– ਜਨਵਰੀ ਮਹੀਨੇ ਤੋਂ ਸ਼ੁਰੂ ਹੋਵੇਗਾ ਟਰਾਇਲ ਰਨ
– ਡਿਪਟੀ ਕਮਿਸ਼ਨਰ ਵੱਲੋਂ ਆਖ਼ਰੀ ਗੇੜ ਦੀਆਂ ਤਿਆਰੀਆਂ ਦਾ ਜਾਇਜ਼ਾ
ਮੋਗਾ, 25 ਦਸੰਬਰ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ) ਜ਼ਿਲਾ ਮੋਗਾ ਦੇ 85 ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਲਗਾਇਆ ਗਿਆ ਪੰਜਾਬ ਦਾ ਪਹਿਲਾ ‘ਕੇਂਦਰੀ ਵਾਟਰ ਟਰੀਟਮੈਂਟ ਪਲਾਂਟ’ ਬਣ ਕੇ ਤਿਆਰ ਹੋ ਗਿਆ ਹੈ, ਜੋ ਕਿ ਜਨਵਰੀ ਮਹੀਨੇ ਲੋਕਾਂ ਨੂੰ ਸਮਰਪਿਤ ਹੋ ਜਾਵੇਗਾ। ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਦੇ ਮੌਕੇ ਉੱਪਰ ਦਿੱਤੇ ਜਾ ਰਹੇ ਤੋਹਫ਼ੇ ਕਰਕੇ ਸਥਾਨਕ ਇਲਾਕਾ ਨਿਵਾਸੀ ਬਹੁਤ ਹੀ ਉਤਸ਼ਾਹਿਤ ਹਨ। ਇਸ ਇਲਾਕੇ ਦੇ ਵਿਕਾਸ ਲਈ ਮੀਲ ਪੱਥਰ ਇਸ ਟਰੀਟਮੈਂਟ ਪਲਾਂਟ ਦਾ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੌਰਾ ਕੀਤਾ ਅਤੇ ਇਸ ਦੇ ਆਖ਼ਰੀ ਗੇੜ ਦੀ ਪ੍ਰਗਤੀ ਕਾਰਜ ਦਾ ਜਾਇਜ਼ਾ ਲਿਆ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਹੰਸ ਨੇ ਦੱਸਿਆ ਕਿ ਜ਼ਿਲਾ ਮੋਗਾ ਦੇ 85 ਪਿੰਡਾਂ ਨੂੰ ਪੀਣਯੋਗ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਪੰਜਾਬ ਸਰਕਾਰ ਵੱਲੋਂ 232.11 ਕਰੋੜ ਰੁਪਏ ਦੀ ਲਾਗਤ ਨਾਲ ਇਹ ਪਲਾਂਟ ਪਿੰਡ ਦੌਧਰ ਵਿਖੇ ਲਗਾਇਆ ਗਿਆ ਹੈ, ਜਿਸ ਦੀ ਸਮਰੱਥਾ ਰੋਜ਼ਾਨਾ 50 ਕਰੋੜ ਲੀਟਰ (50 ਐਮ.ਐਲ.ਡੀ.) ਪਾਣੀ ਸਾਫ਼ ਕਰਨ ਦੀ ਹੈ। ਇਸ ਪੋ੍ਰਜੈਕਟ ਤਹਿਤ ਅਬੋਹਰ ਕੈਨਾਲ ਬਰਾਂਚ ਵਿੱਚੋਂ ਪ੍ਰਤੀ ਸੈਕਿੰਡ 21.52 ਕਿਊਸਿਕ ਪਾਣੀ ਲੈ ਕੇ ਟਰੀਟ ਕੀਤਾ ਜਾਵੇਗਾ, ਜਿਸਨੂੰ ਅੱਗੇ ਜ਼ਮੀਨਦੋਜ਼ ਪਾਈਪਾਂ ਰਾਹੀਂ 85 ਪਿੰਡਾਂ ਦੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਪ੍ਰੋਜੈਕਟ ਦਾ 100 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਹੁਣ ਸਿਰਫ਼ ਇਸ ਦਾ ਸਜਾਵਟੀ ਅਤੇ ਬਾਹਰੀ ਕਾਰਜ ਹੀ ਮੁਕੰਮਲ ਕਰਨ ਵਾਲਾ ਰਹਿੰਦਾ ਹੈ, ਜੋ ਕਿ 31 ਦਸੰਬਰ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ।
ਸ੍ਰੀ ਹੰਸ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਟਰਾਇਲ ਰਨ ਜਨਵਰੀ 2021 ਤੋਂ ਸ਼ੁਰੂ ਕਰਨ ਦਾ ਟੀਚਾ ਹੈ। ਇਹ ਟਰਾਇਲ ਰਨ ਤਿੰਨ ਮਹੀਨੇ ਦਾ ਹੋਵੇਗਾ। ਟਰਾਇਲ ਰਨ ਦੌਰਾਨ ਸਾਹਮਣੇ ਆਉਣ ਵਾਲੀਆਂ ਕਮੀਆਂ ਪੇਸ਼ੀਆਂ ਨੂੰ ਸੁਧਾਰਿਆ ਜਾਵੇਗਾ, ਜਿਸ ਉਪਰੰਤ ਇਸ ਪ੍ਰੋਜੈਕਟ ਨੂੰ ਅਪ੍ਰੈੱਲ 2021 ਵਿੱਚ ਲੋਕਾਂ ਲਈ ਰਸਮੀ ਤੌਰ ’ਤੇ ਸਮਰਪਿਤ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਇਨਾਂ 85 ਪਿੰਡਾਂ ਦੇ 4.50 ਲੱਖ ਤੋਂ ਵਧੇਰੇ ਲੋਕਾਂ ਨੂੰ 24 ਘੰਟੇ ਸ਼ੁੱਧ ਪੀਣ ਵਾਲਾ ਪਾਣੀ ਘਰਾਂ ਤੱਕ ਮੁਹੱਈਆ ਹੋਵੇਗਾ। ਇਹਨਾਂ 85 ਪਿੰਡਾਂ ਵਿੱਚ ਬਲਾਕ ਮੋਗਾ-1 ਦਾ 1 ਪਿੰਡ, ਬਾਘਾਪੁਰਾਣਾ ਦੇ 47 ਪਿੰਡ ਅਤੇ ਨਿਹਾਲ ਸਿੰਘ ਵਾਲਾ ਦੇ 37 ਪਿੰਡ ਸ਼ਾਮਿਲ ਹਨ। ਇਸ ਪ੍ਰੋਜੈਕਟ ਨੂੰ ਵਿਸ਼ਵ ਦੀ ਪ੍ਰਸਿੱਧ ਨਿਰਮਾਣ ਕੰਪਨੀ ਲਾਰਸਨ ਐਂਡ ਟੁਬਰੋ (ਐੱਲ ਐਂਡ ਟੀ) ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਕੰਪਨੀ ਅਗਲੇ 10 ਸਾਲ ਇਸ ਪ੍ਰੋਜੈਕਟ ਨੂੰ ਚਲਾਉਣ ਅਤੇ ਰੱਖ ਰਖਾਵ ਦੀ ਜਿੰਮੇਵਾਰ ਬਣਾਈ ਗਈ ਹੈ।
ਇਸ ਮੌਕੇ ਹਾਜ਼ਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਸ੍ਰੀ ਕਾਰਤਿਕ ਜਿੰਦਲ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਧਰਤੀ ਹੇਠਲਾ ਪਾਣੀ ਕਾਫੀ ਗਰਕ ਗਿਆ ਹੈ ਅਤੇ ਲੋਕਾਂ ਦੇ ਪੀਣ ਲਾਇਕ ਨਹੀਂ ਹੈ। ਇਸ ਇਲਾਕੇ ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਦੇ ਮਨਸ਼ੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਇਹ ਪਲਾਂਟ ਸਥਾਪਤ ਕਰਵਾਇਆ ਗਿਆ ਹੈ। ਲੋਕਾਂ ਦੇ ਘਰਾਂ ਤੱਕ ਇਹ ਪਾਣੀ ਪਹੁੰਚਾਉਣ ਲਈ ਉਕਤ ਪਿੰਡਾਂ ਵਿੱਚ 161 ਪਾਣੀ ਵਾਲੀਆਂ ਟੈਂਕੀਆਂ ਬਣਾਈਆਂ ਗਈਆਂ ਹਨ। ਇਸ ਸਾਰੇ ਇਲਾਕੇ ਨੂੰ ਕਵਰ ਕਰਨ ਲਈ 332 ਕਿਲੋਮੀਟਰ ਲੰਮੀਆਂ ਪਾਈਪਾਂ ਪਾਈਆਂ ਗਈਆਂ ਹਨ। ਇਸ ਮੌਕੇ ਕੰਪਨੀ ਦੇ ਅਧਿਕਾਰੀ ਸ੍ਰੀ ਨਵਦੀਪ ਕੁਮਾਰ ਸ਼ਰਮਾ, ਜ਼ਿਲਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲਾ ਵਿਕਾਸ ਫੈਲੋ ਸ੍ਰੀ ਰਵੀ ਤੇਜਾ ਅਤੇ ਹੋਰ ਵੀ ਹਾਜ਼ਰ ਸਨ।