ਪਿੰਡ ਦੀ ਸਾਂਝੀ ਸੱਥ ਵਿੱਚ ਪਹੁੰਚੇ ਮਾਪਿਆਂ ਵੱਲੋਂ ਭਰਵਾਂ ਹੁੰਗਾਰਾ
ਕਿਸ਼ਨਪੁਰਾ ਕਲਾਂ, 17 ਜੁਲਾਈ
( ਜਗਰਾਜ ਸਿੰਘ ਗਿੱਲ ਮਨਪ੍ਰੀਤ ਸਿੰਘ)
ਇੱਕ ਨਿਵੇਕਲੀ ਪਹਿਲ ਅਧੀਨ ਸਕੂਲ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਮੋਗਾ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀ ਲੰਗਰ ਲਗਾਉਣ ਲਈ 17 ਜੁਲਾਈ ਦੀ ਤਰੀਕ ਤੈਅ ਕੀਤੀ ਗਈ ਸੀ। ਇਸੇ ਸਿਲਸਿਲੇ ਵਿੱਚ ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਵਧਾਉਣ ਅਤੇ ਕਾਇਮ ਰੱਖਣ ਲਈ ਸਸਸ ਸਮਾਰਟ ਸਕੂਲ ਕਿਸ਼ਨਪੁਰਾ ਕਲਾਂ ਦੇ ਸਟਾਫ਼ ਦੁਆਰਾ ਪ੍ਰਿੰਸੀਪਲ ਡਾ: ਦਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਪਿੰਡ ਦੀ ਸਾਂਝੀ ਸੱਥ ਵਿੱਚ ਅਤੇ ਪਿੰਡ ਦੇ ਬਾਲਮੀਕ ਮੰਦਿਰ ਵਿੱਚ ਲਾਇਬ੍ਰੇਰੀ ਲੰਗਰ ਲਗਾਇਆ ਗਿਆ। ਸੋਸ਼ਲ ਸਾਈਟਾਂ, ਗੁਰਦੁਆਰਿਆਂ ਅਤੇ ਜਨਤਕ ਥਾਵਾਂ ਤੋਂ ਇਸ ਬਾਰੇ ਪਹਿਲਾਂ ਹੀ ਐਲਾਨ ਕਰਵਾਇਆ ਗਿਆ ਸੀ।
ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਇਸ ਲੰਗਰ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਕੂਲ ਦੀ ਇਸ ਮੁਹਿੰਮ ਨੂੰ ਹੁੰਗਾਰਾ ਭਰਿਆ। ਸਕੂਲ ਲਾਇਬ੍ਰੇਰੀ ਦੀਆਂ ਲੱਗਭੱਗ 70% ਕਿਤਾਬਾਂ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਵੱਲੋਂ ਇਸ਼ੂ ਕਰਵਾਈਆਂ ਗਈਆਂ।
ਡੀਈਓ ਸੈਕੰਡਰੀ ਸ੍ਰੀ ਸੁਸ਼ੀਲ ਨਾਥ ਨੇ ਮੀਡੀਆ ਨੂੰ ਦੱਸਿਆ, “ਸਾਡੀ ਕੋਸ਼ਿਸ਼ ਹੈ ਕਿ ਵਿਦਿਆਰਥੀਆਂ ਤੱਕ ਵੱਧ ਤੋਂ ਵੱਧ ਪਹੁੰਚ ਕੀਤੀ ਜਾਵੇ ਅਤੇ ਉਸ ਦਿਨ ਵਿਦਿਆਰਥੀਆਂ ਵਿੱਚ ਵੱਧ ਤੋਂ ਵੱਧ ਕਿਤਾਬਾਂ ਦੀ ਵੰਡ ਨੂੰ ਯਕੀਨੀ ਬਣਾਇਆ ਜਾਵੇ।
ਬੀ.ਐੱਨ.ਓ. ਸ਼੍ਰੀ ਵਿਨੋਦ ਸ਼ਰਮਾ ਨੇ ਇਸ ਸਮੇਂ ਆਪਣੀ ਸਕੂਲ ਫ਼ੇਰੀ ਦੌਰਾਨ ਸਕੂਲ ਵੱਲੋਂ ਲਗਾਏ ਗਏ ਲਾਇਬ੍ਰੇਰੀ ਲੰਗਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ। ਉਹਨਾਂ ਨੇ ਸਕੂਲ ਵਾਤਾਵਰਣ ਅਤੇ ਸਕੂਲ ਬੈਡਮਿੰਟਨ ਮੈਦਾਨ ਦੀ ਵੀ ਪ੍ਰਸ਼ੰਸਾ ਕੀਤੀ। ਨਾਲ ਹੀ ਉਹਨਾਂ ਨੇ ਸਮੂਹ ਅਧਿਆਪਕਾਂ ਨੂੰ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਮੁਹਿੰਮਾਂ ਵਿੱਚ ਸਾਰੇ ਵਿਦਿਆਰਥੀਆਂ ਨੂੰ ਜੋੜਨ ਲਈ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਡਾ ਦਵਿੰਦਰ ਸਿੰਘ ਛੀਨਾ ਨੇ ਇਸ ਲੰਗਰ ਦੌਰਾਨ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਦਾ ਸੱਦਾ ਦਿੱਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਤਾਬਾਂ ‘ਤੇ ਸਮੀਖਿਆ ਲਿਖਣ ਲਈ ਵੀ ਪ੍ਰੇਰਿਤ ਕੀਤਾ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਹਰੇਕ ਘਰ ਵਿੱਚ ਕਿਤਾਬਾਂ ਉਪਲਬਧ ਕਰਵਾਉਣਾ ਅਤੇ ਵਿਦਿਆਰਥੀਆਂ ਲਈ ਕਿਤਾਬਾਂ ਦੀ ਵਧੇਰੇ ਪਹੁੰਚ ਨੂੰ ਯਕੀਨੀ ਬਣਾਉਣਾ ਹੈ।”
‘ਜੇ ਪੂਰਾ ਕਰਨਾ ਖੁਆਬਾਂ ਨੂੰ, ਤਾਂ ਰੱਖਿਓ ਨਾਲ ਕਿਤਾਬਾਂ ਨੂੰ (ਆਪਣੇ ਸੁਪਨੇ ਪੂਰੇ ਕਰਨ ਲਈ ਕਿਤਾਬਾਂ ਨੂੰ ਹਮੇਸ਼ਾ ਆਪਣੇ ਸੰਗ ਰੱਖੋ।)’ ਅਤੇ ‘ਆਓ ਘਰ ਘਰ ਪੁਸਤਕ ਪਹੁੰਚਾਈਏ, ਬੱਚਿਆਂ ਨੂੰ ਸਾਹਿਤ ਦੀ ਚੇਟਕ ਲਗਾਈਏ।’, ਡਾ: ਛੀਨਾ ਨੇ ਇਹਨਾਂ ਨਾਅਰਿਆਂ ਨੂੰ ਪ੍ਰਸਾਰਿਤ ਕੀਤਾ।
ਇਸ ਮੌਕੇ ਚੇਅਰਮੈਨ ਰਜਵੰਤ ਕੌਰ, ਕਮੇਟੀ ਮੈਂਬਰ ਨਾਇਬ ਸਿੰਘ, ਅਮੋਲਕ ਸਿੰਘ, ਸਕੂਲ ਅਧਿਆਪਕ ਰਜਿੰਦਰ ਸਿੰਘ, ਰਣਜੀਤ ਸਿੰਘ, ਮੈਡਮ ਰੁਪਿੰਦਰਜੀਤ ਕੌਰ, ਹਰਪ੍ਰੀਤ ਕੌਰ, ਕੁਲਜੀਤ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਮਨਪ੍ਰੀਤ ਕੌਰ, ਲਖਵੀਰ ਕੌਰ, ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ, ਜਸਪ੍ਰੀਤ ਸਿੰਘ, ਗੁਰਦੀਪ ਸਿੰਘ ਮੱਲ੍ਹੀ, ਹਰਜੀਤ ਸਿੰਘ, ਦਰਸ਼ਨ ਸਿੰਘ, ਹਰਪ੍ਰੀਤ ਸਿੰਘ, ਹਰਿੰਦਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਪਿੰਡ ਵਾਸੀ ਹਾਜ਼ਰ ਸਨ।