ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਕੁਲਦੀਪ ਗੋਹਲ)ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਇਲਾਕੇ ਦੀ ਨਾਮਵਰ ਸਮਾਜ ਸੇਵੀ ਕਲੱਬ ਲੋਕ ਹਿੱਤ ਸੰਸਥਾ ਨਿਹਾਲ ਸਿੰਘ ਵਾਲਾ ਵੱਲੋਂ ਹਰ ਸਾਲ ਦੀ ਤਰਾਂ ਅਧਿਆਪਕ ਦਿਵਸ ਮੌਕੇ ਸੰਸਥਾ ਦੇ ਚੈਅਰਮੈਨ ਪੱਪੂ ਗਰਗ ਦੀ ਆਗਵਾਈ ਹੇਠ ਪੰਜਵਾਂ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ । ਜਿਸ ਵਿੱਚ ਵਿੱਦਿਅਕ ਖੇਤਰ ਦੇ ਨਾਲ ਨਾਲ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਵਾਲੇ ਕਾਬਿਲ ਅਤੇ ਯੋਗ ਅਧਿਆਪਕਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਅੱਜ ਦੇ ਸਮਾਗਮ ਵਿੱਚ ਸਨਮਾਨਿਤ ਹੋਏ ਅਧਿਆਪਕ ਹਰਜੰਟ ਸਿੰਘ ਬੌਡੇ, ਤੇਜਿੰਦਰ ਸਿੰਘ ਅਤੇ ਡਾ. ਅਮਨਦੀਪ ਵਾਤਿਸ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਜਿਹਨਾਂ ਨੂੰ ਸੰਸਥਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਟੇਟ ਐਵਾਰਡੀ ਸਾਧੂ ਸਿੰਘ ਬਰਾੜ ਅਤੇ ਪ੍ਰਧਾਨ ਰਾਜਵਿੰਦਰ ਰੌਂਤਾ ਨੇ ਸਨਮਾਨਿਤ ਅਧਿਆਪਕਾਂ ਦੀ ਜੀਵਨੀ ਤੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਕਿਹਾ ਕਿ ਇੱਕ ਅਧਿਆਪਕ ਮੋਮਬੱਤੀ ਦੀ ਤਰਾਂ ਖੁਦ ਜਲ ਕੇ ਦੂਸਰਿਆਂ ਲਈ ਚਾਨਣ ਮੁਨਾਰਾ ਬਣਦਾ ਹੈ। ਇਸ ਮੌਕੇ ਬਾਲ ਇੰਗਲਿਸ਼ ਸਪੀਕਰ ਦਿਲਮੀਤ ਗਰਗ ਨੇ ਸਨਮਾਨਿਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਧਿਆਪਕ ਸਿਰਫ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਸਗੋਂ ਬੱਚੇ ਨੂੰ ਸਮਾਜ ਵਿੱਚ ਵਧੀਆ ਜਿੰਦਗੀ ਜੀਣਾ ਵੀ ਸਿਖਾਉਂਦਾ ਹੈ ਉਹਨਾਂ ਕਿਹਾ ਕਿ ਇੱਕ ਅਧਿਆਪਕ ਸਾਨੂੰ ਜਿੰਦਗੀ ਦੇ ਹਰ ਮੋੜ ਤੇ ਚੱਲਣਾ ਸਿਖਾਉਂਦਾ ਹੈ । ਇਸ ਮੌਕੇ ਪਿੰ. ਬਲਜਿੰਦਰ ਸਿੰਘ ਢਿੱਲੋਂ, ਡਾ. ਗੁਰਮੀਤ ਸਿੰਘ ਰਣੀਆ, ਸੁਖਦੇਵ ਭੋਲਾ,ਸਤਿੰਦਰਪਾਲ ਕੁੱਕੂ ਨੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਲੋਕ ਹਿੱਤ ਸੰਸਥਾ ਦੇ ਨਿੱਗਰ ਉਪਰਾਲੇ ਦੀ ਸਲਾਘਾ ਕੀਤੀ। ਇਸ ਮੌਕੇ ਹਰਮੰਦਰ ਸਿੰਘ,ਡਾ. ਹਰੀ ਚੰਦ ਨੰਗਲ , ਪਿੰ. ਭੁਪਿੰਦਰ ਸਿੰਘ ਢਿੱਲੋਂ, ਕਾ.ਰਘਵੀਰ ਸਿੰਘ,ਕਾਰਤਿਕ ਗਰਗ ਆਦਿ ਹਾਜਰ ਸਨ। ਸਮਾਗਮ ਦੇ ਆਖੀਰ ਵਿੱਚ ਸੰਸਥਾ ਦੇ ਚੈਅਰਮੈਨ ਪੱਪੂ ਗਰਗ ਨੇ ਆਏ ਮਹਿਮਾਨਾ ਦਾ ਤਹਿ ਦਿਲੋਂ ਧੰਨਵਾਦ ਕੀਤਾ।