ਇਮਾਨਦਾਰੀ ਅਤੇ ਪਾਰਦਸ਼ਤਾ ਨਾਲ ਨੌਕਰੀ ਕਰਨ ਲਈ ਕੀਤਾ ਪ੍ਰੇਰਿਤ
ਮੋਗਾ, 11 ਜੁਲਾਈ
ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਧੀਨ ਸੇਵਾਵਾਂ ਚੋਣ ਬੋਰਡ ਮੋਹਾਲੀ ਵੱਲੋਂ ਆਯੋਜਿਤ ਕੀਤੇ ਗਏ ਟੈਸਟ ਰਾਹੀਂ ਹਜ਼ਾਰ ਤੋਂ ਵਧੇਰੇ ਪਟਵਾਰੀਆਂ ਦੀ ਸਿਲੈਕਸ਼ਨ ਪੰਜਾਬ ਸਰਕਲਾਂ ਲਈ ਕੀਤੀ ਜਾ ਚੁੱਕੀ ਹੈ। ਡਾਇਰੈਕਟਰ ਲੈਂਡ ਰਿਕਾਰਡ ਪੰਜਾਬ ਵੱਲੋਂ 49 ਉਮੀਦਵਾਰਾਂ ਦੇ ਨਾਵਾਂ ਦੀ ਲਿਸਟ ਜਿ਼ਲ੍ਹਾ ਮੋਗਾ ਵਿੱਚ ਭੇਜੀ ਗਈ ਸੀ ਇਨ੍ਹਾਂ ਵਿੱਚੋਂ ਅੱਜ 45 ਪਟਵਾਰੀਆਂ ਨੂੰ ਹਲਕਾ ਮੋਗਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਵੱਲੋਂ ਪਟਵਾਰੀ ਉਮੀਦਵਾਰੀ ਪੱਤਰਾਂ ਦੀ ਵੰਡ ਕੀਤੀ ਗਈ ਅਤੇ ਸਾਰੇ ਉਮੀਦਵਾਰਾਂ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ, ਜਿ਼ਲ੍ਹਾ ਮਾਲ ਅਫ਼ਸਰ ਮੋਗਾ ਨਵਦੀਪ ਸਿੰਘ, ਐਸ.ਡੀ.ਐਮ. ਮੋਗਾ ਸ੍ਰ. ਸਤਵੰਤ ਸਿੰਘ ਵੀ ਹਾਜ਼ਰ ਸਨ।
ਪਟਵਾਰੀ ਉਮੀਦਵਾਰਾਂ ਨੂੰ ਵਧਾਈ ਦੇ ਕੇ ਸੰਬੋਧਨ ਕਰਦਿਆਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਮਿਹਨਤ ਅਤੇ ਲਗਨ ਨਾਲ ਨੌਕਰੀ ਕਰਨ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਬੇਰੋਜ਼ਗਾਰੀ ਖਤਮ ਕਰਨ ਲਈ ਯਤਨਸ਼ੀਲ ਹੈ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਕੜੀ ਮਿਹਨਤ ਸਦਕਾ ਸਾਰੇ ਉਮੀਦਵਾਰਾਂ ਨੂੰ ਇਹ ਨੌਕਰੀ ਹਾਸਲ ਹੋਈ ਹੈ ਇਸ ਲਈ ਸਭ ਨੂੰ ਪਾਰਦਸ਼ਤਾ ਅਤੇ ਇਮਾਨਦਾਰੀ ਨਾਲ ਕੰਮ ਕਰਕੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਹੁਣ ਸਰਕਾਰੀ ਤੰਤਰ ਦਾ ਹਿੱਸਾ ਬਣ ਚੁੱਕੇ ਹੋ ਇਸ ਲਈ ਟ੍ਰੇਨਿੰਗ ਤੋਂ ਬਾਅਦ ਆਪਣੇ ਆਪਣੇ ਸਰਕਲਾਂ ਵਿੱਚ ਲੋਕਾਂ ਦੇ ਕੰਮ ਪਾਰਦਸ਼ਤਾ ਅਤੇ ਇਮਾਨਦਾਰੀ ਨਾਲ ਕਰਨ ਨੂੰ ਯਕੀਨੀ ਬਣਾਓ।