ਮੋਗਾ 12 ਅਕਤੂਬਰ ( ਜਗਰਾਜ ਲੋਹਾਰਾ/ ਮਿੰਟੂ ਖੁਰਮੀ ) ਅਨੁਸੂਚਿਤ ਜਾਤੀਆਂ ਕਾਰਪੋਰੇਸ਼ਨ ਦੇ ਚੇਅਰਮੈਨ ਮੋਹਣ ਲਾਲ ਸੂਦ ਅਤੇ ਕਾਰਜਕਾਰੀ ਡਾਇਰੈਕਟਰ ਦਵਿੰਦਰ ਸਿੰਘ ਆਈ.ਏ.ਐਸ. ਦੇ ਆਦੇਸ਼ਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਦੇ ਮੌਕੇ ਤੇ ਮੋਗਾ ਜ਼ਿਲਾ ਦੇ ਸਵੈ ਰੋਜ਼ਗਾਰ ਦੇ ਚਾਹਵਾਨ ਨੌਜਵਾਨਾਂ ਨੂੰ 74 ਲੱਖ ਰੁਪਏ ਦੇ ਕਰਜੇ ਮਨਜੂਰ ਕੀਤੇ ਗਏ। ਇਹ ਫੈਸਲਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ਼ ਚੰਦਰ ਨੇ ਅਨੁਸੂਚਿਤ ਜਾਤੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੀ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਮੈਨੇਜਰ ਐਸ.ਸੀ. ਕਾਰਪੋਰੇਸ਼ਨ ਹੁਕਮ ਚੰਦ ਅਗਰਵਾਲ, ਜ਼ਿਲਾ ਭਲਾਈ ਅਫ਼ਸਰ ਸ. ਹਰਪਾਲ ਸਿੰਘ ਗਿੱਲ, ਉਪ ਅਰਥ ਅਤੇ ਅੰਕੜਾ ਸਲਾਹਕਾਰ, ਲੀਡ ਬੈਕ ਅਫ਼ਸਰ ਸ. ਬਜਰੰਗੀ ਸਿੰਘ, ਐਨ.ਜੀ.ਓ. ਐਸ.ਕੇ. ਬਾਂਸਲ ਸ਼ਾਮਿਲ ਹੋਏ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ ਕਿ ਡੇਅਰੀ ਫਾਰਮਿੰਗ, ਸ਼ਟਰਿੰਗ, ਕਰਿਆਨਾ ਦੁਕਾਨ, ਬੂਟੀਕ, ਹਲਵਾਈ ਦੀ ਦੁਕਾਨ, ਸੈਨਟਰੀ ਸਟੋਰ ਆਦਿ ਲਈ 44 ਲੱਖ ਰੁਪਏ ਅਤੇ ਬੈਕ ਟਾਈਅਪ ਸਕੀਮ ਅਧੀਨ 30 ਲੱਖ ਰੁਪਏ ਬੈਕ ਕਰਜਿਆਂ ਨੂੰ ਮਨਜੂਰੀ ਦਿੱਤੀ ਗਈ ਅਤੇ 3.40 ਲੱਖ ਰੁਪਏ ਦੀ ਸਬਸਿਡੀ ਲਈ ਕਰਜ਼ਾ ਕੇਸ ਵੀ ਪਾਸ ਕੀਤੇ ਗਏ। ਜ਼ਿਲ੍ਹਾ ਮੈਨੇਜਰ ਐਸ.ਸੀ. ਕਾਰਪੋਰੇਸ਼ਨ ਹੁਕਮ ਚੰਦ ਅਗਰਵਾਲ ਵੱਲੋ ਦੱਸਿਆ ਗਿਆ ਕਿ ਇਸ ਦਫ਼ਤਰ ਵੱਲੋ ਅਨੁਸੂਚਿਤ ਜਾਤੀ ਅਤੇ ਅਪੰਗ ਵਿਅਕਤੀਆਂ ਲਈ ਸਿੱਧੇ ਤੌਰ ਅਤੇ ਬੈਕ ਟਾਈਅਪ ਸਕੀਮ ਅਧੀਨ ਸਵੈ ਰੋਜ਼ਗਾਰ ਲਈ ਕਰਜ਼ੇ, ਜੋ ਕਿ ਬਹੁਤ ਹੀ ਘੱਟ ਵਿਆਜ਼ 6 ਫੀਸਦੀ ਤੋ ਲੈ ਕੇ 8 ਫੀਸਦੀ ਤੱਕ ਸਲਾਨਾ ਦਰ ਦੇ ਦਿੱਤੇ ਜਾਂਦੇ ਹਨ ਤਾਂ ਜੋ ਲੋੜਵੰਦ ਵਿਅਕਤੀ ਸਵੈ ਰੋਜ਼ਗਾਰ ਲਈ ਆਪਣੇ ਪੈਰਾ ਤੇ ਖੜ੍ਹੇ ਹੋ ਸਕਣ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਸਹਾਇਤ ਪ੍ਰਾਪਤ ਕਰਨ ਲਈ ਲੋੜਵੰਦ ਵਿਅਕਤੀ ਐਸ.ਸੀ. ਕਾਰਪੋਰੇਸ਼ਨ ਦੇ ਦਫ਼ਤਰ ਜੋ ਕਿ ਡਾ. ਬੀ.ਆਰ. ਅੰਬੇਦਕਰ ਭਵਨ ਵਿਖੇ ਸਥਿਤ ਹੈ ਨਾਲ ਸੰਪਰਕ ਕਰ ਸਕਦੇ ਹਨ।