• Sun. Nov 24th, 2024

ਪੰਚਾਇਤਾਂ, ਸਹਿਕਾਰੀ ਸਭਾਵਾਂ ਅਤੇ ਐਫ.ਪੀ.ਓ. ਨੂੰ ਖੇਤੀਬਾੜੀ ਮਸ਼ੀਨਰੀ ਸਬਸਿਡੀ ਤੇ ਲੈਣ ਲਈ ਦਿੱਤਾ ਇੱਕ ਹੋਰ ਮੌਕਾ

ByJagraj Gill

Aug 3, 2021

5 ਅਗਸਤ ਤੱਕ ਪੋਰਟਲ ਜਰੀਏ ਦਿੱਤੀਆਂ ਜਾ ਸਕਦੀਆਂ ਹਨ ਅਰਜ਼ੀਆਂ-ਮੁੱਖ ਖੇਤੀਬਾੜੀ ਅਫ਼ਸਰ

ਅਰਜ਼ੀ ਦੇ ਚੁੱਕੇ ਕਿਸਾਨ ਆਪਣੇ ਟਰੈਕਟਰਾਂ ਦੀ ਜਾਣਕਾਰੀ ਵੀ ਕਰਨ ਅੱਪਲੋਡ-ਡਾ. ਬਲਵਿੰਦਰ ਸਿੰਘ

 

ਮੋਗਾ, 3 ਅਗਸਤ

(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)

ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੀ ”ਕਾਮਯਾਬ ਕਿਸਾਨ-ਖੁਸ਼ਹਾਲ ਪੰਜਾਬ” ਸਕੀਮ ਤਹਿਤ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀਬਾੜੀ ਸੰਦਾਂ ਉੱਪਰ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਕੀਮ ਦਾ ਮੁੱਖ ਮੰਤਵ ਆਧੁਨਿਕ ਵਾਤਾਵਰਨ ਪੱਖੀ ਖੇਤੀਬਾੜੀ ਉਪਰਕਣਾਂ ਦੁਆਰਾ ਵਾਤਾਵਰਨ ਨੂੰ ਹਵਾ ਪ੍ਰਦੂਸ਼ਣ ਤੋਂ ਬਚਾਉਣਾ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਹੋਣ ਵਾਲੇ ਪੌਸ਼ਟਿਕ ਤੱਤਾਂ ਅਤੇ ਮਿੱਟੀ ਦੇ ਸੂਖਮ ਜੀਵ ਜੰਤੂਆਂ ਨੂੰ ਖਤਮ ਹੋਣ ਤੋਂ ਰੋਕਣਾ ਹੈ। ਇਨ੍ਹਾਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਦੁਆਰਾ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਹੁਤ ਹੀ ਘੱਟ ਖਰਚੇ ਵਿੱਚ ਮਿੱਟੀ ਵਿੱਚ ਹੀ ਮਿਲਾਇਆ ਜਾ ਸਕਦਾ ਹੈ।  

 

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਪੰਚਾਇਤਾਂ, ਸਹਿਕਾਰੀ ਸਭਾਵਾਂ ਅਤੇ ਐਫ.ਪੀ.ਓ. ਨੂੰ ਪਰਾਲੀ ਦੀ ਸੰਭਾਲ ਲਈ ਖੇਤੀਬਾੜੀ ਮਸ਼ੀਨਰੀ ਸਬਸਿਡੀ ਉੱਪਰ ਲੈਣ ਲਈ ਇੱਕ ਹੋਰ ਮੌਕਾ ਦੇ ਦਿੱਤਾ ਹੈ। ਇਸ ਤਹਿਤ ਜਿਹੜੀਆਂ ਪੰਚਾਇਤਾਂ, ਸਹਿਕਾਰੀ ਸਭਾਵਾਂ ਅਤੇ ਐਫ.ਪੀ.ਓ. ਪਰਾਲੀ ਦੀ ਸੰਭਾਲ ਲਈ ਖੇਤੀਬਾੜੀ ਮਸ਼ੀਨਰੀ ਨੂੰ ਸਬਸਿਡੀ ਤੇ ਲੈਣ ਦੀ ਇੱਛਾ ਰੱਖਦੀਆਂ ਹਨ ਉਹ ਮਿਤੀ 5 ਅਗਸਤ, 2021 ਤੱਕ ਵਿਭਾਗ ਦੇ agrimachinerypb.com ਪੋਰਟਲ ਰਾਹੀਂ ਅਰਜ਼ੀਆਂ ਦੇ ਸਕਦੀਆਂ ਹਨ।

 

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨ ਅਤੇ ਕਿਸਾਨ ਗਰੁੱਪ ਜਿੰਨ੍ਹਾਂ ਨੇ ਅਜਿਹੀ ਮਸ਼ੀਨਰੀ ਸਬਸਿਡੀ ਤੇ ਲੈਣ ਲਈ ਪੋਰਟਲ ਜਰੀਏ ਅਰਜ਼ੀ ਦਿੱਤੀ ਹੈ ਉਹ ਆਪਣੇ ਆਈ.ਡੀ. ਪਾਸਵਰਡ ਰਾਹੀਂ ਉਨ੍ਹਾਂ ਕੋਲ ਉਪਲੱਬਧ ਟਰੈਕਟਰ ਬਾਰੇ ਸੂਚਨਾ ਜਿਵੇਂ ਕਿ ਟਰੈਕਟਰ ਦਾ ਮਾਰਕਾ, ਮਾਡਲ ਅਤੇ ਹਾਰਸ ਪਾਵਰ ਪੋਰਟਲ ਤੇ ਅਪਲੋਡ ਕਰਨ ਦੀ ਖੇਚਲ ਕਰਨ।

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ 98789-03224 ਉੱਪਰ ਸੰਪਰਕ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੀਆਂ ਪੰਚਾਇਤਾਂ, ਸਹਿਕਾਰੀ ਸਭਾਵਾਂ ਅਤੇ ਐਫ.ਪੀ.ਓ. ਨੂੰ ਇਸ ਸਕੀਮ ਦਾ ਜਰੂਰ ਲਾਹਾ ਲੈਣਾ ਚਾਹੀਦਾ ਹੈ। 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *