ਕੋਟ ਈਸੇ ਖਾਂ 30 ਜਨਵਰੀ(ਜਗਰਾਜ ਸਿੰਘ ਗਿੱਲ)
ਭਲੇ ਹੀ ਅਜੇ ਚੋਣਾਂ ਵਿੱਚ ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜ਼ਦਗੀਆਂ ਭਰਨ ਦੀ ਤਾਰੀਕ 30 ਜਨਵਰੀ ਤੋਂ ਸ਼ੁਰੂ ਕਰਨੀ ਹੈ ਪ੍ਰੰਤੂ ਪਾਰਟੀਆਂ ਵੱਲੋਂ ਖੜ੍ਹੇ ਕੀਤੇ ਅਤੇ ਆਜ਼ਾਦ ਉਮੀਦਵਾਰਾਂ ਨੂੰ ਮਿਲਾ ਕੇ ਕੋਈ 42 ਉਮੀਦਵਾਰ ਇਨ੍ਹਾਂ ਚੋਣਾਂ ਵਿੱਚ ਹੁਣੇ ਤੋਂ ਹੀ ਸਖ਼ਤ ਮਿਹਨਤ ਕਰਦੇ ਨਜ਼ਰ ਆ ਰਹੇ ਹਨ।ਪਿਛਲੀਆਂ ਚੋਣਾਂ ਵਿਚ ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਰਾਜਨ ਵਰਮਾ ਵੱਲੋਂ ਵੱਡੇ ਫ਼ਰਕ ਨਾਲ ਸੀਟ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਇਸ ਵਾਰ ਵੀ ਕਈ ਆਜ਼ਾਦ ਉਮੀਦਵਾਰ ਆਪਣੀ ਜ਼ੋਰ ਅਜ਼ਮਾਈ ਕਰਨ ਲਈ ਚੋਣ ਮੈਦਾਨ ਵਿੱਚ ਨਿੱਤਰਨ ਦਾ ਮਨ ਬਣਾਈ ਬੈਠੇ ਹਨ ਜਿਨ੍ਹਾਂ ਵਿਚ ਵਾਰਡ ਨੰਬਰ -11 ਤੋਂ ਸਿਮਰਨਜੀਤ ਕੌਰ ਪਤਨੀ ਯੂਥ ਆਗੂ ਬਿਕਰਮਜੀਤ ਬਿੱਲਾ ਸ਼ਰਮਾ ਵੀ ਸ਼ਾਮਲ ਹੈ ਜੋ ਕਿ ਸਾਰੇ ਉਮੀਦਵਾਰਾਂ ਵਿੱਚੋਂ ਛੋਟੀ ਉਮਰ ਦੀ ਮਹਿਜ਼ ਕੋਈ ਸਾਢੇ ਚੌਵੀ ਸਾਲ ਦੀ ਉਮੀਦਵਾਰ ਹੈ ਜੋ ਕੇ Bsc ਤਕ ਪੜ੍ਹੀ ਲਿਖੀ ਹੋਣ ਦੇ ਨਾਲ ਨਾਲ ਅੱਗੇ ਵੀ ਆਪਣੀ ਪੜ੍ਹਾਈ ਜਾਰੀ ਰੱਖ ਰਹੀ ਹੈ ।ਲਾਕਡਾਊਨ ਦਰਮਿਆਨ ਲੋੜਵੰਦਾਂ ਦੀ ਆਪਣੇ ਹੱਥੀਂ ਲੋੜਵੰਦਾਂ ਲਈ ਕੀਤੀ ਦਿਨ ਰਾਤ ਸੇਵਾ ਆਪਣੀ ਦੂਰ ਅੰਦੇਸ਼ੀ ਅਤੇ ਅਗਾਂਹ ਵਧੂ ਸੋਚ ਸਦਕਾ ਅਤੇ ਵਾਰਡ ਨਿਵਾਸੀਆਂ ਦੇ ਬਾਰ ਬਾਰ ਕਹਿਣ ਤੇ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਕਾਗਜ਼ ਦਾਖ਼ਲ ਕਰਨ ਦੀ ਸੋਚੀ ਬੈਠੀ ਹੈ ।ਇਸ ਦੇ ਦੂਸਰੇ ਪਾਸੇ ਪਰਸ਼ੋਤਮ ਸ਼ਰਮਾ ਜੋ ਕਿ ਪਿਛਲੀਆਂ ਨਗਰ ਪੰਚਾਇਤ ਚੋਣਾਂ ਵਿਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਜੇਤੂ ਅਕਾਲੀ ਉਮੀਦਵਾਰ ਤੋਂ 78 ਵੋਟਾਂ ਦੇ ਫ਼ਰਕ ਨਾਲ ਹਾਰ ਗਿਆ ਸੀ ਅਤੇ ਇਸ ਵਾਰ ਇਸ ਦੀ ਧਰਮ ਪਤਨੀ ਦਿਲਰਾਜ ਕੌਰ ਅਕਾਲੀ ਦਲ ਵੱਲੋਂ ਹੀ ਉਮੀਦਵਾਰ ਬਣਾਈ ਗਈ ਹੈ ਜਿਸ ਨਾਲ ਕੇ ਇਸ ਨੂੰ ਸਮੀਕਰਨ ਦੇ ਲਿਹਾਜ਼ ਨਾਲ ਦੂਹਰਾ ਫ਼ਾਇਦਾ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਕਾਂਗਰਸ ਪਾਰਟੀ ਵੱਲੋਂ ਇਸ ਵਾਰਡ ਵਿਚੋਂ ਟਕਸਾਲੀ ਆਗੂ ਅਤੇ ਸੂਬਾ ਸਕੱਤਰ ਕ੍ਰਿਸ਼ਨ ਤਿਵਾੜੀ ਦੀ ਧਰਮ ਪਤਨੀ ਕਿਰਨ ਤਿਵਾੜੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਜਿਸ ਦੀ ਮਦਦ ਇਸ ਵਕਤ ਸੀਨੀਅਰ ਕਾਂਗਰਸੀ ਆਗੂ ਬਲਰਾਮ ਬੱਬੀ ਜੋ ਕੇ ਪਿਛਲੀਆਂ ਚੋਣਾਂ ਸਮੇਂ ਵਿਕਾਸ ਫਰੰਟ ਵੱਲੋਂ ਲੜਦਿਆਂ 76 ਵੋਟਾਂ ਦੇ ਫ਼ਰਕ ਨਾਲ ਆਪਣੇ ਵਿਰੋਧੀ ਤੋਂ ਹਾਰ ਗਏ ਸਨ ਕਰ ਰਹੇ ਹਨ ਅਤੇ ਉਹ ਆਪ ਇਸ ਵਾਰ ਪਾਰਟੀ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਕਿਸੇ ਵੀ ਸੀਟ ਤੋਂ ਚੋਣ ਨਹੀਂ ਲੜ ਰਹੇ । ਉਪਰੋਕਤ ਤੱਥਾਂ ਦੇ ਮੱਦੇਨਜ਼ਰ ਇਸ ਵਾਰਡ ਵਿਚ ਪੂਰੀ ਤਰ੍ਹਾਂ ਤਿਕੋਨੀ ਟੱਕਰ ਵੇਖਣ ਵਿਚ ਆ ਰਹੀ ਹੈ ਅਤੇ ਮੁਕਾਬਲਾ ਬੜਾ
ਦਿਲਚਸਪ ਹੋਣ ਦੀ ਸੰਭਾਵਨਾ ਬਣੀ ਹੋਈ ਹੈ ।ਵੇਖਣ ਵਾਲੀ ਗੱਲ ਇਹ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਇਸ ਸੀਟ ਤੋਂ ਹਿੱਕ ਠੋਕ ਕੇ ਆਪਣੀ ਜਿੱਤ ਦਾ ਦਾਅਵਾ ਨਹੀਂ ਕਰ ਸਕਦੇ ਕਿਉਂਕਿ ਪੜ੍ਹੀ ਲਿਖੀ ਆਜ਼ਾਦ ਉਮੀਦਵਾਰ ਲੜਕੀ ਸਿਮਰਨਜੀਤ ਕੌਰ ਜਿਸ ਨੂੰ ਹੋਰਨਾਂ ਵੱਲੋਂ ਵੀ ਮਦਦ ਦਾ ਭਰੋਸਾ ਹੈ ਵੀ ਆਪਣੇ ਆਪ ਨੂੰ ਇਸ ਦੌੜ ਵਿੱਚ ਸ਼ਾਮਲ ਕਰ ਚੁੱਕੀ ਹੈ । ਇੱਥੇ ਜੋਤੀ ਸ਼ਰਮਾ ਵੀ ਆਪ ਵੱਲੋਂ ਆਪਣੀ ਕਿਸਮਤ ਅਜ਼ਮਾ ਰਹੀ ਹੈ ।ਇਹ ਵੀ ਦੱਸਣਾ ਬਣਦਾ ਹੈ ਕਿ ਉਪਰੋਕਤ ਸਾਰੇ ਉਮੀਦਵਾਰ ਬ੍ਰਾਹਮਣ ਬਰਾਦਰੀ ਨਾਲ ਸਬੰਧਤ ਹਨ ਅਤੇ ਇਥੇ ਇਨ੍ਹਾਂ ਦਾ ਅਸਲ ਰਸੂਖ ਅਤੇ ਭਾਈਚਾਰਕ ਸਾਂਝ ਅਹਿਮ ਰੋਲ ਅਦਾ ਕਰ ਸਕਦੀ ਹੈ ।ਇੱਥੇ ਆਜ਼ਾਦ ਉਮੀਦਵਾਰ ਦੇ ਚੋਣ ਮੈਦਾਨ ਵਿੱਚ ਹੋਣ ਸਦਕਾ ਇਹ ਜਿਸ ਵੀ ਉਮੀਦਵਾਰ ਦੀਆਂ ਵੋਟਾਂ ਵੱਧ ਕੱਟੇਗਾ ਉਸ ਨੂੰ ਇਸ ਚੋਣ ਦੰਗਲ ਵਿਚ ਦੂਸਰਿਆਂ ਨਾਲੋਂ ਵੱਧ ਮਿਹਨਤ ਕਰਨ ਦੀ ਲੋੜ ਪਵੇਗੀ ।ਫਿਲਹਾਲ ਇਸ ਸੀਟ ਤੇ ਤਿਕੋਨੀ ਟੱਕਰ ਬਣਦੀ ਨਜ਼ਰ ਆ ਰਹੀ ਹੈ ਅਤੇ ਉਮੀਦਵਾਰਾਂ ਨੇ ਦਿਨ ਰਾਤ ਇਕ ਕਰਦਿਆਂ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ ।