ਜੀਤਾ ਸਿੰਘ ਨਾਰੰਗ, ਜਗਰਾਜ ਸਿੰਘ ਗਿੱਲ
ਮੋਗਾ 24 ਦਸੰਬਰ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਇੱਕ ਬਹੁਤ ਹੀ ਨਿਵੇਕਲੀ ਕਿਸਮ ਦੀ ਸਕੀਮ “ਪੰਜਾਬ ਸਰਕਾਰ, ਹੁਣ ਲੋਕਾਂ ਦੇ ਦੁਆਰ” ਲਿਆਂਦੀ ਗਈ ਹੈ ਜਿਸ ਦੀ ਬਕਾਇਦਾ ਸ਼ੁਰੂਆਤ ਵੀ ਹੋ ਚੁੱਕੀ ਹੈ। ਪਹਿਲਾਂ ਲੋਕਾ ਨੂੰ ਵੱਖ-ਵੱਖ ਦਫਤਰਾਂ ਅਤੇ ਸੁਵਿਧਾ ਕੇਂਦਰਾਂ ਵਿੱਚ ਜਾ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਉਹ ਵੱਡੀ ਪੱਧਰ ਤੇ ਖੱਜਲ ਖੁਆਰ ਹੁੰਦੇ ਸਨ। ਪ੍ਰੰਤੂ ਇਸ ਬਰਬਾਦੀ ਦੇ ਨਾਲ ਨਾਲ ਜਿੱਥੇ ਕਈ ਹੋਰ ਦਿੱਕਤਾਂ ਵਿੱਚੋਂ ਗੁਜਰਨਾ ਪੈਂਦਾ ਸੀ ਉੱਥੇ ਕਈ ਵਿਚੋਲਿਆਂ ਦੇ ਰਾਹੀਂ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ਇਸ ਸਕੀਮ ਦਾ ਵੱਡਾ ਲਾਭ ਇਹ ਹੋਵੇਗਾ ਕਿ ਹੁਣ ਲੋੜਵੰਦਾਂ ਨੂੰ ਵਿਚੋਲਿਆਂ ਤੋਂ ਪੂਰੀ ਤਰ੍ਹਾਂ ਰਾਹਤ ਮਿਲ ਸਕੇਗੀ । ਇਸ ਦੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਜਿਲਾ ਲੋਕ ਸੰਪਰਕ ਅਫਸਰ ਮੋਗਾ ਸ੍ਰੀ ਪ੍ਰਭਦੀਪ ਸਿੰਘ ਨੱਥੋਵਾਲ ਨੇ ਕਿਹਾ ਕਿ ਪਹਿਲਾਂ ਆਪਣੇ ਕੰਮਾਂ ਲਈ ਮਹਿਕਮਿਆਂ ਤੋਂ ਤਰੀਕ ਤੇ ਸਮਾਂ ਲੈਣਾ ਪੈਂਦਾ ਸੀ ਜਦੋਂ ਕਿ ਹੁਣ ਪੰਜਾਬ ਸਰਕਾਰ ਦੀ ਇਸ ਨਿਵੇਕਲੀ ਪਹਿਲ ਨਾਲ ਮਹਿਕਮਾ ਖੁਦ ਲੋਕਾਂ ਕੋਲੋਂ ਤਰੀਕ ਮੰਗਦਾ ਹੈ ਕਿ ਕਿਸ ਦਿਨ ਲੋੜੀਦੇ ਦਸਤਾਵੇਜ ਤਿਆਰ ਕਰਨ ਲਈ ਉਹਨਾਂ ਦੇ ਘਰੇ ਤਸ਼ਰੀਫ ਲਿਆਂਦੀ ਜਾਵੇ। ਇਸ ਬਾਰੇ ਉਹਨਾਂ ਹੋਰ ਦੱਸਦਿਆਂ ਕਿਹਾ ਕਿ ਇਸ ਸਕੀਮ ਅਧੀਨ ਜਨਮ ਸਰਟੀਫਿਕੇਟ , ਪੇਂਡੂ ਸਰਟੀਫਿਕੇਟ , ਇਨਕਮ ਅਤੇ ਜਾਤੀ ਸਰਟੀਫਿਕੇਟ ਅਤੇ ਪੈਨਸ਼ਨਰ ਸਬੰਧੀ ਕੋਈ 34 ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਲੋੜਵੰਦਾਂ ਨੇ ਸਿਰਫ 1076 ਤੇ ਕਾਲ ਹੀ ਕਰਨੀ ਹੈ ਜਿਸ ਤੇ ਅੱਗੋਂ ਫੋਨ ਚੁੱਕਣ ਵਾਲਾ ਤੁਹਾਡੇ ਕੋਲੋਂ ਮੰਗੀ ਗਈ ਸੂਚਨਾ ਅਤੇ ਉਸ ਸਬੰਧੀ ਲੜੀਦੇ ਦਸਤਾਵੇਜ ਅਤੇ 120 ਰੁਪਏ ਡਿਲੀਵਰੀ ਚਾਰਜ ਤਿਆਰ ਰੱਖਣ ਲਈ ਪੂਰੀ ਸੂਚਨਾ ਤੁਹਾਨੂੰ ਦੇਵੇਗਾ ਅਤੇ ਤੁਹਾਡੇ ਕੋਲੋਂ ਉਸ ਤਰੀਕ ਦੀ ਮੰਗ ਵੀ ਕਰੇਗਾ ਜਿਸ ਦਿਨ ਤੁਸੀਂ ਉਹਨਾਂ ਨੂੰ ਘਰ ਮਿਲ ਸਕੋਗੇ। ਇਸ ਸਮੇਂ ਨਥੋਵਾਲ ਜੀ ਨੇ ਕਿਹਾ ਕਿ ਲੋੜਵੰਦਾਂ ਨੂੰ ਇਸ ਸਰਲ ਅਤੇ ਸੌਖੇ ਤਰੀਕੇ ਨਾਲ ਘਰ ਬੈਠਿਆਂ ਮਿਲ ਰਹੀ ਸਹੂਲਤ ਦਾ ਭਰਪੂਰ ਲਾਹਾ ਲੈਣਾ ਚਾਹੀਦਾ ਹੈ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਉਨਾਂ ਲਈ ਲਿਆਂਦੀ ਗਈ ਹੈ।