾ ਲਗਾੳ । ਜਖਮ ਨੂੰ ਬੰਦ ਜਾਂ ਟਾਂਕੇ ਨਾ ਲਗਾੳ ਅਤੇ ਬੱਚਿਆਂ ਨੂੰ ਅਵਾਰਾ ਜਾਨਵਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਵੇ ।