ਰਾਸ਼ਟਰੀ ਲੋਕ ਅਦਾਲਤ 12 ਦਸੰਬਰ ਨੂੰ

ਮੋਗਾ, 4 ਦਸੰਬਰ (ਜਗਰਾਜ ਸਿੰਘ ਗਿੱਲ)

ਆਮ ਜਨਤਾ ਦੀ ਸਹੂਲਤ ਲਈ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਮੁਨੀਸ਼ ਸਿੰਗਲ ਦੀ ਅਗਵਾਈ ਵਿੱਚ ਲਗਾਈਆਂ ਜਾ ਰਹੀਆਂ ਲੋਕ ਅਦਾਲਤਾਂ ਦੀ ਲੜੀ ਵਿਚ 12 ਦਸੰਬਰ 2020 ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀ.ਜੇ.ਐਮ. ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਬਗੀਚਾ ਸਿੰਘ ਨੇ ਦੱਸਿਆ ਕਿ ਇਹ ਰਾਸ਼ਟਰੀ ਲੋਕ ਅਦਾਲਤ ਮੋਗਾ ਤੋ ਇਲਾਵਾ ਸਬ ਡਵੀਜ਼ਨ ਪੱਧਰ ਤੇ ਵੀ ਇਕ-ਇਕ ਬੈਂਚ ਸਥਾਪਿਤ ਕਰੇਗੀ ਜਿਹੜਾ ਕਿ ਅਦਾਲਤ ਨਿਹਾਲ ਸਿੰਘ ਵਾਲਾ ਅਤੇ ਬਾਘਾ ਪੁਰਾਣਾ ਕੋਰਟ ਕੰਪਲੇੈਕਸ ਵਿੱਚ ਲਗਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਰਾਸ਼ਟਰੀ ਲੋਕ ਅਦਾਲਤ ਵਿਚ ਹਰ ਤਰਾਂ ਦੇ ਕੇਸ ਜਿਵੇਂ ਕਿ ਸੀ.ਆਰ.ਪੀ.ਸੀ. ਦੀ ਧਾਰਾ 320 ਤਹਿਤ ਆਉਂਦੇ ਰਾਜ਼ੀਨਾਮਾ ਹੋਣ ਯੋਗ ਫ਼ੌਜ਼ਦਾਰੀ ਮਾਮਲਿਆਂ ਦੇ ਇਲਾਵਾ ਚੈਕ ਬਾਊਂਸ ਕੇਸ, ਬੈਕਾਂ ਦੇ ਰਿਕਵਰੀ ਕੇਸ, ਪਤੀ-ਪਤਨੀ ਦੇ ਆਪਸੀ ਤੇ ਪਰਿਵਾਰਕ ਝਗੜੇ, ਜ਼ਮੀਨ ਜਾਇਦਾਦ ਸਬੰਧੀ ਝਗੜੇ, ਬਿਜਲੀ ਤੇ ਪਾਣੀ ਦੇ ਬਿਲਾਂ ਦੇ ਝਗੜੇ, ਤਨਖਾਹ ਤੇ ਭੱਤਿਆਂ ਸਬੰਧੀ, ਕਰਮਚਾਰੀਆਂ ਦੀ ਸੇਵਾ ਨਾਲ ਸਬੰਧਤ ਕੇਸ, ਮਾਲ ਵਿਭਾਗ ਨਾਲ ਸਬੰਧਤ, ਮੋਟਰ ਵਹੀਕਲ ਐਕਟ ਤਹਿਤ ਐਮ.ਏ.ਸੀ.ਟੀ. (ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ), ਕਿਰਾਏ ਸਬੰਧੀ ਝਗੜੇ ਤੇ ਹੋਰ ਦੀਵਾਨੀ ਕੇਸਾਂ ਨਾਲ ਸਬੰਧਤ ਝਗੜਿਆਂ ਆਦਿ ਦੇ ਕੇਸ ਲਗਾਏ ਜਾ ਰਹੇ ਹਨ।

ਸ੍ਰੀ ਬਗੀਚਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਲੋਕ ਅਦਾਲਤਾਂ ਵਿੱਚ ਆਪਸੀ ਰਾਜ਼ੀਨਾਮੇ ਨਾਲ ਕੇਸਾਂ ਦਾ ਨਿਪਟਾਰਾ ਕਰਵਾ ਕੇ ਲੋਕ ਛੇਤੀ ਅਤੇ ਸਸਤਾ ਨਿਆਂ ਪ੍ਰਾਪਤ ਕਰ ਸਕਦੇ ਹਨ। ਜਿਸ ਨਾਲ ਦੋਵੇਂ ਧਿਰਾਂ ਦੀ ਆਪਸੀ ਰੰਜਿਸ਼ ਖ਼ਤਮ ਹੁੰਦੀ ਹੈ ਅਤੇ ਕੇਸ ਦਾ ਨਿਪਟਾਰਾ ਵੀ ਜਲਦੀ ਹੋ ਜਾਂਦਾ ਹੈ। ਇਸ ਨਾਲ ਪੈਸੇ ਦੀ ਵੀ ਬਚਤ ਹੁੰਦੀ ਹੈ। ਲੋਕ ਅਦਾਲਤ ਦੇ ਫ਼ੈਸਲੇ ਨੂੰ ਕੋਰਟ ਦੀ ਡਿਕਰੀ ਦੀ ਮਾਨਤਾ ਪ੍ਰਾਪਤ ਹੁੰਦੀ ਹੈ ਅਤੇ ਇਸ ਦੇ ਫ਼ੈਸਲੇ ਖਿਲਾਫ਼ ਕੋਈ ਅਪੀਲ ਨਹੀਂ ਹੁੰਦੀ। ਲੋਕ ਅਦਾਲਤ ਵਿੱਚ ਫ਼ੈਸਲਾ ਹੋਣ ਉਪਰੰਤ ਕੇਸ ਵਿੱਚ ਲੱਗੀ ਸਾਰੀ ਕੋਰਟ ਫ਼ੀਸ ਵੀ ਵਾਪਿਸ ਮਿਲ ਜਾਂਦੀ ਹੈ।

ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਦਾਲਤਾਂ ਵਿੱਚ ਲੰਬਿਤ ਕੇਸਾਂ ਨੂੰ ਇਸ ਰਾਸ਼ਟਰੀ ਲੋਕ ਅਦਾਲਤ ਵਿੱਚ ਕੇਸ ਲਗਾ ਕੇ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨੈਸ਼ਨਲ ਲੋਕ ਅਦਾਲਤ ਸਬੰਧੀ ਜ਼ਿਲ੍ਹਾ ਅਦਾਲਤਾਂ, ਮੋਗਾ ਵਿਖੇ ਸਥਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *