ਮੋਗਾ 3 ਜੁਲਾਈ:(ਜਗਰਾਜ ਲੋਹਾਰਾ)
ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਉੱਤੇ ਜਿੱਤ ਹਾਸਲ ਕਰਨ ਲਈ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਘਰ ਘਰ ਸੰਪਰਕ ਪ੍ਰੋਗਰਾਮ ਦੌਰਾਨ ਕੋਰੋਨਾ ਪ੍ਰਤੀ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋ ਅੱਜ ਇਸ ਮਿਸ਼ਨ ਅਤੇ ਕਰੋਨਾ ਦੇ ਸੰਕਰਮਣ ਤੋ ਸੁਚੇਤ ਰਹਿਣ ਪ੍ਰਤੀ ਡੋਰ ਟੂ ਡੋਰ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।
ਇਸ ਪ੍ਰੋਗਰਾਮ ਬਾਰੇ ਬੋਲਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਮਿਸ਼ਨ ਫਤਿਹ ਕੋਵਿਡ ਵਿਰੁੱਧ ਜਨਤਾ ਨੂੰ ਜਾਗਰੂਕ ਕਰਕੇ ਜਿੱਤ ਹਾਸਲ ਕਰਨ ਲਈ ਇੱਕ ਮੁਹਿੰਮ ਹੈ ਅਤੇ ਘਰ ਘਰ ਸੰਪਰਕ ਪ੍ਰੋਗਰਾਮ ਦੌਰਾਨ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਜ਼ਿਲ੍ਹ੍ਹੇ ਦੇ ਨਾਗਰਿਕਾਂ ਨੂੰ ਕੋਰੋਨਾ ਪ੍ਰਤੀ ਸਾਵਧਾਨ ਰਹਿਣ ਲਈ ਜਾਗਰਿਤ ਕਰਨਾ ਵੀ ਕਰੋਨਾ ਦੇ ਸੰਕਰਮਣ ਨੂੰ ਰੋਕਣ ਦਾ ਇੱਕ ਉਪਰਾਲਾ ਹੈ।
ਇਸ ਸਮੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਮੋਗਾ ਜਗਦੀਸ਼ ਸਿੰਘ ਰਾਹੀ, ਨੇ ਦੱਸਿਆ ਕਿ 04 ਜੁਲਾਈ, 2020 ਨੂੰ ਘਰ ਘਰ ਸੰਪਰਕ ਪ੍ਰੋਗਰਾਮ ਦੌਰਾਨ ਯੂਥ ਕਲੱਬ ਦੇ ਮੈਂਬਰਾਂ, ਐੱਨ. ਐੱਸ. ਐੱਸ. ਵਲੰਟੀਅਰਾਂ ਅਤੇ ਰੈੱਡ ਰਿਬਨ ਕਲੱਬ ਦੇ ਮੈਂਬਰਾਂ ਦੁਆਰਾ ਆਪ ਸਾਵਧਾਨੀ ਰੱਖਦੇ ਹੋਏ ਹੋਰ ਨਾਗਰਿਕਾਂ ਨੂੰ ਸਾਵਧਾਨੀ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਵਲੰਟੀਅਰਾਂ ਅਤੇ ਮੈਂਬਰਾਂ ਦੇ ਮਾਪਿਆਂ ਅਤੇ ਆਮ ਜਨਤਾ ਨੂੰ ਕੋਵਾ ਐਪ ਡਾਊਨਲੋਡ ਕਰਨ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਮਿਸ਼ਨ ਫਤਿਹ ਵਾਰੀਅਰ ਮੁਕਾਬਲੇ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਦੌਰਾਨ ਕੋਵਿਡ-19 ਸਬੰਧੀ ਜਾਣਕਾਰੀ ਭਰਪੂਰ ਪੋਸਟਰ ਅਤੇ ਪੈਂਫਲੈਂਟ ਵੰਡੇ ਜਾਣਗੇ ਅਤੇ ਲੋੜਵੰਦਾਂ ਨੂੰ ਮਾਸਕ ਵੰਡੇ ਜਾਣਗੇ। ਜਿਲ੍ਹਾ ਖੇਡ ਅਫਸਰ ਮੋਗਾ ਸ. ਬਲਵੰਤ ਸਿੰਘ, ਨੇ ਦੱਸਿਆ ਘਰ ਘਰ ਸੰਪਰਕ ਪ੍ਰੋਗਰਾਮ ਦੌਰਾਨ ਕੋਚਾਂ ਅਤੇ ਖਿਡਾਰੀਆਂ ਵੱਲੋਂ ਆਮ ਜਨਤਾ ਨੂੰ ਕੋਰੋਨਾ ਦੇ ਲੱਛਣ, ਬਚਾਅ ਅਤੇ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਜਾਣਕਾਰੀ ਭਰਪੂਰ ਪੈਂਫਲੈਂਟ ਵੀ ਵੰਡੇ ਜਾਣਗੇ ਸ਼ੋਸ਼ਲ ਮੀਡੀਆ ਪਲੇਟਫਾਰਮ ਨੂੰ ਵਰਤੋਂ ਵਿੱਚ ਲਿਆਉਣ ਲਈ ਵੀ ਜਾਗਰੂਕ ਕੀਤਾ ਜਾਵੇਗਾ।