ਮੋਗਾ, (ਜਗਰਾਜ ਸਿੰਘ ਗਿੱਲ)
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰ ਸੇਵਾਵਾਂ ਸੌਖੇ ਤਰੀਕੇ ਨਾਲ ਅਤੇ ਉਨ੍ਹਾਂ ਦੇ ਦਰਾਂ ਉੱਤੇ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪਿਛਲੇ ਸਾਲ ਆਨਲਾਈਨ ਬਿਲਡਿੰਗ ਐਪਲੀਕੇਸ਼ਨ ਸਿਸਟਮ ਲਾਗੂ ਕੀਤਾ ਗਿਆ ਸੀ, ਜਿਸ ਰਾਹੀ ਨਕਸ਼ਿਆਂ ਦੀ ਸਕਰੂਟਨੀ/ਪ੍ਰਵਾਨਗੀ ਆਨਲਾਈਨ ਸਿਸਟਮ ਰਾਹੀ ਕੀਤੀ ਜਾਂਦੀ ਹੈ। ਇਸੇ ਸੇਵਾ ਦਾ ਹੋਰ ਵਿਸਥਾਰ ਕਰਦਿਆਂ ਹੁਣ ਪੰਜਾਬ ਸਰਕਾਰ ਵੱਲੋ ਇਸ ਆਨਲਾਈਨ ਸਿਸਟਮ ਨੂੰ ਅਪਗ੍ਰੇਡ ਕੀਤਾ ਗਿਆ ਹੈ। ਹੁਣ ਆਨਲਾਈਨ ਨਕਸ਼ਿਆਂ ਦੇ ਨਾਲ ਨਾਲ ਪਲਾਟ ਰੈਗੂਰਾਈਜੇਸ਼ਨ, ਭੌ ਮੰਤਵ ਤਬਦੀਲੀ, ਜੋਨਿੰਗ ਪਲੈਨ/ਲੇਅ ਆਊਟ ਪਲੈਨ, ਟੈਲੀਕਮਿਊਨੀਕੇਸ਼ਨ, ਟਾਵਰ ਆਦਿ ਦੀ ਸਕਰੂਟਨੀ/ਪ੍ਰਵਾਨਗੀ ਸਬੰਧੀ ਆਨਲਾਈਨ ਸੁਵਿਧਾਵਾਂ ਵੀ ਲੋਕ ਹਿੱਤ ਲਈ ਚਾਲੂ ਕਰ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਹੁਣ ਆਪਣੀ ਫਾਈਲ ਦਾ ਸਟੇਟਸ ਪਤਾ ਕਰਨ ਦੀ ਸੁਵਿਧਾ ਵੀ ਈ-ਨਕਸ਼ਾ ਪੋਰਟਲ ‘ਤੇ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਇਨ੍ਹਾਂ ਆਨਲਾਈਨ ਸੁਵਿਧਾਵਾਂ ਸਬੰਧੀ ਆਨਲਾਈਨ ਐਪਲੀਕੇਸ਼ਨਾਂ ਮਿਤੀ 5 ਅਗਸਤ 2020 ਤੋ ਚਾਲੂ ਕਰ ਦਿੱਤੀਆਂ ਗਈਆਂ ਹਨ। ਜਿਸਦਾ ਲਾਭ ਆਮ ਲੋਕ ਆਨਲਾਈਨ ਪੋਰਟਲ/ਸਿਸਟਮ www.enaksha.com ਰਾਹੀ ਪ੍ਰਾਪਤ ਕਰ ਸਕਦੇ ਹਨ। ਆਨਲਾਈਨ ਨਕਸ਼ਿਆਂ ਦੀ ਪ੍ਰਵਾਨਗੀ ਤੋ ਬਾਅਦ ਡਿਜ਼ੀਟਲ ਹਸਤਾਖਰ ਹੇਠ ਬਿਨੈਕਾਰ ਨੂੰ ਨਕਸ਼ੇ ਦੀ ਕਾਪੀ ਅਤੇ ਪਰਮਿਟ ਮਿਲਦਾ ਹੈ।
ਸ੍ਰੀਮਤੀ ਦਰਸ਼ੀ ਨੇ ਦੱਸਿਆ ਕਿ ਵਿਸ਼ਵ ਦੀ ਤਰ੍ਹਾਂ ਸੂਬੇ ਵਿੱਚ ਵੀ ਫੈਲੀ ਕੋਵਿਡ-19 ਦੀ ਬਿਮਾਰੀ ਤੇ ਕਾਬੂ ਪਾਉਣ ਅਤੇ ਲੋਕਾਂ ਨੂੰ ਸਹਾਰਾ ਦੇਣ ਲਈ ਪੰਜਾਬ ਸਰਕਾਰ ਵੱਲੋ ਵੱਖ ਵੱਖ ਕਦਮ ਉਠਾਏ ਜਾ ਰਹੇ ਹਨ। ਇਹ ਉਪਰਾਲਾ ਵੀ ਇਸੇ ਕੜ੍ਹੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਕਤ ਕੰਮਾਂ ਲਈ ਪਹਿਲਾਂ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਆਉਣਾ ਪੈਦਾ ਸੀ, ਜਿਸ ਕਾਰਣ ਉਨ੍ਹਾਂ ਦੀ ਕਈ ਵਾਰ ਖੱਜਲ ਖੁਆਰੀ ਵੀ ਹੋ ਜਾਂਦੀ ਸੀ। ਇਹ ਸਿਸਟਮ ਸ਼ੁਰੂ ਹੋਣ ਨਾਲ ਹੁਣ ਆਮ ਲੋਕਾਂ ਦੀ ਇਹ ਖੱਜਲ ਖੁਆਰੀ ਖਤਮ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਤੋ ਇਲਾਵਾ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਭੀੜ ਇਕੱਠੀ ਹੋਣ ਨਾਲ ਕਰੋਨਾ ਸੰਕਰਮਣ ਦਾ ਵੀ ਖਤਰਾ ਬਣਿਆ ਰਹਿੰਦਾ ਸੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਪੰਜਾਬ ਸਰਕਾਰ ਵੱਲੋ ਅਜਿਹੇ ਲੋਕ ਹਿੱਤ ਫੈਸਲੇ ਲਏ ਜਾ ਰਹੇ ਹਨ, ਜਿੰਨ੍ਹਾਂ ਦਾ ਆਮ ਲੋਕਾਂ ਨੂੰ ਭਰਪੂਰ ਲਾਭ ਲੈਣਾ ਚਾਹੀਦਾ ਹੈ।