ਮੋਗਾ 5 ਅਪ੍ਰੈਲ (ਜਗਰਾਜ ਲੋਹਾਰਾ, ਮਿੰਟੂ ਹਿੰਮਤਪੁਰਾ)
ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਗਾ ਪੁਲਿਸ ਪ੍ਰਸ਼ਾਸਨ ਨੇ ਕਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਅਤੇ ਇਸਦੇ ਬੁਰੇ ਪ੍ਰਭਾਵ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਨੂੰ ਜਾਰੀ ਰੱਖਣ ਲਈ ਸਖਤੀ ਕਰਦੇ ਹੋਏ 4 ਅਤੇ 5 ਅਪ੍ਰੈਲ ਨੂੰ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੁੱਲ 17 ਪਰਚੇ ਦਰਜ ਕਰਕੇ 70 ਵਿਅਕਤੀ ਗ੍ਰਿਫਤਾਰ ਕੀਤੇ ਹਨ। ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਕਰੋਨਾ ਵਰਗੇ ਭਿਆਨਕ ਵਾਈਰਸ ਤੋ ਮੋਗਾ ਵਾਸੀਆਂ ਨੂੰ ਬਚਾਉਣ ਲਈ ਇਸ ਤਰ੍ਹਾਂ ਦੇ ਸਖਤੀ ਵਾਲੇ ਕਦਮ ਚੁੱਕਣੇ ਬਹੁਤ ਜਰੂਰੀ ਹਨ ਤਾਂ ਕਿ ਬਿਨ੍ਹਾਂ ਮਨਜੂਰੀ ਜਾਂ ਕੰਮ ਕਾਰ ਤੋ ਬਾਹਰ ਫਿਰਨ ਵਾਲੇ ਵਿਅਕਤੀਆਂ ਤੇ ਨਕੇਲ ਪਾਈ ਜਾ ਸਕੇ ਅਤੇ ਜ਼ਿਲ੍ਹੇ ਵਿੱਚ ਕਰੋਨਾ ਵਾਈਰਸ ਦੇ ਦਾਖਲੇ ਨੂੰ ਰੋਕਿਆ ਜਾ ਸਕੇ।
ਐਸ.ਐਸ.ਪੀ. ਮੋਗਾ ਨੇ ਦੱਸਿਆ ਕਿ ਮੋਗਾ ਜਿਲ੍ਹੇ ਵਿੱਚ ਮੁੱਖ ਅਫਸਰਾਨ ਥਾਣਾ ਵੱਲੋ ਆਪਣੇ-ਆਪਣੇ ਏਰੀਏ ਵਿਚਲੇ ਪਿੰਡਾਂ ਨੂੰ ਸੀਲ ਕਰਵਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਪਿੰਡਾ ਦੀਆ ਪੰਚਾਇਤਾ ਵੱਲੋ ਹੀ ਆਪਣੇ ਪਿੰਡਾਂ ਨੂੰ ਸੀਲ ਕੀਤਾ ਜਾ ਚੁੱਕਾ ਹੈ। ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੋਗਾ ਜਿਲ੍ਹਾ ਦੀਆ ਚਾਰੇ ਸਬ-ਡਵੀਜਨਾ ਵਿੱਚ ਡਰੋਨ ਰਾਹੀ ਨਜਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਘਰ-ਘਰ ਜਾ ਕੇ ਕਰੋਨਾ ਵਾਇਰਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੋ ਵੀ ਘਰ ਤੋ ਬਾਹਰ ਨਿਕਲੇਗਾ ਉਸ ਵਿਰੁੱਧ ਹੁਣ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ ਇੱਕ ਸ਼ਿਕਾਇਤ ਮਿਲੀ ਸੀ ਕਿ ਮੋਗਾ ਸ਼ਹਿਰ ਵਿੱਚ ਬਹੌਨਾ ਚੌਕ ਵਿੱਚ ਪੈਦੀ ਬਸਤੀ ਵਿੱਚ ਲੰਗਰ ਵੰਡਦੇ ਸਮੇ ਲੋਕ ਇੱਕਠ ਕਰ ਲੈਦੇ ਹਨ ਜਿਸਤੇ ਮੋਗਾ ਸ਼ਹਿਰ ਵਿੱਚ ਪੈਦੀਆ ਬਸਤੀਆ ਦੇ ਲੋਕਾ ਨੂੰ ਡੀ.ਐਸ.ਪੀ. ਸ੍ਰੀ ਸੁਖਵਿੰਦਰ ਸਿੰਘ ਸਾਈਬਰ ਕਰਾਈਮ ਮੋਗਾ ਵੱਲੋ ਆਪ ਬਸਤੀ ਵਿੱਚ ਇਕੱਲੇ-ਇਕੱਲੇ ਘਰ ਵਿੱਚ ਜਾ ਕੇ ਲੋਕਾ ਨੂੰ ਸਝਾਇਆ ਗਿਆ ਕਿ ਜਦੋ ਕੋਈ ਸੇਵਾ ਕਮੇਟੀ ਜਾ ਸੰਸਥਾ ਲੰਗਰ ਵਰਤਾਉਣ ਲਈ ਬਸਤੀ ਵਿੱਚ ਆਉਦੀ ਹੈ ਤਾਂ ਉਸ ਸਮੇ ਇੱਕਠ ਨਹੀ ਕਰਨਾ ਤੇ ਆਪਸੀ ਫਾਸਲਾ ਬਣਾ ਕੇ ਰੱਖਣਾ ਜਰੂਰੀ ਹੈ।
ਸ੍ਰੀ ਹਰਮਨਬੀਰ ਸਿੰਘ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਵਿੱਚ ਰਹੋ ਤੇ ਕਰੋਨਾ ਤੋ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰੋ। ਉਨ੍ਹਾਂ ਦੱਸਦਿਆਂ ਕਿਹਾ ਕਿ ਮੋਗਾ ਪੁਲਿਸ ਦੇ ਸਾਰੇ ਹੀ ਮੁੱਖ ਅਫਸਰਾਨ ਆਪਣੇ ਆਪਣੇ ਅਧੀਨ ਪੈਦੇ ਪਿੰਡਾ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਅੱਜ ਮੁੱਖ ਅਫਸਰ ਥਾਣਾ ਫਤਿਹਗੜ ਪੰਜਤੂਰ ਐਸ.ਆਈ ਗੁਲਜਿੰਦਰ ਸਿੰਘ ਵੱਲੋ 46 ਪਰਿਵਾਰ ਨੂੰ, ਮੁੱਖ ਅਫਸਰ ਆਰਜੀ ਥਾਣਾ ਚੜਿੱਕ ਐਸ.ਆਈ ਰਜਿੰਦਰ ਸਿੰਘ ਵੱਲੋ 36 ਪਰਿਵਾਰਾਂ ਨੂੰ, ਮੁੱਖ ਅਫਸਰ ਥਾਣਾ ਧਰਮਕੋਟ ਇੰਸ: ਬਲਰਾਜ ਮੋਹਨ ਵੱਲੋ 68 ਪਰਿਵਾਰਾਂ ਨੂੰ, ਥਾਣਾ ਅਜੀਤਵਾਲ ਮੁੱਖ ਅਫਸਰ ਥਾਣਾ ਐਸ.ਆਈ ਪਲਵਿੰਦਰ ਸਿੰਘ ਵੱਲੋ 450 ਪਰਿਵਾਰਾ ਨੂੰ, ਅਤੇ ਥਾਣਾ ਬਾਘਾ ਪੁਰਾਣਾ ਇੰਸ: ਕੁਲਵਿੰਦਰ ਸਿੰਘ ਵੱਲੋ 60 ਪਰਿਵਾਰਾਂ ਨੂੰ ਰਾਸ਼ਣ ਅਤੇ ਦਵਾਈਆ ਮੁਹੱਈਆ ਕਰਵਾਈਆ ਗਈਆ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਅਫਸਰ ਥਾਣਾ ਫਤਿਹਗੜ ਪੰਜਤੂਰ ਵਿੱਚ ਮੁੱਖ ਪਲ਼ੇਗ ਮਾਰਚ ਵੀ ਕੀਤਾ ਗਿਆ। ਮੋਗਾ ਜਿਲ੍ਹਾ ਵਿੱਚ ਮੋਗਾ ਪੁਲਿਸ ਦੇ ਸਾਰੇ ਹੀ ਕਰਮਚਾਰੀ ਬਹੁਤ ਹੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ ਜਿਨ੍ਹਾ ਸਦਕਾ ਅਜੇ ਤੱਕ ਮੋਗਾ ਜਿਲ੍ਹਾ ਵਿੱਚ ਕੋਈ ਵੀ ਮਰੀਜ ਕਰੋਨਾ ਪਾਜੀਟਵ ਨਹੀ ਆਇਆ ਹੈ।
ਐਸ.ਐਸ.ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋ ਇਲਾਵਾ ਕੋਟ ਈਸੇ ਖਾਂ ਵਿਖੇ ਪੁਲਸ ਵੱਲੋਂ ਜਸਵੰਤ ਸਿੰਘ ਉਰਫ ਕਾਕਾ ਸਿੰਘ ਗਿਰਫਤਾਰ ਕੀਤਾ ਗਿਆ. ਉਸ ਤੋਂ 150 ਗ੍ਰਾਮ ਹੈਰੋਇਨ ਅਤੇ ਰੁਪਏ 1 ਲੱਖ 57 ਹਜ਼ਾਰ 200 ਰੁਪਏ ਬਰਾਮਦ ਕੀਤੇ ਗਏ. ਨਾਲ ਹੀ ਕਾਰ ਨੰਬਰ PB65N7215 ਵੀ ਬਰਾਮਦ ਕੀਤੀ ਗਈ. ਉਸ ਖਿਲਾਫ ਪੀ.ਐਨ.ਡੀ.ਟੀ. ਐਕਟ ਤਹਿਤ ਪਰਚਾ ਦਿੱਤਾ ਗਿਆ ਹੈ।