• Thu. Sep 19th, 2024

ਪੰਜਾਬ ਦਾ ਪਹਿਲਾ ‘ਕੇਂਦਰੀ ਵਾਟਰ ਟਰੀਟਮੈਂਟ ਪਲਾਂਟ’ ਲੋਕਾਂ ਨੂੰ ਸਮਰਪਿਤ

ByJagraj Gill

Feb 2, 2021

 

 

– ਪੰਜਾਬ ਸਰਕਾਰ ਹਰੇਕ ਸੂਬਾ ਵਾਸੀ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ – ਰਜ਼ੀਆ ਸੁਲਤਾਨਾ

 

ਪਿੰਡ ਦੌਧਰ (ਮੋਗਾ), 1 ਫਰਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ) – ਜ਼ਿਲ੍ਹਾ ਮੋਗਾ ਦੇ 85 ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਲਗਾਇਆ ਗਿਆ ਪੰਜਾਬ ਦਾ ਪਹਿਲਾ ‘ਕੇਂਦਰੀ ਵਾਟਰ ਟਰੀਟਮੈਂਟ ਪਲਾਂਟ’ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਅੱਜ ਇਸ ਪਲਾਂਟ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਪਿੰਡ ਦੌਧਰ ਵਿਖੇ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰੇਕ ਵਾਸੀ ਨੂੰ ਉਹਨਾਂ ਦੇ ਘਰਾਂ ਤੱਕ ਸ਼ੁੱਧ ਪੀਣ ਵਾਲਾ ਪਾਣੀ, ਸਵੱਛਤਾ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਦੱਸਿਆ ਕਿ ਜ਼ਿਲਾ ਮੋਗਾ ਦੇ 85 ਪਿੰਡਾਂ ਨੂੰ ਪੀਣਯੋਗ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਪੰਜਾਬ ਸਰਕਾਰ ਵੱਲੋਂ 218 ਕਰੋੜ ਰੁਪਏ ਦੀ ਲਾਗਤ ਨਾਲ ਇਹ ਪਲਾਂਟ ਪਿੰਡ ਦੌਧਰ ਵਿਖੇ ਲਗਾਇਆ ਗਿਆ ਹੈ, ਜਿਸ ਦੀ ਸਮਰੱਥਾ ਰੋਜ਼ਾਨਾ 50 ਕਰੋੜ ਲੀਟਰ (50 ਐਮ.ਐਲ.ਡੀ.) ਪਾਣੀ ਸਾਫ਼ ਕਰਨ ਦੀ ਹੈ। ਇਸ ਪੋ੍ਰਜੈਕਟ ਤਹਿਤ ਅਬੋਹਰ ਕੈਨਾਲ ਬਰਾਂਚ ਵਿੱਚੋਂ ਪ੍ਰਤੀ ਸੈਕਿੰਡ 21.52 ਕਿਊਸਿਕ ਪਾਣੀ ਲੈ ਕੇ ਟਰੀਟ ਕੀਤਾ ਜਾਵੇਗਾ, ਜਿਸਨੂੰ ਅੱਗੇ ਜ਼ਮੀਨਦੋਜ਼ ਪਾਈਪਾਂ ਰਾਹੀਂ 85 ਪਿੰਡਾਂ ਦੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ।

ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਇਨਾਂ 85 ਪਿੰਡਾਂ ਦੇ 4.50 ਲੱਖ ਤੋਂ ਵਧੇਰੇ ਲੋਕਾਂ ਨੂੰ 24 ਘੰਟੇ ਸ਼ੁੱਧ ਪੀਣ ਵਾਲਾ ਪਾਣੀ ਘਰਾਂ ਤੱਕ ਮੁਹੱਈਆ ਹੋਵੇਗਾ। ਇਹਨਾਂ 85 ਪਿੰਡਾਂ ਵਿੱਚ ਬਲਾਕ ਮੋਗਾ-1 ਦਾ 1 ਪਿੰਡ, ਬਾਘਾਪੁਰਾਣਾ ਦੇ 47 ਪਿੰਡ ਅਤੇ ਨਿਹਾਲ ਸਿੰਘ ਵਾਲਾ ਦੇ 37 ਪਿੰਡ ਸ਼ਾਮਿਲ ਹਨ। ਇਸ ਪ੍ਰੋਜੈਕਟ ਨੂੰ ਵਿਸ਼ਵ ਦੀ ਪ੍ਰਸਿੱਧ ਨਿਰਮਾਣ ਕੰਪਨੀ ਲਾਰਸਨ ਐਂਡ ਟੁਬਰੋ (ਐੱਲ ਐਂਡ ਟੀ) ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਕੰਪਨੀ ਅਗਲੇ 10 ਸਾਲ ਇਸ ਪ੍ਰੋਜੈਕਟ ਨੂੰ ਚਲਾਉਣ ਅਤੇ ਰੱਖ ਰਖਾਵ ਦੀ ਜਿੰਮੇਵਾਰ ਬਣਾਈ ਗਈ ਹੈ।

 

ਇਸ ਮੌਕੇ ਹਾਜ਼ਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾਰ ਅਤੇ ਵਿਭਾਗ ਦੇ ਮੁਖੀ ਸ਼੍ਰੀ ਅਮਿਤ ਤਲਵਾਰ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਧਰਤੀ ਹੇਠਲਾ ਪਾਣੀ ਕਾਫੀ ਗਰਕ ਗਿਆ ਹੈ ਅਤੇ ਲੋਕਾਂ ਦੇ ਪੀਣ ਲਾਇਕ ਨਹੀਂ ਹੈ। ਇਸ ਇਲਾਕੇ ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਦੇ ਮਨਸ਼ੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਇਹ ਪਲਾਂਟ ਸਥਾਪਤ ਕਰਵਾਇਆ ਗਿਆ ਹੈ। ਲੋਕਾਂ ਦੇ ਘਰਾਂ ਤੱਕ ਇਹ ਪਾਣੀ ਪਹੁੰਚਾਉਣ ਲਈ ਉਕਤ ਪਿੰਡਾਂ ਵਿੱਚ 161 ਪਾਣੀ ਵਾਲੀਆਂ ਟੈਂਕੀਆਂ ਬਣਾਈਆਂ ਗਈਆਂ ਹਨ। ਇਸ ਸਾਰੇ ਇਲਾਕੇ ਨੂੰ ਕਵਰ ਕਰਨ ਲਈ 332 ਕਿਲੋਮੀਟਰ ਲੰਮੀਆਂ ਪਾਈਪਾਂ ਪਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਸ਼੍ਰੀਮਤੀ ਸੁਲਤਾਨਾ ਨੇ ਇਸ ਪਲਾਂਟ ਦਾ ਦੌਰਾ ਕੀਤਾ ਅਤੇ ਤਸੱਲੀ ਪ੍ਰਗਟ ਕੀਤੀ।

 

ਸਮਾਗਮ ਦੀ ਸ਼ੁਰੂਆਤ ਵਿਚ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ। ਸਮਾਗਮ ਨੂੰ ਵਿਧਾੲਿਕ ਸ੍ਰ ਦਰਸ਼ਨ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਕਾਂਗਰਸ ਸ੍ਰ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸ਼੍ਰੀਮਤੀ ਰਾਜਵਿੰਦਰ ਕੌਰ ਭਾਗੀਕੇ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ।

 

ਇਸ ਮੌਕੇ ਲੋਕ ਸਭਾ ਮੈਂਬਰ ਸ਼੍ਰੀ ਮੁਹੰਮਦ ਸਦੀਕ, ਵਿਧਾਇਕ ਸ੍ਰ ਸੁਖਜੀਤ ਸਿੰਘ ਲੋਹਗੜ੍ਹ, ਸਾਬਕਾ ਮੰਤਰੀ ਸ਼੍ਰੀਮਤੀ ਮਾਲਤੀ ਥਾਪਰ, ਜ਼ਿਲ੍ਹਾ ਪੁਲੀਸ ਮੁਖੀ ਸ੍ਰ ਹਰਮਨ ਬੀਰ ਸਿੰਘ ਗਿੱਲ ਹੋਰ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਏ ਵੀਡੀਉ ਕਾਨਫਰੰਸਿੰਗ ਸਮਾਗਮ ਵਿੱਚ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ, ਚੇਅਰਮੈਨ ਸ੍ਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਚੇਅਰਮੈਨ ਸ੍ਰ ਇੰਦਰਜੀਤ ਸਿੰਘ ਬੀੜ੍ਹ ਚੜਿੱਕ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸ੍ਰ ਨਵਦੀਪ ਸਿੰਘ ਤੂਰ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

 

 

 

 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *