ਫੋਨ ‘ਤੇ ਧਮਕੀਆਂ ਦੇਣ ਵਾਲੀ ਔਰਤ ਪੁਲਿਸ ਨੇ ਕੀਤੀ ਗ੍ਰਿਫਤਾਰ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ

ਸ਼ੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀ ਇਤਰਾਜਯੋਗ ਆਡੀਓ ਕਲਿੱਪ ਵਿਚਲੀ ਔਰਤ ਦੀ ਪੁਲਿਸ ਨੇ ਕੀਤੀ ਇੱਕ ਦਿਨ ਚ ਸ਼ਨਾਖਤ

ਮੋਗਾ, 11 ਮਈ /ਜਗਰਾਜ ਸਿੰਘ ਗਿੱਲ/

ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ ਮੋਗਾ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਪਤਾਨ ਪੁਲਿਸ ਰੁਪਿੰਦਰ ਕੌਰ ਭੱਟੀ ਦੀ ਨਿਗਰਾਨੀ ਹੇਠ ਅਤੇ ਉਪ ਕਪਤਾਨ ਪੁਲਿਸ ਬਾਘਾਪੁਰਾਣਾ ਸ਼ਮਸ਼ੇਰ ਸਿੰਘ ਦੀ ਯੋਗ ਅਗਵਾਈ ਹੇਠ ਐਸ.ਆਈ ਜਤਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਬਾਘਾਪੁਰਾਣਾ ਦੀ ਟੀਮ ਵੱਲੋਂ ਕੱਲ੍ਹ ਮਿਤੀ 10.05.2022 ਨੂੰ ਸੋਸ਼ਲ ਮੀਡੀਆ ਪਰ ਵਾਈਰਲ ਹੋ ਰਹੀ ਇੱਕ ਆਡੀਓ ਦੇ ਸਬੰਧ ਵਿੱਚ ਥਾਣਾ ਬਾਘਾਪੁਰਾਣਾ ਵਿਖੇ ਮੁੱਕਦਮਾ ਦਰਜ ਕੀਤਾ ਗਿਆ ਹੈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਆਡੀਓ ਵਿੱਚ ਇੱਕ ਅੋਰਤ ਵੱਲੋਂ ਇੱਕ ਆਦਮੀ ਨੂੰ ਫੋਨ ਉੱਪਰ ਧਮਕੀਆਂ ਦਿੱਤੀਆ ਜਾ ਰਹੀਆਂ ਸਨ ਕਿ ਉਸਦੇ ਘਰ ਵਿੱਚ ਸ਼ਰੇਆਮ ਨਸ਼ਾ ਵੇਚਣ ਅਤੇ ਪੀਣ ਵਾਲੇ ਵਿਅਕਤੀ ਆਉਣਗੇ ਜੇਕਰ ਕੋਈ ਪਿੰਡ ਦਾ ਵਿਅਕਤੀ ਉਨ੍ਹਾਂ ਨੂੰ ਰੋਕੇਗਾ ਤਾਂ ਉਹ ਉਨ੍ਹਾਂ ਦਾ ਬੁਰਾ ਹਸ਼ਰ ਕਰੇਗੀ। ਉਕਤ ਔਰਤ ਵੱਲੋਂ ਹੋਰ ਵੀ ਕਈ ਧਮਕੀਆਂ ਫੋਨ ਉੱਪਰ ਦਿੱਤੀਆਂ ਗਈਆਂ ਸਨ।

ਉਨ੍ਹਾਂ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਸ਼ਲ ਮੀਡੀਆ ਉੱਪਰ ਤੇਜੀ ਨਾਲ ਵਾਈਰਲ ਹੋ ਰਹੀ ਇਸ ਆਡੀਓ ਦੀ ਪੜਤਾਲ ਕਰਦੇ ਹੋਏ ਥਾਣਾ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਦੀ ਪੁਲਿਸ ਵੱਲੋਂ ਐਨ.ਡੀ.ਪੀ.ਐਸ. ਐਕਟ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਆਡੀਓ ਕਲਿੱਪ ਵਿੱਚ ਧਮਕੀਆਂ ਦੇਣ ਵਾਲੀ ਔਰਤ ਦਾ ਨਾਮ ਵੀਰਪਾਲ ਕੌਰ ਉਰਫ਼ ਵੀਰਾ ਪਤਨੀ ਸਤਪਾਲ ਸਿੰਘ ਸੱਤਾ ਵਾਸੀ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਔਰਤ ਤੋਂ ਇੱਕ ਮੋਬਾਇਲ ਫੋਨ ਮਾਰਕਾ ਵੀਵੋ ਬ੍ਰਾਮਦ ਕੀਤਾ ਗਿਆ ਹੈ। ਵੀਰਪਾਲ ਕੋਰ ਉਰਫ਼ ਵੀਰਾ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਮੁੱਕਦਮਾ ਦੀ ਤਫਤੀਸ਼ ਡੂੰਘਾਈ ਨਾਲ ਜਾਰੀ ਹੈ।

ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਇਸ ਤੋ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਨਸ਼ੇ ਨਾਲ ਪ੍ਰਭਾਵਿਤ ਸਥਾਨਾਂ ਉੱਪਰ 13 ਕਾਰਡਨ ਅਤੇ ਸਰਚ ਆਪ੍ਰੇਸ਼ਨ ਚਲਾਏ ਗਏ ਹਨ।  ਨਸ਼ਾ ਵਿਰੋਧੀ ਮੁਹਿੰਮ ਵਿੱਚ ਨਸ਼ਿਆ ਦੇ ਖਿਲਾਫ਼ 53 ਸੈਮੀਨਾਰ ਅਤੇ ਜਾਗਰੂਕਤਾ ਪ੍ਰੋਗਰਾਮ ਲਗਾਏ ਗਏ। ਮਿਤੀ 01.01.2022 ਤੋ ਲੈ ਕੇ ਹੁਣ ਤੱਕ ਨਸ਼ਾ ਤਸਕਰਾਂ ਵਿਰੁੱਧ 131 ਮੁੱਕਦਮੇ ਦਰਜ ਕੀਤੇ ਜਾ ਚੁੱਕੇ ਹਨ, ਜਿੰਨ੍ਹਾਂ ਵਿੱਚੋਂ 192 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋ ਇਲਾਵਾ ਐਨ.ਡੀ.ਪੀ.ਐਸ ਐਕਟ ਦੇ ਕੇਸਾਂ ਦੇ 13 ਭਗੌੜਿਆਂ ਨੂੰ ਅਤੇ 03 ਪੈਰੋਲ ਜੰਪਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

 

Leave a Reply

Your email address will not be published. Required fields are marked *