ਮੋਗਾ /ਜਗਰਾਜ ਗਿੱਲ, ਮਨਪ੍ਰੀਤ ਮੋਗਾ/
ਅੱਜ ਮੋਗਾ ਜ਼ਿਲ੍ਹੇ ਦੇ ਪੱਤਰਕਾਰ ਭਾਈਚਾਰੇ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਦੇਰ ਰਾਤ ਇੱਕ ਸੜਕ ਹਾਦਸੇ ਦੌਰਾਨ ਮੋਗਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਨੇ ਆਪਣੀ ਜਾਨ ਗੁਆ ਕੇ ਆਪਣੇ ਚਹੇਤਿਆਂ ਨੂੰ ਸਦਾ ਲਈ ਵਿਛੋੜਾ ਦੇ ਦਿੱਤਾ।
ਜਾਣਕਾਰੀ ਅਨੁਸਾਰ ਬੀਤੀ ਰਾਤ ਤਕਰੀਬਨ ਸਾਢੇ 9 ਵਜੇ ਪੱਤਰਕਾਰ ਜੋਗਿੰਦਰ ਸਿੰਘ ਉਮਰ ਕਰੀਬ 43 ਸਾਲ ਆਪਣੇ ਘਰ ਜਾ ਰਿਹਾ ਸੀ, ਹੋਟਲ ਬਿੱਗ ਬੈਨ ਡਿਪਟੀ ਕਮਿਸ਼ਨਰ ਰਿਹਾਇਸ਼ ਦੇ ਸਾਹਮਣੇ ਜਦੋ ਉਹ ਪੁਲ ਚੜ੍ਹਨ ਲੱਗਾ ਤਾਂ ਕਿਸੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਜੋਗਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਥੋੜੇ ਸਮੇਂ ਬਾਅਦ ਜਦੋ ਪੱਤਰਕਾਰ ਨਿਸ਼ਾਰ ਸੇਠੀ ਉਥੋਂ ਦੀ ਗੁਜ਼ਾਰ ਰਿਹਾ ਸੀ ਨੇ ਜੋਗਿੰਦਰ ਸਿੰਘ ਨੂੰ ਪਛਾਣ ਲਿਆ ਤੇ ਤੁਰੰਤ ਆਪਣੇ ਸਾਥੀ ਨਵਦੀਪ ਮਹੇਸ਼ਰੀ ਨੂੰ ਫੋਨ ਕੀਤਾ ਅਤੇ ਉਹ ਮੌਕੇ ਤੇ ਪਹੁੰਚੇ। ਦੋਵੇਂ ਪੱਤਰਕਾਰਾਂ ਨੇ ਜੋਗਿੰਦਰ ਸਿੰਘ ਨੂੰ ਐਕਟਿਵਾ ਤੇ ਹੀ ਇੱਕ ਨਿਜ਼ੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
ਸ਼ੋਸਲ ਮੀਡੀਆ ‘ਤੇ ਜੋਗਿੰਦਰ ਦੀ ਅਚਾਨਕ ਮੌਤ ਦੀ ਖਬਰ ਨਾਲ ਪੱਤਰਕਾਰ ਭਾਈਚਾਰੇ ‘ਚ ਸੋਗ ਦੀ ਲਹਿਰ ਛਾ ਗਈ ਅਤੇ ਜੋਗਿੰਦਰ ਨੂੰ ਜਾਨਣ ਵਾਲਿਆਂ ਦੇ ਲਗਾਤਾਰ ਸੁਨੇਹੇ ਸ਼ੋਸਲ ਮੀਡੀਆ ‘ਤੇ ਪਾਏ ਜਾ ਰਹੇ ਨੇ। ਜੋਗਿੰਦਰ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।
ਅੱਜ ਉਸ ਦਾ ਸਰਕਾਰੀ ਹਸਪਤਾਲ ਮੋਗਾ ਚ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੋਗਿੰਦਰ ਸਿੰਘ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ ਅਬੋਹਰ ਚ ਕੀਤਾ ਗਿਆ।
ਪੱਤਰਕਾਰ ਭਾਈਚਾਰੇ ਵਲੋਂ ਸਰਕਾਰੀ ਹਸਪਤਾਲ ਚ ਜਿਲ੍ਹਾ ਲੋਕ ਸੰਪਰਕ ਅਫਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਦੀ ਅਗਵਾਈ ਚ ਆਪਣੇ ਪੱਤਰਕਾਰ ਸਾਥੀ ਜੋਗਿੰਦਰ ਸਿੰਘ ਦੇ ਮ੍ਰਿਤਕ ਸਰੀਰ ਤੇ ਲੋਈ ਪਾ ਕੇ ਅੰਤਿਮ ਵਿਦਾਈ ਦਿਤੀ। ਇਸ ਮੌਕੇ ਸਮੂਹ ਅਖਬਾਰਾਂ ਅਤੇ ਚੈਨਲਾਂ ਦੇ ਜ਼ਿਲ੍ਹਾ ਇੰਚਾਰਜ, ਰਾਜੀਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਵੀ ਹਾਜ਼ਰ ਸਨ।