ਮੋਗਾ 09 ਜੂਨ (ਜਗਰਾਜ ਸਿੰਘ ਗਿੱਲ)
ਕ੍ਰਿਕਟ ਜਗਤ ਵਿੱਚ ਪਹਿਲਾਂ ਤੋਂ ਆਪਣੇ ਬੱਲੇ ਦੇ ਜੌਹਰ ਵਿਖਾਉਣ ਵਾਲੀ ਧਾਕੜ ਬੱਲੇਬਾਜ਼ ਹਰਮਨਪ੍ਰੀਤ ਕੌਰ ਜਿਸ ਨੂੰ ਹੁਣ ਹਿੰਦੋਸਤਾਨ ਦੀ ਵਨ ਡੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਬਣਾਇਆ ਗਿਆ ਹੈ ਨਾਲ ਜਿੱਥੇ ਮੋਗੇ ਜ਼ਿਲ੍ਹੇ ਦੇ ਫ਼ਿਰੋਜ਼ਪੁਰ ਰੋਡ ਤੇ ਕੋਈ ਦੋ ਕਿਲੋਮੀਟਰ ਦੀ ਵਿੱਥ ਤੇ ਸਥਿਤ ਪਿੰਡ ਦੂਨੇਕਾ ਦਾ ਨਾਂ ਰੋਸ਼ਨ ਹੋਇਆ ਹੈ ਉੱਥੇ ਪੰਜਾਬ ਅਤੇ ਪੰਜਾਬੀਅਤ ਦਾ ਵੀ ਮਾਣ ਨਾਲ ਸਿਰ ਉੱਚਾ ਹੋਇਆ ਹੈ ।ਹਰਮਨਪ੍ਰੀਤ ਕੌਰ ਪਹਿਲਾਂ ਵੀ ਮੀਡੀਆ ਦੀਆਂ ਸੁਰਖੀਆਂ ਵਿੱਚ ਰਹੀ ਹੈ ਜਦੋਂ ਵਨ ਡੇ ਕ੍ਰਿਕਟ ਮੈਚ ਦੇ ਇੱਕ ਫਸਵੇਂ ਮੁਕਾਬਲੇ ਵਿੱਚ ਖੇਡਦਿਆਂ ਇਸ ਕਦਰ ਧੂੰਆਂਧਾਰ ਬੱਲੇਬਾਜ਼ੀ ਕੀਤੀ ਕਿ ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ ਸੈਮੀ ਫਾਈਨਲ ਜਿਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ ਜਿਸ ਦਾ ਸਾਰਾ ਸਿਹਰਾ ਇਸ ਖਿਡਾਰਨ ਨੂੰ ਗਿਆ ਸੀ ।ਹੁਣ ਫਿਰ ਜਦੋਂ ਮੋਗੇ ਦੀ ਇਸ ਹੋਣਹਾਰ ਖਿਡਾਰਨ ਨੂੰ ਵਨ ਡੇ ਕ੍ਰਿਕਟ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਤਾਂ ਇਸ ਸੰਬੰਧ ਵਿਚ ਇਨ੍ਹਾਂ ਦੇ ਪਿੰਡ ਦੁਨੇਕੇ ਵਿਖੇ ਉਨ੍ਹਾਂ ਦੇ ਪਰਿਵਾਰ ਨੂੰ ਖੇਡ ਪ੍ਰੇਮੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।