ਮੋਗਾ 13 ਅਗਸਤ (ਜਗਰਾਜ ਸਿੰਘ ਗਿੱਲ)
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ ਵੱਲੋਂ ਲਾਲਾ ਲਾਜਪਤ ਰਾਏ ਮੈਮੋਰੀਅਲ ਐਜੂਕੇਸ਼ਨ ਕਾਲਜ, ਢੁੱਡੀਕੇ, ਮੋਗਾ ਦੇ ਸਹਿਯੋਗ ਨਾਲ ਪੰਜਾਬੀ ਕਿੱਸਾ ਕਾਵਿ ਦੇ ਸ਼ਾਹਕਾਰ ‘ਹੀਰ ਵਾਰਿਸ’ ਦੇ ਸਿਰਜਕ ਵਾਰਿਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਸੰਬੰਧੀ ਸੈਮੀਨਾਰ ਦਾ ਆਯੋਜਨ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਡਾ. ਉਮੇਸ਼ ਕੁਮਾਰੀ ਜੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਨਿਭਾਅ ਰਹੇ ਪ੍ਰੋ. ਡਾ. ਅਮਨਦੀਪ ਚੌਲੀਜਾ ਜੀ ਵੱਲੋਂ ਸਮੁੱਚੇ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ ਡਾ. ਅਜੀਤਪਾਲ ਸਿੰਘ ਵੱਲੋਂ ਸਭ ਨੂੰ ਜੀ ਆਇਆਂ ਆਖਦਿਆਂ ਵਾਰਿਸ ਸ਼ਾਹ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਵਿਚਾਰ ਵਿਅਕਤ ਕੀਤੇ ਗਏ। ਕਾਲਜ ਦੇ ਵਿਿਦਆਰਥੀ ਜੱਸਾ ਸਿੰਘ ਨੇ ‘ਮਾਂ’ ਦੇ ਅਸ਼ੀਰਵਾਦ ਨਾਲ ਸੰਬੰਧਿਤ ਗੀਤ ਪੇਸ਼ ਕੀਤਾ। ਅੱਜ ਦੇ ਇਸ ਸੈਮੀਨਾਰ ਦੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਡਾ. ਦੇਵਿੰਦਰ ਸੈਫ਼ੀ ਜੀ ਵੱਲੋਂ ਵਾਰਿਸ ਸ਼ਾਹ ਦੀ ਕਾਵਿ ਕਲਾ ਅਤੇ ਜੀਵਨ ਦ੍ਰਿਸ਼ਟੀ ਬਾਰੇ ਆਪਣੇ ਦੀਰਘ ਅਧਿਐਨ ਦੀ ਰੋਸ਼ਨੀ ਵਿਚ ਤਿਆਰ ਕੀਤਾ ਗਿਆ ਪੇਪਰ ਸਰੋਤਿਆਂ ਦੇ ਸਨਮੁਖ ਪੇਸ਼ ਕੀਤਾ। ਉਪਰੰਤ ਡਾ. ਸੁਰਜੀਤ ਬਰਾੜ ਵੱਲੋਂ ਵਿਚਾਰ ਚਰਚਾ ਤਹਿਤ ਵਾਰਿਸ ਸ਼ਾਹ ਦੀ ਪੰਜਾਬੀ ਸਾਹਿਤ ਨੂੰ ਦੇਣ ਉੱਪਰ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਗਏ। ਕਾਲਜ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਸਭਿਆਚਾਰ ਦੇ ਸੰਦਰਭ ਵਿਚ ਵਾਰਿਸ ਸ਼ਾਹ ਦੀ ਦੇਣ ਸੰਬੰਧੀ ਉਠਾਏ ਗਏ ਸਵਾਲਾਂ ਦੇ ਡਾ. ਦੇਵਿੰਦਰ ਸੈਫ਼ੀ ਵੱਲੋਂ ਤਸੱਲੀਬਖ਼ਸ਼ ਉੱਤਰ ਦਿੱਤੇ ਗਏ। ਅਖੀਰ ਵਿਚ ਕਾਲਜ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਵੱਲੋਂ ਪਰੰਪਰਾਗਤ ਸ਼ੈਲੀ ਵਿਚ ‘ਹੀਰ’ ਦਾ ਗਾਇਨ ਕੀਤਾ ਗਿਆ। ਕਾਲਜ ਦੇ ਆਈ. ਕਿਊ. ਏ. ਸੀ. ਦੇ ਕੋ-ਆਰਡੀਨੇਟਰ ਐਸੋਸੀਏਟ ਪ੍ਰੋ. ਡਾ. ਅਜੇ ਕੁਮਾਰ ਜੀ ਵੱਲੋਂ ਕਾਲਜ ਦੀਆਂ ਸਾਹਿਤਕ/ਸਭਿਆਚਾਰਕ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਭਾਸ਼ਾ ਵਿਭਾਗ, ਪੰਜਾਬ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਅੱਜ ਦੇ ਖੂਬਸੂਰਤ ਸਮਾਗਮ ਦੀ ਸਭ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ ਨਾਲ ਮਿਲ ਕੇ ਅਜਿਹੇ ਵਿਸ਼ੇਸ਼ ਸਾਹਿਤਕ ਸਮਾਗਮ ਆਯੋਜਿਤ ਕੀਤੇ ਜਾਣਗੇ। ਇਸ ਮੌਕੇ ਜ਼ਿਲਾ ਭਾਸ਼ਾ ਦਫ਼ਤਰ ਵੱਲੋਂ ਕਾਲਜ ਕੈਂਪਸ ਵਿਖੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਅੱਜ ਦੇ ਸਮਾਗਮ ਵਿਚ ਨਾਟਕਕਾਰ ਮੋਹੀ ਅਮਰਜੀਤ, ਹਰੀ ਸਿੰਘ ਢੁੱਡੀਕੇ, ਅਸ਼ੋਕ ਚਟਾਨੀ, ਚਰਨਜੀਤ ਸਮਾਲਸਰ, ਡਾ. ਵਿਕਰਮ ਸ਼ਰਮਾ, ਪ੍ਰੋ. ਗੁਰਮਿੰਦਰ ਕੌਰ, ਪ੍ਰੋ. ਵਿਜੇ ਲਕਸ਼ਮੀ, ਪ੍ਰੋ. ਬਲਜੀਤ ਕੌਰ, ਪ੍ਰੋ. ਰਾਜਵਿੰਦਰ ਕੌਰ ਅਤੇ ਇਲਾਕੇ ਦੀਆਂ ਹੋਰ ਸਾਹਿਤਕ ਹਸਤੀਆਂ ਸ਼ਾਮਿਲ ਸਨ। ਵਾਰਿਸ ਸ਼ਾਹ ਨੂੰ ਸਮਰਪਿਤ ਅੱਜ ਦਾ ਇਹ ਸਮਾਗਮ ਅਕਾਦਮਿਕ ਅਤੇ ਸਾਹਿਤਕ ਪੱਧਰ ਦਾ ਇਕ ਯਾਦਗਾਰੀ ਸਮਾਗਮ ਹੋ ਨਿਬੜਿਆ।