ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਰੱਖਿਆ 50 ਲੱਖ ਦੀ ਲਾਗਤ ਨਾਲ ਬਣਨ ਵਾਲੇ ਮਿਊਂਸਪਲ ਪਾਰਕ ਦਾ ਨੀਂਹ ਪੱਥਰ

ਜਗਰਾਵਾਂ (ਹੇਮ ਰਾਜ ਬੱਬਰ) ਰਾਏਕੋਟ ਨਿਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਵਲੋਂ ਸ਼ਹਿਰ ‘ਚ ਬਣਨ ਵਾਲੇ ਮਿਊਂਸਪਲ ਪਾਰਕ ਦੀ ਉਸਾਰੀ ਦਾ ਕੰਮ ਅੱਜ ਸ਼ੁਰੂ ਕਰਵਾਇਆ ਗਿਆ। ਪਾਰਕ ਦਾ ਨੀਂਹ ਪੱਥਰ ਰੱਖਣ ਉਪਰੰਤ ਡਾ. ਅਮਰ ਸਿੰਘ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਚੋਣਾਂ ਸਮੇਂ ਰਾਏਕੋਟ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਰਾਏਕੋਟ ਸ਼ਹਿਰ ਨੂੰ ਹਰ ਤਰਾਂ ਦੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾ ਕੇ ਇਕ ਨਮੂਨੇ ਦਾ ਸ਼ਹਿਰ ਬਣਾਉਣਗੇ, ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਕਾਫੀ ਲੰਮੇ ਸਮੇਂ ਤੋਂ ਸ਼ਹਿਰ ਵਿੱਚ ਇਕ ਪਾਰਕ ਦੀ ਮੰਗ ਕਰ ਰਹੇ ਸਨ, ਜਿੱਥੇ ਜਾ ਕੇ ਉਹ ਫੁਰਸਤ ਦੇ ਪਲ ਬਿਤਾ ਸਕਣ। ਸ਼ਹਿਰ ਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਲਗਪਗ ਪੌਣੇ ਤਿੰਨ ਏਕੜ ਵਿੱਚ ਬਣਨ ਵਾਲੇ ਇਸ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਜਿਸ ‘ਤੇ ਲਗਪਗ ਪੰਜਾਹ ਲੱਖ ਦੇ ਕਰੀਬ ਦੀ ਲਾਗਤ ਆਵੇਗੀ, ਉਨ੍ਹਾਂ ਕਿਹਾ ਕਿ ਇਸ ਲਈ ਜੇਕਰ ਹੋਰ ਫੰਡ ਦੀ ਲੋੜ ਪਵੇਗੀ ਤਾਂ ਉਸਦਾ ਵੀ ਉਹ ਇੰਤਜ਼ਾਮ ਕਰਨਗੇ। ਇਸ ਮੌਕੇ ਡਾ. ਅਮਰ ਸਿੰਘ ਨੇ ਕਿਹਾ ਕਿ ਉਹ ਰਾਏਕੋਟ ਸ਼ਹਿਰ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ, ਜਿਸ ਦੇ ਤਹਿਤ ਉਨ੍ਹਾਂ ਵਲੋਂ ਸ਼ਹਿਰ ਵਿਚਲੇ ਸੀਵਰੇਜ਼ ਸਿਸਟਮ ਨੂੰ ਮੁਕੰਮਲ ਕਰਨ ਲਈ ਕਰੋੜਾਂ ਦੀ ਗ੍ਰਾਂਟ ਪਾਸ ਕਰਵਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚਲੇ ਬੱਸ ਸਟੈਂਡ ਦਾ ਨਵੀਨੀਕਰਨ, ਸਰਕਾਰੀ ਕਾਲਜ ਅਤੇ ਆਈ.ਟੀ.ਆਈ. ਦੀ ਉਸਾਰੀ ਵੀ ਜਲਦੀ ਹੀ ਸ਼ੁਰੂ ਹੋ ਜਾਵੇਗੀ, ਜਿੰਨ੍ਹਾਂ ਦੇ ਬਣਨ ਨਾਲ ਰਾਏਕੋਟ ਵਾਸੀਆਂ ਨੂੰ ਕਾਫੀ ਸਹੂਲਤ ਮਿਲੇਗੀ।
ਇਸ ਮੌਕੇ ਉਨ੍ਹਾਂ ਨਾਲ ਯੂਥ ਆਗੂ ਕਾਮਿਲ ਬੋਪਾਰਾਏ, ਈ.ਓ ਅਮਰਿੰਦਰ ਸਿੰਘ, ਸ਼ਹਿਰੀ ਪ੍ਰਧਾਨ ਸੁਦਰਸ਼ਨ ਜੋਸ਼ੀ, ਸੀਨੀਅਰ ਕਾਂਗਰਸੀ ਆਗੂ ਲਲਿਤ ਜੈਨ, ਏਬੰਤ ਜੈਨ, ਵਿਨੋਦ ਜੈਨ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *