ਮੋਗਾ 6 ਨਵੰਬਰ (ਮਿੰਟੂ ਖੁਰਮੀ) ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਵਿਭਾਗ ਪੰਜਾਬ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਪੜਦੇ ਵਿਦਿਆਰਥੀਆਂ ਨੂੰ ਕਿੱਤਾ ਅਗਵਾਈ ਦੇਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀਮਤੀ ਰਣਜੀਤ ਕੌਰ ਨੇ ਦੱਸਿਆ ਕਿ ਰਾਜ ਸਿੱਖਲਾਈ ਅਤੇ ਕਿੱਤਾ ਅਗਵਾਈ ਬਿਊਰੋ ਪੰਜਾਬ ਦੇ ਸਹਿਯੋਗ ਨਾਲ ਚਾਲਏ ਜਾ ਰਹੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫਤਰ ਵਿਖੇ ਵਿਦਿਆਰਥੀਆਂ ਨੂੰ ਵਿਜ਼ਿਟ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਘਰ ਘਰ ਰੋਜ਼ਗਾਰ ‘ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਲੜੀ ਤਹਿਤ ਸਰਕਾਰੀ ਹਾਈ ਸਕੂਲ ਜਲਾਲਬਾਦ ਦੇ 10 ਵੀਂ ਜਮਾਤ ਦੇ ਵਿਦਿਆਰਥੀਆਂ ਨੇ ਮੋਗਾ ਸਥਿਤ ਜ਼ਿਲ੍ਹਾ ਰੋਜ਼ਗਾਰ ਦਫਤਰ ਵਿਖੇ ਵਿਜ਼ਿਟ ਕੀਤੀ ਜਿੱਥੇ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਵਿਚ ਕਿੱਤੇ ਦੀ ਚੋਣ ਅਤੇ ਉਹਨਾਂ ਕਿੱਤਿਆਂ ਦੀ ਚੋਣ ਲਈ ਸਬੰਧਤ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕੈਰੀਅਰ ਕੌਂਸਲਰ ਬਲਰਾਜ ਸਿੰਘ ਖਹਿਰਾ ਨੂੰ ਆਏ ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ਿਆਂ ਦੀ ਚੋਣ ਅਤੇ ਕਿੱਤਿਆਂ ਸਬੰਧੀ ਸਵਾਲ ਪੁੱਛੇ। ਇਸ ਮੌਕੇ ਵਿਚਾਰ ਵਟਾਂਦਰੇ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਆਪਣੀ ਦਿਲਚਸਪੀ ਮੁਤਾਬਕ ਵਿਦੇਸ਼ਾਂ ਵਿਚ ਜਾਣ ਤੋਂ ਇਲਾਵਾ ਖੇਡਾਂ ਅਤੇ ਫੌਜ ਵਿਚ ਭਰਤੀ ਹੋ ਕੇ ਆਪਣੇ ਭਵਿੱਖ ਨੂੰ ਰੁਸ਼ਨਾਉਣ ਦਾ ਇਜ਼ਹਾਰ ਕੀਤਾ। ਇਸ ਮੌਕੇ ਦਸਵੀਂ ਅਤੇ ਬਾਰਵੀਂ ਜਮਾਤ ਪਾਸ ਕਰਨ ਉਪਰੰਤ ਵੱਖ ਵੱਖ ਕੋਰਸਾਂ ਵਿਚ ਦਾਖਲੇ ਲੈਣ ਲਈ ਮੁਕਾਬਲਿਆਂ ਦੇ ਇਮਤਿਹਾਨ ਅਤੇ ਕਾਲਜਾਂ ਦੀ ਚੋਣ ਅਤੇ ਸਿੱਖਿਆ ਲਈ ਮਿਲਣ ਵਾਲੇ ਵਜ਼ੀਫਿਆਂ ਸਬੰਧੀ ਦਿੱਤੀ ਜਾਣਕਾਰੀ ਨੂੰ ਵਿਦਿਆਰਥੀਆਂ ਨੇ ਆਪਣੀਆਂ ਕਾਪੀਆਂ ਵਿਚ ਨੋਟ ਕੀਤਾ।
ਇਸ ਮੌਕੇ ਇੰਮੀਗਰੇਸ਼ਨ ਸਰਵਿਸਿਸ ਦੇ ਨੁਮਾਇੰਦੇ ਰਾਹੁਲ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਜਾਣ ਦੇ ਕਾਨੂੰਨੀ ਢੰਗ ਤਰੀਕੇ ਅਤੇ ਵਿਦੇਸ਼ੀ ਧਰਤੀ ‘ਤੇ ਸਥਾਪਤ ਹੋਣ ਲਈ ਕੁਝ ਨੁਕਤੇ ਵੀ ਉਹਨਾਂ ਨਾਲ ਸਾਂਝੇ ਕੀਤੇ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫਸਰ ਰਣਜੀਤ ਕੌਰ ਨੇ ਦੱਸਿਆ ਕਿ ਇਸ ਵਿੱਤੀ ਸਾਲ ਦੌਰਾਨ ਹੁਣ ਤੱਕ 100 ਵੱਖ-ਵੱਖ ਸਕੂਲਾਂ ਕਾਲਜਾਂ ਦੇ ਕਰੀਬ 3 ਹਜ਼ਾਰ ਵਿਦਿਆਰਥੀ ਵਿਜ਼ਿਟ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਵਿਜ਼ਿਟ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਨੂੰ ਭਵਿੱਖ ਵਿਚ ਕੰਮ ਕਰਨ ਲਈ ਜਾਗਰੂਕ ਕਰਨਾ ਹੈ ਤਾਂ ਜੋ ਆਪਣੇ ਜੀਵਨ ‘ਚ ਕੁਝ ਕਰਨ ਦਾ ਨਿਸ਼ਾਨਾ ਮਿੱਥ ਕੇ ਵਿਦਿਆਰਥੀ ਆਪਣੇ ਸਹੀ ਕਿੱਤੇ ਦੀ ਚੋਣ ਕਰਨ। ਇਸ ਮੌਕੇ ਰਛਪਾਲ ਸਿੰਘ,ਗੌਰਵ ਅਰੋੜਾ ਅਤੇ ਤੇਜਿੰਦਰ ਸਿੰਘ ਆਦਿ ਹਾਜ਼ਰ ਸਨ।