ਮੋਗਾ 1 ਜੁਲਾਈ 2023 (ਜਗਰਾਜ ਸਿੰਘ ਗਿੱਲ)
1 ਜੁਲਾਈ 2023 ਯਾਨੀ ਅੱਜ ਦਾ ਦਿਨ ਬਹੁਤ ਖਾਸ ਹੈ, ਅੱਜ ਹੈ ਨੈਸ਼ਨਲ ਡਾਕਟਰ ਡੇ,
ਰਾਸ਼ਟਰੀ ਡਾਕਟਰ ਦਿਵਸ ਹਰ ਸਾਲ 1 ਜੁਲਾਈ ਨੂੰ ਮਨਾਇਆ ਜਾਂਦਾ ਹੈ, ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਬਿਹਤਰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਡਾਕਟਰਾਂ ਦੀ ਸਮਰਪਿਤ ਸੇਵਾ ਲਈ ਧੰਨਵਾਦ ਕਰਨਾ ਹੈ। ਕਰੋਨਾ ਮਹਾਮਾਰੀ ਦੌਰਾਨ ਡਾਕਟਰ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਤਾਂ ਜੋ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ। ਇਸੇ ਲਈ ਹੀ ਡਾਕਟਰ ਨੂੰ ਧਰਤੀ ਦਾ ਰੱਬ ਕਿਹਾ ਜਾਂਦਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੱਚਿਆਂ ਦੇ ਮਾਹਿਰ ਡਾ. ਸੁਰੇਸ਼ ਸਿੰਗਲਾ ਨੇ ਕੌਮੀ ਡਾਕਟਰ ਦਿਵਸ ਮੌਕੇ ਸਾਂਝੇ ਕੀਤੇ।ਉਨ੍ਹਾਂ ਡਾਕਟਰ ਦਿਵਸ ਮਨਾਉਣ ਦਾ ਪਿਛੋਕੜ ਦੱਸਦੇ ਹੋਏ ਕਿਹਾ ਕਿ ਪਹਿਲੀ ਵਾਰ ਡਾਕਟਰ ਦਿਵਸ ਮਾਰਚ 1933 ਵਿਚ ਅਮਰੀਕਾ ਦੇ ਜਾਰਜੀਆ ਸੂਬੇ ਵਿਚ ਮਨਾਇਆ ਗਿਆ ਸੀ, ਇਸ ਦਿਨ ਨੂੰ ਡਾਕਟਰਾਂ ਨੂੰ ਕਾਰਡ ਭੇਜ ਕੇ ਅਤੇ ਮ੍ਰਿਤਕ ਡਾਕਟਰਾਂ ਦੀਆਂ ਕਬਰਾਂ ‘ਤੇ ਫੁੱਲ ਚੜ੍ਹਾ ਕੇ ਮਨਾਇਆ ਗਿਆ ਸੀ, ਵੱਖ-ਵੱਖ ਦੇਸ਼ਾਂ ਵਿਚ ਡਾਕਟਰ ਦਿਵਸ ਵੱਖ-ਵੱਖ ਮਿਤੀਆਂ ਨੂੰ ਮਨਾਇਆ ਜਾਂਦਾ ਹੈ। ਅਮਰੀਕਾ ਵਿੱਚ ਇਹ 30 ਮਾਰਚ ਨੂੰ ਕਿਊਬਾ ਵਿੱਚ 3 ਦਸੰਬਰ ਨੂੰ ਅਤੇ ਈਰਾਨ ਵਿੱਚ 23 ਅਗਸਤ ਨੂੰ ਮਨਾਇਆ ਜਾਂਦਾ ਹੈ।
ਭਾਰਤ ‘ਚ ਪਹਿਲੀ ਵਾਰ 1991 ਵਿੱਚ ਡਾਕਟਰ ਦਿਵਸ ਮਨਾਇਆ ਗਿਆ ਸੀ। ਇਹ ਦਿਨ ਭਾਰਤ ਵਿੱਚ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਡਾਕਟਰ ਬਿਧਾਨ ਚੰਦਰ ਰਾਏ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਮਾਨਵਤਾ ਦੀ ਸੇਵਾ ਵਿੱਚ ਡਾ. ਬਿਧਾਨ ਚੰਦਰ ਰਾਏ ਦਾ ਬਹੁਤ ਵੱਡਾ ਯੋਗਦਾਨ ਹੈ, ਡਾ. ਰਾਏ ਇੱਕ ਮਹਾਨ ਡਾਕਟਰ ਸਨ। ਉਨ੍ਹਾਂ ਦਾ ਜਨਮ 1 ਜੁਲਾਈ 1882 ਨੂੰ ਹੋਇਆ ਸੀ ਅਤੇ ਇਸ ਤਾਰੀਖ ਨੂੰ 1962 ਨੂੰ ਮੌਤ ਹੋ ਗਈ ਸੀ। ਉਨ੍ਹਾਂ ਨੂੰ 4 ਫਰਵਰੀ 1961 ਨੂੰ ਭਾਰਤ ਰਤਨ ਮਿਲਿਆ। ਟੀਬੀ ਵਰਗੀਆਂ ਮੈਡੀਕਲ ਸੰਸਥਾਵਾਂ ਦੀ ਸਥਾਪਨਾ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ।