ਨਿਹਾਲ ਸਿੰਘ ਵਾਲਾ ( ਮਿੰਟੂ ਖੁਰਮੀ,ਕੁਲਦੀਪ ਗੋਹਲ)ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ “ਪਿੰਡਾਂ ਨੂੰ ਜਗਾਓ” ਮੁਹਿੰਮ ਤਹਿਤ ਅੱਜ ਪਹਿਲੇ ਦਿਨ ਬਲਾਕ ਨਿਹਾਲ ਸਿੰਘ ਵਾਲਾ ਦੇ ਲਗਪਗ ਡੇਢ ਦਰਜਨ ਪਿੰਡਾਂ ਜਿੰਨਾਂ ਵਿੱਚ ਸੈਦੋਕੇ, ਮਧੇਕੇ, ਭਾਗੀਕੇ ,ਹਿੰਮਤਪੁਰਾ ,ਮਾਛੀਕੇ ,ਬਿਲਾਸਪੁਰ ,ਰਾਮਾ ,ਕੁੱਸਾ, ਮੀਨੀਆਂ ,ਰਣਸੀਂਹ ਕਲਾਂ ,ਪੱਤੋ ,ਦੀਨਾ ,ਪੱਖਰਵੱਡ ,ਖਾਈ ,ਰੌਂਤਾ ਆਦਿ ਪਿੰਡ ਸਾਮਿਲ ਹਨ , ਵਿੱਚ ਪਿੰਡਾਂ ਦੀਆਂ ਫਿਰਨੀਆਂ ਤੇ “ਅਕਾਲੀ ਭਾਜਪਾ ਲੀਡਰਾਂ ਦਾ ਪਿੰਡਾਂ ਵਿੱਚ ਵੜਨਾ ਮਨ੍ਹਾ ਹੈ ” ਦੇ ਬੈਨਰ ਟੰਗ ਕੇ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਖੁੱਲੀ ਮੰਡੀ ਦੇ ਖੇਤੀ ਨੀਤੀ ਸੰਬੰਧੀ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਲੋਕ ਲਹਿਰ ਖੜੀ ਕਰਨ ਦੀ ਸੁਰੂਆਤ ਕਰ ਦਿੱਤੀ । ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬਲਾਕ ਪ੍ਰਧਾਨ ਗੁਰਚਰਨ ਰਾਮਾ ਅਤੇ ਬਲਾਕ ਸੈਕਟਰੀ ਬੂਟਾ ਸਿੰਘ ਭਾਗੀਕੇ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਖੇਤੀ ਸੰਬੰਧੀ ਜੋ ਤਿੰਨ ਆਰਡੀਨੈਂਸ ਜਾਰੀ ਕੀਤੇ ਹਨ , ਉਹ ਕਿਸਾਨਾਂ ਹੱਥੋਂ ਜਮੀਨਾਂ ਖੋਹ ਕੇ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣ ਦਾ ਸਾਧਨ ਹਨ ਜਿੰਨਾਂ ਨੂੰ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਤੇ ਵੀ ਲਾਗੂ ਨਹੀਂ ਹੋਣ ਦੇਣਗੇ ।ਭਾਵੇਂ ਕਰੋਨਾ ਦੀ ਆੜ ਵਿੱਚ ਕੈਪਟਨ ਹਕੂਮਤ ਨੇ ਸੂਬੇ ਵਿੱਚ ਦਫਾ਼ 144 ਲਾਗੂ ਕੀਤੀ ਹੋਈ ਹੈ , ਪਰ ਕਰੋਨਾ ਤਾਂ ਸਿਰਫ਼ ਬਹਾਨਾ ਹੈ ਲੋਕ ਸੰਘਰਸ਼ਾਂ ਨੂੰ ਦਬਾਉਣਾ ਅਸਲ ਮਕਸਦ ਹੈ । ਪਰ ਪੰਜਾਬ ਦੇ ਕਿਸਾਨਾਂ ਨੇ ਪੰਜ ਦਿਨਾਂ ਧਰਨੇ ਸ਼ੁਰੂ ਕਰ ਕੇ ਇਹ ਰੌਂਅ ਪੇਸ਼ ਕੀਤਾ ਹੈ ਕਿ ਆਪਣੇ ਹੱਕਾਂ ਦੀ ਰਾਖੀ ਲਈ ਸਰਕਾਰ ਦੀ ਦਫ਼ਾ 144 ਦਾ ਭੈਅ ਨਹੀਂ ਮੰਨਣਗੇ ।ਉਹਨਾਂ ਮੰਗ ਕੀਤੀ ਕਿ ਕੇਂਦਰ ਵੱਲੋਂ ਜਾਰੀ ਕੀਤੇ ਖੇਤੀ ਅਤੇ ਬਿਜਲੀ ਨਾਲ ਸੰਬੰਧਿਤ ਤਿੰਨ ਆਰਡੀਨੈਂਸ ਰੱਦ ਕਰੇ । ਪੈਟਰੋਲ ਅਤੇ ਡੀਜ਼ਲ ਦਾ ਸਰਕਾਰੀਕਰਨ ਕਰੇ । ਲੋਕਾਂ ਦੇ ਜਮਹੂਰੀ ਹੱਕਾਂ ਨੂੰ ਬਹਾਲ ਕੀਤਾ ਜਾਵੇ । ਜਨਤਕ ਆਗੂਆਂ ਅਤੇ ਬੁੱਧੀਜੀਵੀਆਂ ਤੇ ਪਾਏ ਝੂਠੇ ਕੇਸ ਰੱਦ ਕੀਤੇ ਏ । ਮੌਂਨਟੇਕ ਸਿੰਘ ਆਹਲੂਵਾਲੀਆ ਕਮੇਟੀ ਜੋ ਕਿਸਾਨ ਮਾਰੂ ਫੈਸਲਿਆਂ ਦੀਆਂ ਸਲਾਹਾਂ ਦਿੰਦੀ ਹੈ ਨੂੰ ਰੱਦ ਕੀਤਾ ਜਾਵੇ । ਅੱਜ ਦੇ ਇਹਨਾਂ ਕਿਸਾਨ ਨਾਕਿਆਂ ਵਿੱਚ ਸੈਂਕੜੇ ਕਿਸਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ ।ਇਹਨਾਂ ਧਰਨਿਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਅਮਰਜੀਤ ਸਿੰਘ ਸੈਦੋਕੇ , ਗੁਰਚਰਨ ਸਿੰਘ ਰਾਮਾ , ਬੂਟਾ ਸਿੰਘ ਭਾਗੀਕੇ , ਕੇਵਲ ਸਿੰਘ ਬੱਧਨੀ ਕਲਾਂ , ਹਰਬੰਸ ਮੱਦਾ ਬਿਲਾਸਪੁਰ , ਜਗਮੋਹਣ ਸੈਦੋਕੇ ਆਦਿ ਤੋਂ ਬਿਨਾਂ ਨੌਜਵਾਨ ਭਾਰਤ ਸਭਾ ਦੇ ਇਲਾਕਾ ਸਕੱਤਰ ਕਰਮ ਰਾਮਾਂ, ਗੁਰਮੁਖ ਹਿੰਮਤਪੁਰਾ , ਸੁਰਿੰਦਰ ਸਿੰਘ ਅਤੇ ਡੀ ਟੀ ਐਫ ਦੇ ਬਲਾਕ ਪ੍ਰਧਾਨ ਅਮਨਦੀਪ ਮਾਛੀਕੇ ਆਦਿ ਆਗੂਆਂ ਨੇ ਆਪਣੀਆਂ ਜਥੇਬੰਦੀਆਂ ਵੱਲੋਂ ਨਾਕਿਆਂ ਦੀ ਹਮਾਇਤ ਕਰਦਿਆਂ ਸੰਬੋਧਨ ਕੀਤਾ ।
https://youtu.be/–8J3upFowA