ਨਿਹਾਲ ਸਿੰਘ ਵਾਲਾ 9 ਮਾਰਚ (ਮੇਜੂ ਲੋਪੋਂ,ਚਮਕੌਰ ਲੋਪੋਂ)
ਆਮ ਆਦਮੀ ਪਾਰਟੀ (ਆਪ) ਜ਼ਿਲ੍ਹਾ ਪ੍ਰਧਾਨ ਐਸੀ ਵਿੰਗ ਮੋਗਾ ਗੁਰਵਿੰਦਰ ਸਿੰਘ ਡਾਲਾ ਨੇ ਐਲਾਨ ਕੀਤਾ ਹੈ ਕਿ ਨਿੱਜੀ ਬਿਜਲੀ ਮਾਫ਼ੀਆ ਨਾਲ ਮਿਲ ਕੇ ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਦੀ ਕੀਤੀ ਜਾ ਰਹੀ ਲੁੱਟ ਵਿਰੁੱਧ ਆਮ ਆਦਮੀ ਪਾਰਟੀ ਹੁਣ ਸੋਮਵਾਰ 16 ਮਾਰਚ 2020 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸਥਿਤ ਕੋਠੀ ਦਾ ਘਿਰਾਓ ਕਰੇਗੀ ਅਤੇ ਬਿਜਲੀ ਦਾ ਕੁਨੇਕਸ਼ਨ ਕੱਟਿਆ ਜਾਵੇਗਾ ।
ਪਾਰਟੀ ਦਫਤਰ ਤੋਂ ਜਾਰੀ ਬਿਆਨ ਰਾਹੀਂ ਗੁਰਵਿੰਦਰ ਸਿੰਘ ਡਾਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਨੌਤੀ ਭਰਿਆ ਸਵਾਲ ਕੀਤਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਕਾਰਨ ਸਪਸ਼ਟ ਕਰਨ ਕਿ ਪੰਜਾਬ ‘ਚ ਘਰੇਲੂ ਬਿਜਲੀ 9 ਰੁਪਏ ਤੋਂ ਲੈ ਕੇ 12 ਰੁਪਏ ਤੱਕ ਕਿਉਂ ਮਿਲ ਰਹੀ ਹੈ? ਜਦਕਿ ਪੰਜਾਬ ਖ਼ੁਦ ਵੀ ਬਿਜਲੀ ਪੈਦਾ ਕਰਦਾ ਹੈ।
ਗੁਰਵਿੰਦਰ ਸਿੰਘ ਡਾਲਾ ਨੇ ਕਿਹਾ ਕਿ ਇੱਕ ਪਾਸੇ ਖ਼ੁਦ ਵੀ ਬਿਜਲੀ ਪੈਦਾ ਕਰਨ ਵਾਲਾ ਰਾਜ ਦੇਸ਼ ਭਰ ‘ਚੋਂ ਸਭ ਤੋਂ ਮਹਿੰਗੀ ਬਿਜਲੀ ਆਪਣੇ ਖਪਤਕਾਰਾਂ ਨੂੰ ਵੇਚ ਰਿਹਾ ਹੈ, ਦੂਜੇ ਇੱਕ ਵੀ ਯੂਨਿਟ ਦਾ ਖ਼ੁਦ ਉਤਪਾਦਨ ਨਾ ਕਰਨ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਦਿੱਲੀ ਵਾਸੀਆਂ ਨੂੰ ਸਭ ਤੋਂ ਸਸਤੀ ਬਿਜਲੀ ਉਪਲਬਧ ਕਰ ਰਹੀ ਹੈ। ਗੁਰਵਿੰਦਰ ਸਿੰਘ ਡਾਲਾ ਨੇ ਨਾਲ ਹੀ ਕਿਹਾ ਕਿ ਦਿੱਲੀ ‘ਚ ਬਿਜਲੀ ਤਾਂ ਸਸਤੀ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੈਪਟਨ ਅਤੇ ਬਾਦਲਾਂ ਦੀ ਤਰਾਂ ਨਿੱਜੀ ਬਿਜਲੀ ਕੰਪਨੀਆਂ ਅਤੇ ਰਸੂਖਦਾਰ ਬਿਜਲੀ ਮਾਫ਼ੀਆ ਨਾਲ ਆਪਣੀ ਕੋਈ ਹਿੱਸਾ-ਪੱਤੀ ਨਹੀਂ ਰੱਖੀ, ਦੂਜੇ ਪਾਸੇ ਪੰਜਾਬ ਅਤੇ ਪੰਜਾਬ ਦੇ ਲੋਕ ਹਿੱਤਾਂ ਦੀ ਪ੍ਰਵਾਹ ਕੀਤੇ ਬਗੈਰ ਬਿਜਲੀ ਮਾਫ਼ੀਆ ਨਾਲ ਉਸੇ ਤਰਾਂ ਰਲ ਗਈ ਹੈ, ਜਿਵੇਂ ਪਹਿਲਾਂ ਸੁਖਬੀਰ ਸਿੰਘ ਬਾਦਲ ਰਲੇ ਹੋਏ ਸਨ। ਗੁਰਵਿੰਦਰ ਸਿੰਘ ਡਾਲਾ ਨੇ ਦਲੀਲ ਦਿੱਤੀ ਜੇਕਰ ਅਜਿਹਾ ਨਾ ਹੁੰਦਾ ਤਾਂ ਕੈਪਟਨ ਸਰਕਾਰ ਕਾਂਗਰਸ ਦੇ ਚੋਣ ਵਾਅਦੇ ਮੁਤਾਬਿਕ 2017 ‘ਚ ਸੱਤਾ ਸੰਭਾਲਦਿਆਂ ਹੀ ਨਿੱਜੀ ਬਿਜਲੀ ਕੰਪਨੀਆਂ ਨਾਲ ਬਾਦਲਾਂ ਵੱਲੋਂ ਕੀਤੇ ਮਹਿੰਗੇ ਅਤੇ ਇੱਕਤਰਫ਼ਾ ਮਾਰੂ ਬਿਜਲੀ ਖ਼ਰੀਦ ਸਮਝੌਤਾ ਰੱਦ ਕਰਕੇ ਨਵੇਂ ਸਿਰਿਓਂ ਵਾਜਬ ਦਰਾਂ ਅਤੇ ਸ਼ਰਤਾਂ ਮੁਤਾਬਿਕ ਸਮਝੌਤੇ ਕਰਦੀ, ਪਰੰਤੂ ਅਜਿਹਾ ਨਹੀਂ ਹੋਇਆ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਮਾਫ਼ੀਆ ਸਾਹਮਣੇ ਗੋਡੇ ਟੇਕ ਦਿੱਤੇ।
ਗੁਰਵਿੰਦਰ ਸਿੰਘ ਡਾਲਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਮਹਿੰਗੀ ਬਿਜਲੀ ਲਈ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਿਰਫ਼ ਬਾਦਲ ਹੀ ਨਹੀਂ ਸਗੋਂ ਤੁਸੀਂ (ਕੈਪਟਨ-ਜਾਖੜ ਅਤੇ ਪੂਰੀ ਕਾਂਗਰਸ ਸਰਕਾਰ) ਹੁਣ ਬਾਦਲਾਂ ਨਾਲੋਂ ਵੀ ਵੱਧ ਗੁਨਾਹਗਾਰ ਹੈ, ਜੋ ਆਪਣੇ ਮੈਨੀਫੈਸਟੋ ਅਨੁਸਾਰ ਪਾਵਰਕਾਮ ਦਾ ਪਿਛਲੇ ਸਾਲਾਂ ਦਾ ਆਡਿਟ ਅਤੇ ਪੀਪੀਏਜ਼ ਰੱਦ ਕਰਨ ਦੀ ਥਾਂ ਬਾਦਲਾਂ ਦੀ ਤਰਜ਼ ‘ਤੇ ਬਿਜਲੀ ਮਾਫ਼ੀਆ ਦੀ ਲੁੱਟ ‘ਚ ਭਾਈਵਾਲ ਬਣ ਗਏ।