ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਸਦਕਾ ਸੋਨੀਆ ਨੂੰ ਮਿਲਿਆ ਪਸੰਦੀਦਾ ਰੋਜ਼ਗਾਰ

ਸੋਨੀਆ ਨੇ ਹਰ ਬੇਰੋਜ਼ਗਾਰ ਪ੍ਰਾਰਥੀ ਨੂੰ ਰੋਜ਼ਗਾਰ ਦਫ਼ਤਰ ਵਿੱਚ ਨਾਮ ਦਰਜ ਕਰਵਾਉਣ ਦੀ ਕੀਤੀ ਅਪੀਲ

ਮੋਗਾ, 18 ਦਸੰਬਰ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ) ਚੰਗੇ ਰੋਜ਼ਗਾਰ ਦੀ ਭਾਲ ਕਰ ਰਹੀ ਮੋਗਾ ਜ਼ਿਲ੍ਹਾ ਦੇ ਪਿੰਡ ਤੋਤਾ ਸਿੰਘ ਦੀ ਰਹਿਣ ਵਾਲੀ ਸੋਨੀਆ ਲਈ ਪੰਜਾਬ ਸਰਕਾਰ ਦਾ ‘ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਵਰਦਾਨ ਸਾਬਿਤ ਹੋਇਆ, ਕਿਉਂਕਿ ਇਸ ਮਿਸ਼ਨ ਤਹਿਤ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਮੋਗਾ ਜਰੀਏ ਉਸਨੂੰ ਉਸਦੀ ਪਸੰਦੀਦਾ ਰੋਜ਼ਗਾਰ ਲੈਣ ਵਿੱਚ ਸਫ਼ਲਤਾ ਹਾਸਲ ਹੋਈ। ਸੋਨੀਆ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੇਰੇ ਪਤੀ ਦਾ ਐਕਸੀਡੈਂਟ ਹੋਣ ਕਾਰਨ ਉਹ ਅੰਗਹੀਣ ਹੋ ਗਏ ਸਨ, ਜਿਸ ਕਾਰਨ ਸਾਡੇ ਕੋਲ ਰੋਜ਼ਗਾਰ ਦਾ ਕੋਈ ਵੀ ਸਾਧਨ ਨਹੀਂ ਸੀ ਅਤੇ ਸਾਡਾ ਗੁਜਾਰਾ ਬੜਾ ਔਖਾ ਹੋ ਗਿਆ ਸੀ। ਉਸਨੇ ਦੱਸਿਆ ਕਿ ਮੇਰੇ ਪਤੀ ਜਦੋਂ ਬੇਰੋਜ਼ਗਾਰ ਹੋ ਗਏ ਤਾਂ ਮੈਂ ਆਪਣੇ ਲਈ ਰੋਜ਼ਗਾਰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੈਂ ਵਧੀਆ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਅਸਫ਼ਲ ਰਹੀ।

ਫਿਰ ਜਦ ਮੈਨੂੰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਮੋਗਾ ਬਾਰੇ ਪਤਾ ਲੱਗਾ ਤਾਂ ਮੈਂ ਆਪਣਾ ਨਾਮ ਇਸ ਦਫਤਰ ਵਿੱਚ ਦਰਜ ਕਰਵਾ ਦਿੱਤਾ। ਕੁੱਝ ਦਿਨਾਂ  ਬਾਅਦ ਮੈਨੂੰ ਇਸ ਦਫ਼ਤਰ ਵੱਲੋਂ ਫੋਨ ਆਇਆ ਅਤੇ ਮੈਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਮੈਕਿਨ ਰੈਮੀਡੀਜ਼ ਇੰਡੀਆ ਲਿਮ. ਕੰਪਨੀ ਮੋਗਾ ਵਿੱਚ ਨੌਕਰੀ ਕਰਨਾ ਚਹੁੰਦੇ ਹੋ, ਮੇਰੇ ਹਾਂ ਕਹਿਣ ਤੇ ਉਹਨਾਂ  ਮੇਰੀ ਇੰਟਰਵਿਊ ਇਸ ਕੰਪਨੀ ਵਿਖੇ ਫਿਕਸ ਕਰਵਾਈ। ਕੰਪਨੀ ਨੇ ਮੇਰੀ ਇੰਟਰਵਿਊ ਲੈਣ ਤੋਂ ਬਾਅਦ ਮੈਨੂੰ ਆਫਿਸ ਅਸਿਸਟੈਂਟ ਦੀ ਪੋਸਟ ਲਈ 7500 ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਚੁਣਿਆ। ਮੈਨੂੰ ਇਸ ਕੰਮ ਵਿੱਚ ਦਫ਼ਤਰ ਨੂੰ ਮੈਨੇਜ ਕਰਨ ਦਾ ਪ੍ਰੈਕਟੀਕਲ ਅਨੁਭਵ ਵੀ ਹਾਸਲ ਹੋਇਆ।ਮੈਂ ਇਹ ਨੌਕਰੀ ਕਰਕੇ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੀ ਹਾਂ।

ਮੈਂ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੀ ਰਿਣੀ ਹਾਂ ਜਿਸ ਸਦਕਾ ਮੈਨੂੰ ਵਧੀਆ ਰੋਜ਼ਗਾਰ ਪ੍ਰਾਪਤ ਹੋਇਆ ਅਤੇ ਮੇਰੇ ਘਰ ਦਾ ਗੁਜ਼ਾਰਾ ਵਧੀਆ ਹੋਣ ਲੱਗਾ। ਉਨ੍ਹਾਂ ਕਿਹਾ ਕਿ ਮੈਂ ਸਾਰੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਅਪੀਲ ਕਰਨਾ ਚਹੁੰਦੀ ਹਾਂ ਕਿ  ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਪਸੰਦੀਦਾ ਰੋਜ਼ਗਾਰ ਹਾਸਲ ਕਰਨ ਵਿੱਚ ਸਫ਼ਲ ਹੋਣ।

Leave a Reply

Your email address will not be published. Required fields are marked *