ਪੰਜੀਰੀ
ਗਰਮੀ ਦੇ ਪਿੱਛੋਂ, ਜਦੋਂ ਚੜ੍ਹਦਾ ਸਿਆਲ ਜੀ
ਕਰਦੀ ਸੀ ਗੱਲਾਂ, ਫਿਰ ਬੀਬੀ ਭਾਪੇ ਨਾਲ ਜੀ
ਜਾ ਕੇ ਤੂੰ ਸ਼ਹਿਰੋਂ, ਤੇ ਲਿਆਂ ਕੁੱਝ ਚੀਜਾਂ ਨੂੰ
ਕਰੀਏ ਜਵਾਕਾਂ ਦੀਆਂ, ਪੂਰੀਆਂ ਬਈ ਰੀਝਾਂ ਨੂੰ
ਸੁੱਖ ਨਾਲ ਘਰ ਵਿੱਚ, ਰੱਖਿਆ ਲਵੇਰਾ ਹੈ
ਦੇਸੀ ਘਿਓ ਘਰਦਾ, ਮੈਂ ਜੋੜਿਆ ਬਥੇਰਾ ਹੈ
ਸਾਇਕਲ ‘ਤੇ ਚੜ੍ਹ, ਭਾਪਾ ਸ਼ਹਿਰ ਵੱਲ ਤੁਰਦਾ
ਸਾਰੀਆਂ ਹੀ ਚੀਜਾਂ ਲੈ, ਫਿਰ ਘਰੇ ਮੁੜਦਾ
ਭੰਨ ਕੇ ਬਦਾਮ ਮਾਂ, ਗਿਰੀਆਂ ਨੂੰ ਕੱਢਦੀ
ਹੌਲੀ-ਹੌਲੀ ਆਪਣੇ ਉਹ, ਕੰਮ ਵਿੱਚ ਲੱਗਦੀ
ਮੰਨੇ ਵਿਸਵਾਸ ਨਾਲ, ਰੱਬ ਦੀਆਂ ਓਟਾਂ ਨੂੰ
ਪੋਲੇ-ਪੋਲੇ ਵੇਲਣੇ ਨਾਂ, ਭੰਨੇ ਅਖਰੋਟਾਂ ਨੂੰ
ਕੱਢ ਸਭ ਗਿਰੀਆਂ ਨੂੰ, ਦੌਰੀ ਵਿੱਚ ਕੁੱਟਦੀ
ਥੋੜੇ ਜਿਹੇ ਕਾਜੂ ਵੀ ਸੀ, ਫੇਰ ਵਿੱਚ ਸੁੱਟਦੀ
ਕੁੱਟਦੀ ਸੀ ਫੇਰ ਚਾਰੇ ਮਗਜ ਵੀ ਪਾ ਕੇ
ਸੌਂਫ ਤੇ ਜਵੈਣ, ਕਾਲੀ ਮਿਰਚ ਰਲਾ ਕੇ
ਮੇਥਰੇ ਤੇ ਚਾਸਕੂ ਵੀ, ਥੋੜੇ ਥੋੜੇ ਪਾਉਦੀ ਸੀ
ਦੁਖਦਾ ਨਾ ਲੱਕ, ਤੇ ਕੁੜੱਤਣ ਜਿਹੀ ਆਉਂਦੀ ਸੀ
ਦੋ ਤਿੰਨ ਠੂਠੀਆ ਬਈ ਗਿਰੀ ਦੀਆਂ ਪਾ ਕੇ
ਪਾਉਂਦੀ ਸੀ ਪਰਾਂਤ ਵਿੱਚ, ਚੀਜਾਂ ਨੂੰ ਰਲਾ ਕੇ
ਮਿੱਠੀ ਜਿਹੀ ਹੋ ਜੇ, ਗੁੜ ਸ਼ੱਕਰ ਵੀ ਪਾਉਦੀਂ ਸੀ
ਪਿਆਰ ਨਾਲ ਸਾਰੀਆਂ ਹੀ, ਚੀਜ਼ਾਂ ਨੂੰ ਰਲਾਉਂਦੀ ਸੀ
ਕਰਦੀ ਗਰਮ, ਦੇਸੀ ਘਿਓ ਨੂੰ ਕੜਾਹੀ ਵਿੱਚ
ਰੱਖਦੀ ਖਿਆਲ, ਬੜਾ ਸਾਫ ਤੇ ਸਫਾਈ ਵਿੱਚ
ਲਟ-ਲਟ ਚੁੱਲ੍ਹੇ ਵਿੱਚ, ਅੱਗ ਪਈ ਬਲਦੀ
ਗਿਰੀ ਵਾਲਾ ਜੁੱਟ, ਫਿਰ ਘਿਓ ਵਿੱਚ ਤਲਦੀ
ਪੂਰਾ ਜਦ ਹੋ ਜਾਂਦਾ, ਗਰਮ ਘਿਓ ਸੀ
ਵੇਸਣ ਸੀ ਭੁੱਜਦਾ, ਤੇ ਆਉਂਦੀ ਖੁਸ਼ਬੋ ਸੀ
ਭੁੱਜ-ਭੁੱਜ ਵੇਸਣ ਬਈ , ਹੁੰਦਾ ਜਦੋਂ ਲਾਲ ਸੀ
ਆਉਂਦੀ ਖੁਸ਼ਬੋਈ, ਬੜੀ ਕਰਦੀ ਕਮਾਲ ਸੀ
ਬੁਝਦੀ ਜੇ ਅੱਗ, ਫੂਕਾਂ ਮਾਰ ਕੇ ਮਚਾਉਂਦੀ ਸੀ
ਫਿਰ ਵੀ ਉਹ ਮੱਥੇ ਤੇ, ਤਿੳੇੜੀਆਂ ਨਾ ਪਾਉਦੀ ਸੀ
ਅਸੀਂ ਵੀ ਸੀ ਰਹਿੰਦੇ, ਉਦੋਂ ਚੁੱਲ੍ਹੇ ਕੋਲ਼-ਕੋਲ਼ ਸੀ
ਬਣਦਾ ਏ ਕੀ,ਉਦੋਂ ਥੋੜੇ ਅਨਭੋਲ ਸੀ
ਤਲੀ ਉੱਤੇ ਚੀਜਾਂ, ਬੀਬੀ ਖਾਣ ਨੂੰ ਵੀ ਦਿੰਦੀ ਸੀ
ਨੇੜੇ ਨਹੀਂ ਆਉਣਾ ਦੂਰ ਜਾਣ ਨੂੰ ਵੀ ਕਹਿੰਦੀ ਸੀ
ਭੁੱਜੇ ਹੋਏ ਵੇਸਣ ‘ਚ ਚੀਜਾਂ ਫਿਰ ਪਾ ਕੇ
ਇੱਕ-ਮਿੱਕ ਕਰਦੀ ਸੀ, ਸ਼ੱਕਰ ਰਲ਼ਾ ਕੇ
ਆਲਸ ਤੇ ਸੁਸਤੀ ਵੀ, ਦੂਰ ਭੱਜ ਜਾਂਦੀ ਸੀ
ਸੱਚ ਪੁੱਛੋ ਬੀਬੀ ਦੀ, ਦਿਹਾੜੀ ਲੱਗ ਜਾਂਦੀ ਸੀ
ਅੱਜ ਕੱਲ੍ਹ ਕਿੱਥੇ ਉਹ, ਪੰਜੀਰੀਆ ਨੇ ਰਹਿ ਗਈਆ
ਨਕਲੀ ਨੇ ਚੀਜਾਂ, ਸਾਡੇ ਜੋੜਾਂ ਵਿੱਚ ਬਹਿ ਗਈਆ
ਅੱਜ ਵੀ ਪੰਜ਼ੀਰੀ, ਮੈਂ ਘਰ ‘ਚ ਬਣਾਉਂਦਾ ਹਾਂ
ਬੀਬੀ ਕੋਲੋਂ ਸਿੱਖੀਆਂ ਜੋ, ਚੀਜਾਂ ਸਭ ਪਾਉਦਾ ਹਾਂ
‘ਗੁਲਾਮੀ ਵਾਲੇ’ ਤਾਕਤ, ਮੈਂ ਲਾ ਦਿੰਨਾਂ ਮਨ ਦੀ
ਮਾਂ ਜਿਹੀ ਸਵਾਦ, ‘ਪੰਜ਼ੀਰੀ’ ਨਹੀਂ ਜੇ ਬਣਦੀ
ਬੂਟਾ ਗੁਲਾਮੀ ਵਾਲਾਂ
9417197395