ਜ਼ਿਲ੍ਹਾ ਚੋਣ ਅਫ਼ਸਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਸਮੂਹ ਧਿਰਾਂ ਦਾ ਧੰਨਵਾਦ
ਮੋਗਾ, 14 ਫਰਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਜ਼ਿਲ੍ਹਾ ਮੋਗਾ ਵਿੱਚ ਨਗਰ ਨਿਗਮ ਮੋਗਾ ਅਤੇ ਨਗਰ ਪੰਚਾਇਤਾਂ ਬੱਧਨੀ ਕਲਾਂ, ਨਿਹਾਲ ਸਿੰਘ ਵਾਲਾ ਅਤੇ ਕੋਟ ਈਸੇ ਖਾਂ ਦੀਆਂ ਆਮ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਅੱਜ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਜ਼ਿਲ੍ਹੇ ਵਿੱਚ ਕੁੱਲ 68.09 ਫੀਸਦੀ ਮਤਦਾਨ ਹੋਇਆ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਈਆਂ ਵੋਟਾਂ ਵਿੱਚ ਮੋਗਾ ਵਿੱਚ 66.90 ਫੀਸਦੀ, ਨਗਰ ਪੰਚਾਇਤ ਬਧਨੀ ਕਲਾਂ ਲਈ 82.86 ਫੀਸਦੀ, ਕੋਟ ਇਸੇ ਖਾਂ ਲਈ 77.93 ਫੀਸਦੀ ਅਤੇ ਨਿਹਾਲ ਸਿੰਘ ਵਾਲਾ ਲਈ 84.35 ਫੀਸਦੀ ਮਤਦਾਨ ਹੋਇਆ।
ਉਹਨਾਂ ਕਿਹਾ ਕਿ ਨਗਰ ਨਿਗਮ ਮੋਗਾ ਦੇ 50 ਵਾਰਡਾਂ, ਨਿਹਾਲ ਸਿੰਘ ਵਾਲਾ, ਬਧਨੀ ਕਲਾਂ ਅਤੇ ਕੋਟ ਇਸੇ ਖਾਂ ਦੇ 13-13 ਵਾਰਡਾਂ ਲਈ ਕੁੱਲ 396 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਿਹਨਾਂ ਵਿੱਚ ਕਾਂਗਰਸ ਪਾਰਟੀ ਦੇ 88, ਸ਼੍ਰੋਮਣੀ ਅਕਾਲੀ ਦਲ ਦੇ 77, ਭਾਜਪਾ ਦੇ 28, ਆਪ ਦੇ 84, ਬਸਪਾ ਦੇ 4, ਭਾਰਤੀ ਕਮਿਊਨਿਸਟ ਪਾਰਟੀ ਦਾ 1 ਅਤੇ 114 ਅਜ਼ਾਦ ਉਮੀਦਵਾਰ ਸ਼ਾਮਲ ਹਨ। ਨਗਰ ਨਿਗਮ ਮੋਗਾ ਲਈ 247, ਨਗਰ ਪੰਚਾਇਤ ਕੋਟ ਇਸੇ ਖਾਂ ਲਈ 52, ਨਿਹਾਲ ਸਿੰਘ ਵਾਲਾ ਲਈ 52 ਅਤੇ ਬਧਨੀ ਕਲਾਂ ਲਈ 45 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲੱਗੇ ਹਨ।
ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਕੀਤੀ ਜਾਏਗੀ।
ਇਹਨਾਂ ਚੋਣਾਂ ਨੂੰ ਨਿਰਪੱਖਤਾ ਅਤੇ ਪਾਰਦਰਸ਼ਤਾ ਨਾਲ ਕਰਾਉਣ ਲਈ ਵਚਨਬੱਧਤਾ ਦੁਹਰਾਉਂਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਮਨ ਬੀਰ ਸਿੰਘ ਗਿੱਲ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਦੌਰਾਨ ਵੀ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇਗਾ। ਉਲੰਘਣਾ ਕਰਨ ਵਾਲਾ ਵਿਅਕਤੀ ਭਾਵੇਂ ਉਹ ਕਿਸੇ ਵੀ ਪਾਰਟੀ ਜਾਂ ਦਲ ਨਾਲ ਸਬੰਧਤ ਹੋਵੇ, ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਵੋਟਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਹੀਂ ਹੋਈ।
ਸ਼੍ਰੀ ਹੰਸ ਅਤੇ ਸ੍ਰ ਗਿੱਲ ਨੇ ਜ਼ਿਲ੍ਹਾ ਮੋਗਾ ਵਿੱਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸਿਰੇ ਚੜਨ ‘ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਵੋਟਰਾਂ ਅਤੇ ਚੋਣ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ, ਜਿਹਨਾਂ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਬੜੀ ਤਤਪਰਤਾ ਨਾਲ ਆਪਣੀ-ਆਪਣੀ ਜਿੰਮੇਵਾਰੀ ਨਿਭਾਈ।