ਰਾਤ ਦੇ ਸਮੇਂ ਲਗਦੇ ਬਿਜਲੀ ਕੱਟ ਬੰਦ ਕੀਤੇ ਜਾਣ
ਫਤਿਹਗੜ੍ਹ ਪੰਜਤੂਰ,12 ਅਪ੍ਰੈਲ ( ਸਤਿਨਾਮ ਦਾਨੇ ਵਾਲੀਆ ) – ਮੋਗਾ ਜ਼ਿਲ੍ਹੇ ਦਾ ਕਸਬਾ ਫਤਿਹਗੜ੍ਹ ਪੰਜਤੂਰ ਜੋ ਕੇ ਭਾਵੇਂ ਕਹਿਣ ਨੂੰ ਹੁਣ ਸ਼ਹਿਰ ਦਾ ਦਰਜਾ ਰੱਖਦਾ ਹੈ।ਪਰ ਇਥੇ ਮੁਢਲੀਆਂ ਸ਼ਹਿਰੀ ਸਹੂਲਤਾਂ ਜਿਸ ਵਿੱਚ ਸਭ ਤੋਂ ਜਰੂਰੀ ਬਿਜਲੀ ਦੀ ਸਹੂਲਤ ਮਾਇਨੇ ਰੱਖਦੀ ਹੈ , ਪਰ ਫਤਿਹਗੜ੍ਹ ਪੰਜਤੂਰ ਪਿਛਲੇ ਲੰਬੇ ਸਮੇਂ ਤੋਂ ਇਸ ਸਹੂਲਤ ਤੋਂ ਤਰਸਿਆਂ ਹੀ ਨਜ਼ਰ ਆਉਂਦਾ ਹੈ। ਜਿਕਰਯੋਗ ਹੈ ਕੇ ਏਥੋ ਦਾ ਆਪਣਾ 128 ਕੇ ਵੀ ਦਾ ਬਿਜਲੀ ਘਰ ਹੈ, ਪਰ ਫਿਰ ਵੀ ਸ਼ਹਿਰ ਨੂੰ 24 ਘੰਟੇ ਬਿਜਲੀ ਸਹੂਲਤ ਤੋਂ ਵਾਂਝਾ ਹੀ ਰੱਖਿਆ ਹੈ।ਇਥੇ ਬਿਜਲੀ ਘਰ ਤੋਂ ਸ਼ਹਿਰ ਨੂੰ ਆਉਣ ਵਾਲੀ ਸਪਲਾਈ ਲਾਈਨ ਸਿੱਧੀ ਆਉਣ ਦੀ ਬਜਾਏ ਖੇਤਾਂ ਵਿੱਚ ਦੀ ਲੰਘ ਕੇ ਆਉਂਦੀ ਹੈ, ਅਤੇ ਉਹ ਵੀ ਬਹੁਤ ਹੀ ਮਾੜੀ ਸਥਿਤੀ ਵਿੱਚ ਹੈ। ਜਿਸ ਕਰਕੇ ਸ਼ਹਿਰ ਨੂੰ ਆਉਂਦੀ ਬਿਜਲੀ ਅਕਸਰ ਹੀ ਕਿਸੇ ਨਾ ਕਿਸੇ ਫਾਲਟ ਦੀ ਵਜ੍ਹਾ ਕਰਕੇ ਬੰਦ ਹੀ ਰਹਿੰਦੀ ਹੈ। ਖਾਸ ਕਰਕੇ ਜਦੋਂ ਕਣਕ ਅਤੇ ਝੋਨੇ ਦੀ ਫਸਲ ਪੱਕਣ ਤੋਂ ਬਾਅਦ ਵੱਢਣ ਅਤੇ ਫੇਰ ਸਾਭ ਸੰਭਾਲ ਤੱਕ ਤਾਂ ਬਿਜਲੀ ਨਾ ਮਾਤਰ ਹੀ ਆਉਂਦੀ ਹੈ। ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਅੱਜ ਸ਼ਹਿਰ ਵਾਸੀ ਅਤੇ,ਦੁਕਾਨਦਾਰ ਅਤੇ ਸਮਾਜ ਸੇਵੀ ਵੱਡੀ ਗਿਣਤੀ ਵਿੱਚ ਬਿਜਲੀ ਘਰ ਰੋਸ ਪ੍ਰਗਟ ਕਰਨ ਪਹੁੰਚੇ ਅਤੇ ਉਹਨਾਂ ਨੇ ਇਸ ਪ੍ਰੇਸ਼ਾਨੀ ਬਾਰੇ ਮੁਲਾਜਮਾਂ ਨੂੰ ਜਾਣੂ ਕਰਵਾ ਰੋਸ ਪ੍ਰਗਟ ਕੀਤਾ ਅਤੇ ਨਾਲ ਹੀ ਮੰਗ ਕੀਤੀ ਕਿ ਸ਼ਹਿਰ ਦੀ ਬਿਜਲੀ ਸਪਲਾਈ ਬਿਜਲੀ ਘਰ ਤੋਂ ਸਿੱਧੀ ਪਾਈ ਜਾਵੇਂ ਨਾ ਕੇ ਖੇਤਾਂ ਵਿੱਚ ਦੀ।ਇਸ ਮੌਕੇ ਤੇ ਜਦੋਂ ਸਬ ਡਵੀਜਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਮੋਗਾ ਨਾਲ ਫੋਨ ਉੱਪਰ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਇਸ ਅਸਟੀਮੇਟ ਲਈ ਉਪਰ ਗੱਲ ਕਰਨ ਲਈ ਐਕਸੀਅਨ ਸਾਬ ਕੋਲ ਪਹੁੰਚੇ ਹਨ।ਇਸ ਸਬੰਧੀ ਅੱਜ ਹੀ ਪੱਤਰ ਲਿਖ ਕੇ ਹੈੱਡ ਆਫਿਸ ਪਟਿਆਲਾ ਤੋਂ ਮੰਗ ਵੀ ਕਰਨਗੇ ਕਿ ਸ਼ਹਿਰ ਦੀ ਸਪਲਾਈ ਜੋ ਕੇ ਦਿਨ ਵੇਲੇ ਪਰਮਿਟ ਉਪਰ ਬੰਦ ਰਹਿੰਦੀ ਹੈ ਉਸ ਸਮੇਂ ਦਾ ਕੋਟਾ ਰਾਤ ਨੂੰ ਦਿੱਤਾ ਜਾ ਸਕੇ ਤਾਂ ਕਿ ਸ਼ਹਿਰ ਵਾਸੀਆਂ ਨੂੰ ਰਾਤ ਦੇ ਬਿਜਲੀ ਕੱਟਾਂ ਤੋਂ ਰਾਹਤ ਦਿੱਤੀ ਜਾ ਸਕੇ।ਇਸ ਮੌਕੇ ਤੇ ਹਾਜ਼ਰ ਬਿਜਲੀ ਵਿਭਾਗ ਦੇ ਮੁਲਾਜਮਾਂ ਸਮੇਤ ਸਬ ਡਵੀਜਨ ਇੰਜੀਨੀਅਰ ਤੇ ਕਾਰਜਕਾਰੀ ਇੰਜੀਨੀਅਰ ਨੇ ਵੀ ਵਿਸ਼ਵਾਸ਼ ਦਵਾਇਆ ਕੇ ਓਹ ਇਸ ਸਮੱਸਿਆਂ ਦਾ ਆਉਣ ਵਾਲੇ 1-2 ਦਿਨ ਵਿੱਚ ਪਹਿਲ ਦੇ ਅਧਾਰ ਤੇ ਬਣਦਾ ਹੱਲ ਕਰਵਾਉਣਗੇ।ਸਮਾਜ ਸੇਵੀ ਨੌਜਵਾਨਾਂ ਭਾਰਤੀ ਕਿਸਾਨ ਯੂਨੀਅਨ ਆਗੂ ਰਵਿੰਦਰ ਗਿੱਲ, ਸਤੀਸ਼ ਬਾਂਸਲ, ਅਰੋੜਾ ਸਭਾ ਦੇ ਪ੍ਰਧਾਨ ਸ਼ਾਮ ਸੁੰਦਰ ਰਿੰਕੂ ਅਤੇ ਗਗਨ ਮੁਖੀਜਾ ਨੇ ਮੰਗ ਕੀਤੀ ਕਿ ਫਤਿਹਗੜ੍ਹ ਪੰਜਤੂਰ ਇਲਾਕੇ ਦੀ ਇੱਕ ਵੱਡੀ ਮਾਰਕੀਟ ਹੋਣ ਕਰਕੇ ਉਹਨਾਂ ਦੇ ਕਈ ਕੰਮਕਾਰ ਬਿਜਲੀ ਨਾ ਆਉਣ ਕਰਕੇ ਪ੍ਰਭਾਵਿਤ ਹੋ ਰਹੇ ਹਨ।ਸ਼ਹਿਰ ਦੀ ਬਿਜਲੀ ਸਪਲਾਈ 24 ਘੰਟੇ ਨਿਰਵਿਘਨ ਯਕੀਨੀ ਬਣਾਉਣ ਲਈ ਬਿਜਲੀ ਵਿਭਾਗ ਸ਼ਹਿਰ ਦੀ ਸਿੱਧੀ ਸਪਲਾਈ ਦਾ ਬਣਦਾ ਅਸਟੀਮੇਟ ਮਨਜੂਰ ਕਰਵਾ ਲੋਕਾਂ ਨੂੰ ਇਸ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਵੇ ਜਿਸ ਨਾਲ ਉਹਨਾਂ ਦੇ ਬੰਦ ਪਏ ਕੰਮਕਾਰ ਵੀ ਨਿਰਵਿਘਨ ਚਲਦੇ ਰਹਿ ਸਕਣ।ਇਸ ਮੌਕੇ ਤੇ ਇਹ ਮਾਮਲਾ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ ਟੀ ਓ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਜਿਹਨਾਂ ਨੇ ਸ਼ਨੀਵਾਰ ਨੂੰ ਮਿਲਣ ਦਾ ਸਮਾਂ ਦਿੱਤਾ ਅਤੇ ਮਾਮਲਾ ਹੱਲ਼ ਕਵਾਉਂਣ ਦਾ ਭਰੋਸਾ ਵੀ ਦਿੱਤਾ।ਬਿਜਲੀ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ, ਨੌਜਵਾਨ, ਦੁਕਾਨਦਾਰ ਅਤੇ ਕਾਰੋਬਾਰੀ ਹਾਜ਼ਰ ਸਨ।