ਫਰੀਦਕੋਟ 9 ਦਸੰਬਰ (ਗੁਰਜੀਤ ਰੋਮਾਣਾ) ਅੱਜ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਫਰੀਦਕੋਟ ਤੋਂ ਵਿਧਾਇਕ ਸ:ਕੁਸ਼ਲਦੀਪ ਸਿੰਘ ਢਿੱਲੋਂ ਨੇ ਫਰੀਦਕੋਟ-ਤਲਵੰਡੀ ਸੜਕ ਅਤੇ ਫਰੀਦਕੋਟ- ਬਠਿੰਡਾ ਰੇਲਵੇ ਲਾਈਨ ਤੇ ਬਣੇ ਬਹੁ ਕਰੋੜੀ ਅਤੇ ਬਹੁ ਵੱਕਾਰੀ ਰੇਲਵੇ ਪੁੱਲ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਭੋਗ, ਕੀਰਤਨ ਅਤੇ ਅਰਦਾਸ ਉਪਰੰਤ ਸੰਗਤ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਅਤੇ ਇਹ ਪੁੱਲ ਅੱਜ ਤੋਂ ਆਵਾਜਾਈ ਲਈ ਪੂਰੀ ਤਰ੍ਹਾਂ ਸ਼ੁਰੂ ਹੋ ਗਿਆ ਹੈ। ਇਸ ਮੌਕੇ ਇਲਾਕਾ ਨਿਵਾਸੀਆਂ ਤੇ ਸ਼ਹਿਰ ਵਾਸੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ:ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਭਾਵੇਂ ਇਸ ਪੁੱਲ ਦੇ ਨਿਰਮਾਣ ਕਾਰਜਾਂ ਵਿੱਚ ਵੱਡੀਆਂ ਅੜਚਨਾਂ ਖੜੀਆਂ ਕੀਤੀਆਂ ਗਈਆਂ ਪਰ ਪਰਮਾਤਮਾ ਦੇ ਆਸ਼ੀਰਵਾਦ ਅਤੇ ਸੰਗਤ ਦੇ ਸਹਿਯੋਗ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਵੱਲੋਂ ਦਿੱਤੇ ਗਏ ਸਹਿਯੋਗ ਸਦਕਾ ਇਸ ਪੁੱਲ ਦੀ ਤਾਮੀਰ ਮੁਕੰਮਲ ਹੋਈ ਹੈ । ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖਰੀ ਮਹੀਨੇ ਵਿੱਚ ਇਸ ਪੁੱਲ ਦਾ ਨੀਂਹ ਪੱਥਰ ਤਾਂ ਰੱਖ ਦਿੱਤਾ ਪਰ ਇਸ ਲਈ ਲੋੜੀਂਦੇ ਫੰਡ ਮੁਹੱਈਆ ਨਾ ਕਰਵਾਏ ਜਿਸ ਕਾਰਨ ਇਸ ਦੀ ਉਸਾਰੀ ਸ਼ੁਰੂ ਨਾ ਹੋ ਸਕੀ । ਉਨ੍ਹਾਂ ਕਿਹਾ ਕਿ ਉਹਨਾਂ ਨੇ ਦਿਨ ਰਾਤ ਇਕ ਕਰਕੇ ਇਸ ਵੱਕਾਰੀ ਪ੍ਰੋਜੈਕਟ ਲਈ ਲੋੜੀਂਦੇ ਫੰਡ ਲਿਆਂਦੇ ਅਤੇ ਇਸ ਦੇ ਨਿਰਮਾਣ ਵਿੱਚ ਆਉਣ ਵਾਲੀ ਹਰ ਅੜਚਨ ਨੂੰ ਦੂਰ ਕਰਵਾ ਕੇ ਇਸ ਦੀ ਉਸਾਰੀ ਮੁਕੰਮਲ ਕਰਵਾਈ । ਉਨ੍ਹਾਂ ਕਿਹਾ ਕਿ ਹੁਣ ਜਿੱਥੇ ਫਰੀਦਕੋਟ ਵਾਸੀਆਂ ਦੀ ਆਵਾਜਾਈ ਦੀ ਸਮੱਸਿਆ ਪੱਕੇ ਤੌਰ ਤੇ ਹੱਲ ਹੋਵੇਗੀ ਉੱਥੇ ਹੀ ਵਪਾਰ ਵਿੱਚ ਵੀ ਭਾਰੀ ਵਾਧਾ ਹੋਵੇਗਾ।
ਸ: ਕੁਸ਼ਲਦੀਪ ਸਿੰਘ ਢਿੱਲੋ ਨੇ ਕਿਹਾ ਕਿ ਰੇਲਵੇ ਪੁੱਲ ਤੇ 60 ਕਰੋੜ ਰੁਪਏ ਦੀ ਰਾਸ਼ੀ ਖਰਚ ਆਈ ਹੈ ਜਦ ਕਿ ਫਰੀਦਕੋਟ ਦੇ ਸੀਵਰੇਜ,ਪੀਣ ਵਾਲੇ ਪਾਣੀ, ਸੜਕਾਂ ਆਦਿ ਤੇ 125 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਹ ਕੰਮ ਵੀ 1 ਸਾਲ ਦੇ ਅੰਦਰ ਅੰਦਰ ਮੁਕੰਮਲ ਹੋ ਜਾਵੇਗਾ । ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਦੇ ਸੁੰਦਰੀਕਰਨ ਅਤੇ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਹੋਰ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਸਲਾਹ ਦਿੱਤੀ ਕਿ ਉਹ ਵਿਕਾਸ ਕੰਮਾਂ ਵਿੱਚ ਸਿਆਸੀ ਵਿਰੋਧਤਾ ਛੱਡ ਕੇ ਇਨ੍ਹਾਂ ਵਿਕਾਸ ਕਾਰਜਾਂ ਲਈ ਸਰਕਾਰ ਦਾ ਸਹਿਯੋਗ ਦੇਣ ਤਾਂ ਜੋ ਜਿਲੇ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਜਾ ਸਕੇ । ਉਨ੍ਹਾਂ ਪੁੱਲ ਦੇ ਨਿਰਮਾਣ ਕਾਰਜ ਵਿੱਚ ਲਗੇ ਲੋਕ ਨਿਰਮਾਣ ਵਿਭਾਗ, ਰਾਸ਼ਟਰੀ ਰਾਜ ਮਾਰਗ ਰੇਲਵੇ ਅਤੇ ਬਿਜਲੀ ਬੋਰਡ , ਜਨ ਸਿਹਤ ਸਮੇਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੇ ਕੰਮ ਦੀ ਸਰਾਹਨਾ ਕੀਤੀ, ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਵਿੱਚ ਆਪਣਾ ਵਢਮੁੱਲਾ ਯੋਗਦਾਨ ਪਾਇਆ।