ਮੋਗਾ, 5 ਸਤੰਬਰ (ਕੀਤਾ ਬਰਾੜ ਬਾਰੇਵਾਲ) – ਜ਼ਿਲ੍ਹਾ ਮੋਗਾ ਦੇ ਨੌਜਵਾਨਾਂ ਦੀ ਸਕਿਉਰਟੀ ਖੇਤਰ ਅਤੇ ਹੋਰ ਕੰਪਨੀਆਂ ਵਿੱਚ ਪਲੇਸਮੈਂਟ ਕਰਾਉਣ ਲਈ ਟ੍ਰੇਨਿੰਗ ਕਰਵਾਈ ਜਾਣੀ ਹੈ। ਇਸ ਟ੍ਰੇਨਿੰਗ ਲਈ ਨੌਜਵਾਨਾਂ ਦੀ ਚੋਣ ਕਰਨ ਲਈ ਬਲਾਕ ਪੱਧਰੀ ਰਜਿਸਟਰੇਸ਼ਨ ਕੈਂਪਾਂ ਦਾ ਆਯੋਜਨ ਮਿਤੀ 6 ਸਤੰਬਰ ਤੋਂ 12 ਸਤੰਬਰ ਤੱਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਟ੍ਰੇਨਿੰਗ ਸਕਿਉਰਟੀ ਸਕਿਲਜ਼ ਕੌਂਸਲ ਆਫ਼ ਇੰਡੀਆ ਦੇ ਖੇਤਰੀ ਸਿਖਲਾਈ ਕੇਂਦਰ ਸਰਹਿੰਦ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵੱਲੋਂ ਕਰਵਾਈ ਜਾਵੇਗੀ। ਸਕਿਉਰਟੀ ਨਾਲ ਸਬੰਧਤ ਅਸਾਮੀਆਂ ਭਰਨ ਲਈ ਦਿੱਤੀ ਜਾਣ ਵਾਲੀ ਇਸ ਸਿਖਲਾਈ ਲਈ ਉਮੀਦਵਾਰ ਦੀ ਵਿਦਿਅਕ ਯੋਗਤਾ 10ਵੀਂ ਪਾਸ ਹੋਣੀ ਲਾਜ਼ਮੀ ਹੈ। ਉਮਰ 21 ਤੋਂ 37 ਸਾਲ ਅਤੇ ਸਰੀਰਕ ਕੱਦ 168 ਸੈਂਟੀਮੀਟਰ ਹੋਣਾ ਚਾਹੀਦਾ ਹੈ। ਸੁਰੱਖਿਆ ਗਾਰਡ ਲਈ ਤਨਖਾਹ 14 ਹਜ਼ਾਰ ਤੋਂ 16 ਹਜ਼ਾਰ ਮਿਲਣਯੋਗ ਹੁੰਦੀ ਹੈ। ਸਫ਼ਲ ਉਮੀਦਵਾਰ ਨੂੰ ਫੈਮਿਲੀ ਪੈਨਸ਼ਨ ਸਮੇਤ ਕਈ ਸਹੂਲਤਾਂ ਵੀ ਮਿਲਦੀਆਂ ਹਨ। ਇਹ ਸਿਖਲਾਈ ਇਕ ਮਹੀਨੇ ਦੀ ਹੋਵੇਗੀ।
ਉਹਨਾਂ ਦੱਸਿਆ ਕਿ ਇੱਛੁਕ ਨੌਜਵਾਨ ਆਪਣੀ ਰਜਿਸਟਰੇਸ਼ਨ ਕਰਾਉਣ ਵੇਲੇ ਵਿਦਿਅਕ ਯੋਗਤਾ ਦਸਤਾਵੇਜਾਂ ਦੀਆਂ ਕਾਪੀਆਂ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਆਧਾਰ ਕਾਰਡ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਆਉਣ। ਇਹ ਕੈਂਪ ਬੀ ਡੀ ਪੀ ਓ ਦਫ਼ਤਰ ਬਾਘਾਪੁਰਾਣਾ ਵਿਖੇ 6 ਸਤੰਬਰ ਨੂੰ, ਬੀ ਡੀ ਪੀ ਓ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ 7 ਸਤੰਬਰ ਨੂੰ, ਬੀ ਡੀ ਪੀ ਓ ਦਫ਼ਤਰ ਕੋਟ ਇਸੇ ਖਾਨ ਵਿਖੇ 8 ਸਤੰਬਰ ਨੂੰ, ਬੀ ਡੀ ਪੀ ਓ ਦਫ਼ਤਰ ਮੋਗਾ 1 ਵਿਖੇ 11 ਸਤੰਬਰ ਨੂੰ ਅਤੇ ਬੀ ਡੀ ਪੀ ਓ ਦਫ਼ਤਰ ਮੋਗਾ 2 ਵਿਖੇ 12 ਸਤੰਬਰ ਨੂੰ ਲਗਾਏ ਜਾਣਗੇ। ਸਾਰੇ ਕੈਂਪਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਰਜਿਸਟਰੇਸ਼ਨ ਫੀਸ 350 ਰੁਪਏ ਸਿਰਫ ਚੁਣੇ ਗਏ ਉਮੀਦਵਾਰਾਂ ਦੀ ਹੀ ਲੱਗੇਗੀ। ਵਧੇਰੀ ਜਾਣਕਾਰੀ ਲਈ 9914230683 ਅਤੇ 7973261499 ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।